ਨਕੋਦਰ, 5 ਮਈ (ਰਜਨੀਸ਼)-ਸ. ਜਸਪ੍ਰੀਤ ਸਿੰਘ ਸਿੱਧੂ ਐਸ.ਐਸ.ਪੀ. ਜਲੰਧਰ ਦਿਹਾਤੀ ਦੀਆਂ ਹਿਦਾਇਤਾਂ ਤੇ ਕੁਲਵਿੰਦਰ ਸਿੰਘ ਬੀਸਲਾ ਡੀ.ਐਸ.ਪੀ. ਤੇ ਸਦਰ ਖਾਣਾ ਮੁੱਖੀ ਦਿਲਬਾਗ ਦੀ ਅਗਵਾਈ ਹੇਠ ਨਸ਼ਾ ਸਮਗਲਰਾਂ ਨੂੰ ਨੱਥ ਪਾਉਣ ਲਈ ਤਿਆਰ ਕੀਤੀ ਗਈ ਟੀਮ ਨੇ ਸਫ਼ਲਤਾ ਹਾਸਲ ਕਰਦਿਆਂ 2 ਬੋਰੀਆਂ ਭੁੱਕੀ ਤੇ 1 ਕਿਲੋ 500 ਗ੍ਰਾਮ ਅਫੀਮ ਬਰਾਮਦ ਕੀਤੀ ਹੈ।ਸ. ਕੁਲਵਿੰਦਰ ਸਿੰਘ ਬੀਸਲਾ ਨੇ ਪੱਤਰਕਾਰਾਂ ਨੂੰ ਮੁਖਾਤਿਬ ਹੁੰਦਿਆ ਦੱਸਿਆ ਕਿ ਉਨ੍ਹਾਂ ਦੀ ਅਗਵਾਈ ਹੇਠ ਸੁਖਦੇਵ ਸਿੰਘ ਏ.ਐਸ.ਆਈ., ਗੁਰਮੀਤ ਸਿੰਘ ਏ.ਐਸ.ਆਈ., ਰਵਿੰਦਰ ਕੁਮਾਰ ਏ.ਐਸ.ਆਈ., ਬਲਦੇਵ ਸਿੰਘ ਏ.ਐਸ.ਆਈ., ਹੋਲਦਾਰ ਹਰਭਜਨ ਲਾਲ ਤੇ ਹੋਰ ਸਾਥੀ ਮੁਲਾਜਮਾਂ ਦੀ ਟੀਮ ਤਿਆਰ ਕੀਤੀ ਗਈ। ਟੀਮ ਨੇ ਮਲਸੀਆਂ ਰੋਡ ਵਿਖੇ
ਪਿੰਡ ਗਾਂਧਰਾ ਮੌੜ ਤੇ ਨਾਕਾਬੰਦੀ ਕੀਤੀ ਹੋਈ ਸੀ। ਇਸ ਦੌਰਾਨ ਕਿਸੇ ਖਾਸ ਮੁਖਬਿਰ ਨੇ ਪੁਲਿਸ ਨੂੰ ਇਤਲਾਹ ਦਿੱਤੀ ਕਿ ਨਸ਼ਾ ਸਮਗਲਰ ਪਿੰਡ ਮੂਸੇਵਾਲ ਮੋੜ ਨੇੜੇ ਇਕ ਟਰੱਕ ਵਿਚ ਨਸ਼ੀਲੇ ਪਦਾਰਥ ਰਖਕੇ ਗ੍ਰਾਹਕ ਦੀ ਉਡੀਕ ਕਰ ਰਿਹਾ ਹੈ। ਇਤਲਾਹ ਮਿਲਦਿਆਂ ਹੀ ਪੁਲਿਸ ਪਾਰਟੀ ਨੇ ਹਰਕਤ ਵਿੱਚ ਆਉਂਦਿਆਂ ਟਰੱਕ ਨੂੰ ਘੇਰਾ ਪਾ 2 ਮੁਲਾਜਮਾਂ ਨੂੰ ਕਾਬੂ ਕਰਕੇ ਟਰੱਕ ਦੀ ਤਲਾਸ਼ੀ ਲਈ ਜਿਸ ਦੌਰਾਨ ਨਸ਼ੀਲੇ ਪਦਾਰਥਾਂ ਦੀ ਵੱਡੀ ਖੇਪ ਬਰਾਮਦ ਕੀਤੀ ਗਈ। ਟਰੱਕ ਨੰਬਰ ਪੀ.ਬੀ. 04 ਐਲ 9366 ਦਾ ਡਰਾਈਵਰ ਅਮਰਜੀਤ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਪਿੰਡ ਮੂਸੇਵਾਲ ਆਪਣੇ ਇਕ ਹੋਰ ਸਾਥੀ ਮੁਲਜ਼ਮ ਬਲਵੀਰ ਸਿੰਘ ਪੁੱਤਰ ਗੁਰਦਿਆਲ ਸਿੰਘ ਵਾਸੀ ਪਿੰਡ ਨੂਰਪੁਰ ਚੱਠਾ ਨਾਲ ਗ੍ਰਾਹਕ ਉਡੀਕ ਰਿਹਾ ਸੀ।
ਸ. ਬੀਸਲਾ ਡੀ.ਐਸ.ਪੀ. ਨੇ ਦੱਸਿਆਂ ਕਿ ਟਰੱਕ ਦੀ ਤਲਾਸ਼ੀ ਲੈਣ ਤੇ ਟਰੱਕ ਦੇ ਟੂਲ ਬਾਕਸ ਵਿਚੋਂ 2 ਬੋਰੀਆਂ ਭੂੱਕੀ (30-30 ਕਿਲੋ ਭਰਤੀ) ਅਤੇ ਕੈਬਿਨ ਵਿਚੋਂ 1 ਕਿਲੋ 500 ਗ੍ਰਾਮ ਅਫੀਮ ਬਰਾਮਦ ਕੀਤੀ ਗਈ। ਉਨ੍ਹਾਂ ਦੱਸਿਆਂ ਕਿ ਉਕਤ ਦੋਸ਼ੀ ਪੇਸ਼ੇਵਰ ਨਸ਼ਾ ਸਮਗਲਰ ਹਨ ਜਿਨ੍ਹਾਂ ਤੋਂ ਪਹਿਲਾਂ ਵੀ ਕੇਸ ਦਰਜ਼ ਹਨ।