ਮਾਲੇਰਕੋਟਲਾ, 10 ਜੁਲਾਈ (ਅਸ਼ੋਕ ਜੋਸ਼ੀ)- ਪੰਜਾਬ ਭਰ ਵਿੱਚ ਕੰਮ ਕਰ ਰਹੇ ਮੋਟੀਵੇਟਰ ਅਤੇ ਮਾਸਟਰ ਮੋਟੀਵੇਟਰ ਜਿਨਾਂ ਦੀ ਕੁੱਲ ਗਿਣਤੀ 581 ਹੈ , ਅਪਣੀਆਂ ਮੰਗਾਂ ਨੂੰ ਲੈ ਕੇ ਅੱਜ 14 ਵੇਂ ਦਿਨ ਵੀ ਮਾਲੇਰਕੋਟਲਾ ਤੋਂ ਪੰਜ ਕਿਲੋਮੀਟਰ ਦੂਰ ਮਾਲੇਰਕੋਟਲਾ ਲੁਧਿਆਣਾ ਸੜਕ ਤੇ ਪਿੰਡ ਭੋਗੀਵਾਲ ਦੀ ਵਾਟਰ ਸਪਲਾਈ ਟੈਂਕੀ ਉੱਪਰ ਡਟੇ ਰਹੇ ਹਾਲਾਂ ਕਿ ਸਵੇਰ ਵੇਲੇ ਭਾਰੀ ਬਾਰਿਸ਼ਵੀ ਹੋਈ ਪਰ ਸੂਬਾ ਪ੍ਰਧਾਨ ਗੁਰਪ੍ਰੀਤ ਸਿੰਘ ਸੋਢੀ ਸਮੇਤ ਛੇ ਆਗੂ ਕਰੋ ਜਾਂ ਮਰੋ ਦੀ ਨੀਤੀ ਤਹਿਤ ਟਸ ਤੋਂ ਮਸ ਨਾ ਹੋਏ ।ਅੱਜ ਬਾਕੀ ਮੋਟੀਵੇਟਰਾਂ ਨੇ ਵਿਭਾਗ ਦੀ ਮੰਤਰੀ ਰਜ਼ੀਆ ਸੁਲਤਾਨਾ ਦੀ ਕੋਠੀ ਦਾ ਘਿਰਾਓ ਕਰਨ ਲਈ ਕੂਚ ਕੀਤਾ ਪਰ ਉਨਾਂ ਨੂੰ ਪੁਲਿਸ ਨੇ ਕੋਠੀ ਦੇ ਨਜ਼ਦੀਕ ਬੈਰੀਕੇਡ ਤੇ ਰੋਕ ਲਿਆ ਪਰ ਧੱਕਾ ਮੁੱਕੀ ਵਿੱਚ ਮੋਟੀਵੇਟਰ ਬੈਰੀਕੇਡ ਤੋੜ ਕੇ ਅੱਗੇ ਚਲੇ ਗਏ ਜਿੱਥੇ ਪੁਲਿਸ
ਵੱਲੋਂ ਮੋਟੀਵਟਰਾਂ ਤੇ ਲਾਠੀਚਾਰਜ ਕੀਤਾ ਗਿਆ ਜਿਸ ਦੌਰਾਨ ਕੁੱਝ ਮੋਟੀਵੇਟਰ ਬੇਹੋਸ਼ ਹੋ ਗਏ। ਜਿਨਾਂ ਨੂੰ ਇਲਾਜ ਲਈ ਹਸਪਤਾਲ ਲੈ ਜਾਇਆ ਗਿਆ।ਸੂਬਾ ਪ੍ਰਧਾਨ ਸੋਢੀ ਨੇ ਕਿਹਾ ਕਿ ਯੂਨੀਅਨ ਦੇ ਕਾਰਜਕਰਤਾ ਅਪਣੀਆਂ ਮੰਗਾਂ ਸਬੰਧੀ ਬੀਤੇ 14 ਦਿਨਾਂ ਤੋਂ ਘਰਬਾਰ ਛੱਡ ਕੇ ਸੜਕਾਂ ਤੇ ਹਨ ਪਰ ਪੰਜਾਬ ਸਰਕਾਰ ਦੇ ਕੰਨਾਂ ਤੇ ਜੂੰ ਨਹੀਂ ਸਰਕ ਰਹੀ।ਉਨਾਂ ਦੱਸਿਆ ਕਿ 11 ਜੁਲਾਈ ਨੂੰ ਕੈਂਡਲ ਮਾਰਚ ਕੀਤਾ ਜਾਵੇਗਾ ਅਤੇ ਭੁੱਖ ਹੜਤਾਲ ਵੀ ਜਾਰੀ ਰਹੇਗੀ।