ਵਿਧਾਨ ਸਭਾ ‘ਚ ਕੁਮਾਰ ਸਵਾਮੀ ਨੇ ਬਹੁਮਤ ਸਾਬਤ ਕਰਨ ਦੇ ਲਈ ਮੰਗਿਆ ਸਮਾਂ
ਨਵੀਂ ਦਿੱਲੀ, 12 ਜੁਲਾਈ- ਕਰਨਾਟਕ ‘ਚ ਕਾਂਗਰਸ-ਜੇ. ਡੀ. ਐੱਸ. ਸਰਕਾਰ ‘ਤੇ ਛਾਇਆ ਸਿਆਸੀ ਸੰਕਟ ਹਟਣ ਦਾ ਨਾਂਅ ਨਹੀਂ ਲੈ ਰਿਹਾ ਹੈ। ਬਾਗ਼ੀ ਵਿਧਾਇਕਾਂ ਦੀ ਅਰਜ਼ੀ ‘ਤੇ ਸੁਣਵਾਈ ਕਰਦਿਆਂ ਅੱਜ ਸੁਪਰੀਮ ਕੋਰਟ ਨੇ ਦੋਹਾਂ ਪੱਖਾਂ ਦੀ ਦਲੀਲ ਸੁਣਨ ਤੋਂ ਬਾਅਦ ਹੁਣ 16 ਜੁਲਾਈ ਭਾਵ ਕਿ ਮੰਗਲਵਾਰ ਨੂੰ ਫਿਰ ਸੁਣਵਾਈ ਕਰਨ ਦੀ ਗੱਲ ਆਖੀ ਹੈ। ਭਾਵ ਕਿ ਮੰਗਲਵਾਰ ਤੱਕ ਸਪੀਕਰ ਰਮੇਸ਼ ਕੁਮਾਰ ਅਸਤੀਫ਼ਾ ਦੇਣ ਵਾਲੇ ਵਿਧਾਇਕਾਂ ‘ਤੇ ਕੋਈ ਫ਼ੈਸਲਾ ਨਹੀਂ ਲੈ ਸਕਣਗੇ। ਅਦਾਲਤ ਦੇ ਫ਼ੈਸਲੇ ਮੁਤਾਬਿਕ ਮੰਗਲਵਾਰ ਤੱਕ ਸੂਬੇ ‘ਚ ਸਿਆਸੀ ਹਾਲਾਤ ਜਿਉਂ ਦੇ ਤਿਉਂ ਬਣੇ ਰਹਿਣਗੇ। ਸੁਪਰੀਮ ਕੋਰਟ ਨੇ ਕਰਨਾਟਕ ਸੰਕਟ ਦੇ ਸਿਲਸਲੇ ‘ਚ ਦਾਖ਼ਲ ਤਿੰਨ ਪਟੀਸ਼ਨਾਂ ‘ਤੇ ਇਕੱਠਿਆ ਸੁਣਵਾਈ ਕੀਤੀ। ਅਦਾਲਤ ਨੇ ਤਿੰਨਾਂ ਪਟੀਸ਼ਨਾਂ ‘ਤੇ ਯਥਾਸਥਿਤੀ ਬਣਾਈ ਰੱਖਣ ਦੇ ਹੁਕਮ ਦਿੱਤੇ, ਨਾਲ ਹੀ ਕਰਨਾਟਕ ਵਿਧਾਨ ਸਭਾ ਸਪੀਕਰ ਨੂੰ ਬਾਗ਼ੀ ਵਿਧਾਇਕਾਂ ਦੇ ਅਸਤੀਫ਼ਿਆਂ ‘ਤੇ ਫ਼ੈਸਲਾ ਲੈਣ ਲਈ ਮੰਗਲਵਾਰ ਤਕ ਦਾ ਸਮਾਂ ਦਿੱਤਾ ਹੈ। ਅਦਾਲਤ ਦੇ ਆਦੇਸ਼ ‘ਚ ਸਾਫ਼ ਹੈ ਕਿ ਵਿਧਾਨ ਸਭਾ ਸਪੀਕਰ ਨਾ ਤਾਂ ਬਾਗ਼ੀ ਵਿਧਾਇਕਾਂ ਦੇ ਅਸਤੀਫ਼ੇ ਲਵੇਗਾ ਅਤੇ ਨਾ ਹੀ ਉਨ੍ਹਾਂ ਨੂੰ ਅਯੋਗ ਕਰਾਰ ਦੇ ਸਕੇਗਾ। ਇਸ ਦੌਰਾਨ ਹੀ ਕਰਨਾਟਕ ਵਿਧਾਨ ਸਭਾ ਦਾ ਸੈਸ਼ਨ ਸ਼ੁਰੂ ਹੋ ਗਿਆ ਹੈ। ਇਸ ਤੋਂ ਪਹਿਲਾਂ ਸੁਪਰੀਮ ਕੋਰਟ ਦੇ ਆਦੇਸ਼ ਤੋਂ ਬਾਅਦ ਕਰਨਾਟਕ ਦੇ ਬਾਗ਼ੀ ਵਿਧਾਇਕ ਵੀਰਵਾਰ ਨੂੰ ਵਿਧਾਨ ਸਭਾ ਦੇ ਸਪੀਕਰ ਕੇ.ਆਰ. ਰਮੇਸ਼ ਕੁਮਾਰ ਸਾਹਮਣੇ ਪੇਸ਼ ਹੋਏ। ਰਮੇਸ਼ ਕੁਮਾਰ ਨੇ ਦੱਸਿਆ ਕਿ ਵਿਧਾਇਕਾਂ ਦੇ ਅਸਤੀਫ਼ੇ ਨਿਰਧਾਰਿਤ ਫਾਰਮੈਟ ‘ਚ ਨਹੀਂ ਸਨ, ਇਹ ਹੁਣ ਠੀਕ ਫਾਰਮੈਟ ‘ਚ ਪ੍ਰਾਪਤ ਹੋ ਗਏ ਹਨ। ਉਹ ਇਸ ਦੀ ਪੜਤਾਲ ਕਰਨਗੇ ਕਿ ਅਸਤੀਫ਼ੇ ਸਵੈ-ਇੱਛਾ ਨਾਲ ਦਿੱਤੇ ਗਏ ਹਨ ਤੇ ਪ੍ਰਮਾਣਿਤ ਹਨ। ਇਸ ਤੋਂ ਬਾਅਦ ਉਹ ਜਾਇਜ਼ ਫ਼ੈਸਲਾ ਕਰਨਗੇ। ਇਸ ਦੌਰਾਨ ਸ਼ੁੱਕਰਵਾਰ ਨੂੰ ਵਿਧਾਨ ਸਭਾ ਇਜਲਾਸ ਮੌਕੇ ਕਰਨਾਟਕ ਦੇ ਮੁੱਖ ਮੰਤਰੀ ਕੁਮਾਰ ਸਵਾਮੀ ਨੇ ਬਹੁਮਤ ਸਾਬਤ ਕਰਨ ਦੇ ਲਈ ਤੁਹਾਡੀ ਇਜਾਜ਼ਤ ਅਤੇ ਸਮਾਂ ਮੰਗਿਆ। ਕੁਮਾਰ ਸਵਾਮੀ ਨੇ ਕਿਹਾ ਕਿ ਸਾਡੀ ਸਰਕਾਰ ਬਹੁਮਤ ਸਾਬਿਤ ਕਰਨ ਲਈ।ਤਿਆਰ ਹੈ, ਉਨ੍ਹਾਂ ਸਪੀਕਰ ਤੋਂ ਮੰਗ ਕੀਤੀ ਕਿ ਉਹ ਬਹੁਮਤ ਪੇਸ਼ ਕਰਨ ਲਈ ਸਮਾਂ ਨਿਰਧਾਰਿਤ ਕਰਨ। ਇਸ ਗੱਲ ‘ਤੇ ਸਪੀਕਰ ਵੱਲੋਂ ਦੱਸਿਆ ਗਿਆ ਉਨ੍ਹਾਂ ਨੂੰ ਵਿਰੋਧੀ ਧਿਰ ਦੇ ਨੇਤਾਵਾਂ ਤੋਂ ਸਹਿਮਤੀ ਲੈਣੀ ਹੋਵੇਗੀ ਅਤੇ ਉਹ ਸੋਮਵਾਰ ਨੂੰ ਵਿਰੋਧੀ ਦਲ ਦੇ ਆਗੂਆਂ ਨਾਲ ਬੈਠਕ ਬਾਅਦ ਸਮਾਂ ਨਿਰਧਾਰਿਤ ਕਰਨਗੇ।