ਕੈਪਟਨ ਅਮਰਿੰਦਰ ਸਿੰਘ ਅਤੇ ਮਨਪ੍ਰੀਤ ਬਾਦਲ ਦੇ ਹੱਥ ਹੋਵੇਗੀ ਕਮਾਨ ?
ਪਰਨੀਤ ਬਰਾੜ
ਕਾਰਜਕਾਰੀ ਸੰਪਾਦਕ —
ਜਲੰਧਰ, 6 ਮਈ – ਲੋਕ ਸਭਾ ਦੀਆਂ ਆਮ ਚੋਣਾਂ ਦੇ 16 ਮਈ ਨੂੰ ਨਤੀਜੇ ਆਉਣ ਤੋਂ ਬਾਅਦ ਪੰਜਾਬ ਕਾਂਗਰਸ ਦੀ ਲੀਡਰਸ਼ਿਪ ਵਿੱਚ ਵੱਡੀ ਤਬਦੀਲੀ ਆਉਣ ਦੇ ਪੱਕੇ ਆਸਾਰ ਹਨ। ਪੰਜਾਬ ਵਿੱਚ ਕਾਂਗਰਸ ਲਈ ਚੋਣ ਨਤੀਜੇ ਭਾਵੇਂ ਕੁੱਝ ਵੀ ਹੋਣ ਇਹ ਤਬਦੀਲੀ ਹਰ ਹਾਲ ਹੋਵੇਗੀ। ਕਾਂਗਰਸ ਦੀ ਕੌਮੀ ਲੀਡਰਸ਼ਿਪ ਨੇ ਇਸ ਸਬੰਧੀ ਇਕ ਵਿਆਪਕ ਯੋਜਨਾ ਉਲੀਕੀ ਹੈ, ਜਿਸ ਤਹਿਤ ਸੂਬਾ ਕਾਂਗਰਸ ਦੀ ਪ੍ਰਧਾਨਗੀ ਸ. ਪ੍ਰਤਾਪ ਸਿੰਘ ਬਾਜਵਾ ਦੀ ਥਾਂ ਕਿਸੇ ਨਵੇਂ ਆਗੂ ਦੇ ਕੋਲ ਹੋਵੇਗੀ। ਸ. ਬਾਜਵਾ ਲੋਕ ਸਭਾ ਚੋਣਾਂ ਵਿੱਚ ਗੁਰਦਾਸਪੁਰ ਤੋਂ ਆਪਣੀ ਕਿਸਮਤ ਅਜਮਾਂ ਰਹੇ ਹਨ। ਬੇਸ਼ਕ ਪੰਜਾਬ ਕਾਂਗਰਸ ਲੋਕ ਸਭਾ ਚੋਣਾਂ ਵਿੱਚ ਚੰਗੀ ਕਾਰਗੁਜਾਰੀ ਦੀ ਆਸ ਲਗਾਈ ਬੈਠੀ ਹੈ ਪ੍ਰੰਤੂ ਇਸ ਦਾ ਪਾਰਟੀ ਦੀ ਸੂਬਾਈ ਲੀਡਰਸ਼ਿਪ ਵਿੱਚ ਤਬਦੀਲੀ ਨਾਲ ਕੋਈ ਰਿਸ਼ਤਾ ਨਹੀਂ ਹੈ
। ਕਾਂਗਰਸ ਦੇ ਬਹੁਤੇ ਨੇਤਾ ਇਹ ਸੋਚਦੇ ਹਨ ਕਿ ਲੋਕ ਸਭਾ ਚੋਣਾਂ ਵਿੱਚ ਬੇਹਤਰ ਕਾਰਗੁਜਾਰੀ ਦਾ ਸਾਰਾ ਸ਼ੇਹਰਾ ਸ. ਬਾਜਵਾ ਨੂੰ ਨਹੀਂ ਦਿੱਤਾ ਜਾ ਸਕਦਾ। ਇਸ ਸਮੇਂ ਕੈਪਟਨ ਅਮਰਿੰਦਰ ਸਿੰਘ, ਸ. ਮਨਪ੍ਰੀਤ ਸਿੰਘ ਬਾਦਲ, ਸ੍ਰੀ ਸੁਨੀਲ ਕੁਮਾਰ ਜਾਖੜ ਅਤੇ ਮਹਰੂਮ ਸ. ਬੇਅੰਤ ਸਿੰਘ ਦੇ ਪਰਿਵਾਰ ਨੇ ਪੰਜਾਬ ਕਾਂਗਰਸ ਵਿੱਚ ਬਰਾਬਰ ਅਹਿਮੀਅਤ ਹਾਸਿਲ ਕਰ ਲਈ ਹੈ ਲੋਕ ਸਭਾ ਚੋਣਾਂ ਵਿੱਚ ਇਨ੍ਹਾਂ ਸਾਰੀਆਂ ਧਿਰਾਂ ਵੱਲੋਂ ਕਾਫੀ ਮੁਸ਼ਕਤ ਕੀਤੀ ਗਈ ਹੈ। ਕਾਂਗਰਸ ਦੇ ਅੰਦਰੂਨੀ ਹਲਕਿਆਂ ਦਾ ਕਹਿਣਾ ਹੈ ਕਿ ਸ. ਮਨਪ੍ਰੀਤ ਸਿੰਘ ਬਾਦਲ ਅਤੇ ਕੈਪਟਨ ਅਮਰਿੰਦਰ ਸਿੰਘ ਦੇ ਮੈਦਾਨ ਵਿੱਚ ਉਤਰਣ ਤੋਂ ਬਾਅਦ ਹੀ ਪੰਜਾਬ ਵਿੱਚ ਕਾਂਗਰਸ, ਅਕਾਲੀ-ਭਾਜਪਾ ਗਠਜੋੜ ਦਾ ਮੁਕਾਬਲਾ ਕਰਨ ਦੇ ਸਮੱਰਥ ਹੋ ਸਕੀ ਹੈ। ਇਸ ਹਾਲਾਤ ’ਚ ਪੰਜਾਬ ਅੰਦਰ ਕਾਂਗਰਸ ਦੀ ਬੇਹਤਰ ਕਾਰਗੁਜਾਰੀ ਦਾ ਸਭ ਤੋਂ ਵੱਧ ਲਾਹਾ ਵੀ ਮਨਪ੍ਰਤ ਅਤੇ ਕੈਪਟਨ ਨੂੰ ਮਿਲੇਗਾ। ਦੱਸਿਆ ਜਾਂਦਾ ਹੈ ਕਿ ਕਾਂਗਰਸ ਦੇ ਕੌਮੀ ਮੀਤ ਪ੍ਰਧਾਨ ਸ੍ਰੀ ਰਾਹੁਲ ਗਾਂਧੀ ਅਤੇ ਉਨ੍ਹਾਂ ਦੇ ਸਾਥੀ ਚਾਹੁੰਦੇ ਹਨ ਕਿ ਸ. ਮਨਪ੍ਰੀਤ ਸਿੰਘ ਬਾਦਲ ਅਤੇ ਕੈਪਟਨ ਅਮਰਿੰਦਰ ਸਿੰਘ ਮਿਲ ਕੇ ਪੰਜਾਬ ਕਾਂਗਰਸ ਨੂੰ ਸੰਭਾਲਣ। ਇਸ ਮੱਕਸਦ ਲਈ ਇੱਕ ਫਾਰਮੂਲਾ ਵੀ ਤਿਆਰ ਕੀਤਾ ਗਿਆ ਦੱਸਿਆ ਜਾਂਦਾ ਹੈ। ਇਸ ਫਾਰਮੂਲੇ ਤਹਿਤ ਲੋਕ ਸਭਾ ਚੋਣਾਂ ਦੇ ਨਤੀਜਿਆਂ ਤੋਂ ਫੌਰਨ ਬਾਅਦ ਸ. ਮਨਪ੍ਰੀਤ ਸਿੰਘ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਾਇਆ ਜਾਵੇਗਾ। ਇਹ ਨਿਯੁਕਤੀ ਤੱਦ ਵੀ ਕੀਤੀ ਜਾਵੇਗੀ ਜੋਕਰ ਉਹ ਬਠਿੰਡਾ ਤੋਂ ਚੋਣ ਹਾਰ ਜਾਂਦੇ ਹੈ। ਕੈਪਟਨ ਅਮਰਿੰਦਰ ਸਿੰਘ ਨੂੰ ਪੰਜਾਬ ਦੇ ਮੁੱਖ ਮੰਤਰੀ ਵੱਜੋ ਪੇਸ਼ ਕੀਤਾ ਜਾਵੇਗਾ।