ਲਹਿਰਾਗਾਗਾ, 2 ਜੁਲਾਈ (ਜਤਿੰਦਰ ਜਲੂਰ)- ਲੰਮੇ ਸਮੇਂ ਤੋਂ ਚਲਦੇ ਸੰਘਰਸ਼ ਤੋਂ ਬਾਅਦ ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਅਤੇ ਅਧਿਆਪਕ ਯੋਗਤਾ ਪ੍ਰੀਖਿਆ ਪਾਸ ਬੇਰੁਜ਼ਗਾਰ ਬੀਐੱਡ ਅਧਿਆਪਕ ਯੂਨੀਅਨ ਦੇ ਨੁਮਾਇੰਦਿਆਂ ਵਿਚਕਾਰ ਮੀਟਿੰਗ ਪੰਜਾਬ ਸਕੱਤਰੇਤ ਵਿਖੇ ਹੋਈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਯੂਨੀਅਨ ਦੇ ਸੂਬਾ ਪ੍ਰੈਸ ਸਕੱਤਰ ਰਣਦੀਪ ਸਿੰਘ ਸੰਗਤਪੁਰਾ ਨੇ ਦੱਸਿਆ ਕਿ ਮੀਟਿੰਗ ਦੌਰਾਨ ਬੇਰੁਜ਼ਗਾਰ ਅਧਿਆਪਕਾਂ ਨੇ ਸਿੱਖਿਆ ਮੰਤਰੀ ਕੋਲ ਵੱਖ-ਵੱਖ ਮੰਗਾਂ ਰੱਖਦਿਆਂ ਅਧਿਆਪਕ ਯੋਗਤਾ ਪ੍ਰੀਖਿਆ ਪਾਸ ਬੇਰੁਜ਼ਗਾਰ ਉਮੀਦਵਾਰਾਂ ਨੂੰ ਭਰਤੀ ਕਰਨ ਲਈ ਘੱਟੋ-ਘੱਟ 15 ਹਜ਼ਾਰ ਅਸਾਮੀਆਂ ਦੀ ਭਰਤੀ ਦਾ ਇਸ਼ਤਿਹਾਰ ਤੁਰੰਤ ਜਾਰੀ ਕਰਨ, ਸਰਕਾਰੀ ਸਕੂਲਾਂ ਵਿੱਚ ਖਾਲੀ ਪਈਆਂ ਸਾਰੀਆਂ ਅਧਿਆਪਕ ਅਸਾਮੀਆਂ ਰੈਗੂਲਰ ਆਧਾਰ ਤੇ ਭਰਨ, ਓਵਰਏਜ਼ ਹੋ ਰਹੇ ਉਮੀਦਵਾਰਾਂ ਸਬੰਧੀ, ਭਰਤੀ ਪ੍ਰਕਿਰਿਆਵਾਂ ਨੂੰ ਨਿਰਧਾਰਤ ਦਿਨਾਂ ਵਿੱਚ ਪੂਰਾ ਕਰਨ ,ਇੱਕ ਅਧਿਆਪਕ ਤੋਂ ਸਿਰਫ ਉਸ ਦੇ ਸਬੰਧਤ ਵਿਸ਼ੇ ਦਾ ਹੀ ਕੰਮ ਲੈਣ, ਨਿੱਜੀਕਰਨ ਦੀ ਨੀਤੀ ਬੰਦ ਕਰਕੇ ਵਿਦਿਆਰਥੀਆਂ ਦੀ ਗਿਣਤੀ ਨੂੰ ਮੁੱਖ ਰੱਖਦਿਆਂ ਨਵੀਆਂ ਅਸਾਮੀਆਂ ਸਿਰਜੇ ਜਾਣ , ਸੈਕੰਡਰੀ ਪੱਧਰ ਤੱਕ ਅਧਿਆਪਕ-ਵਿਦਿਆਰਥੀ ਅਨੁਪਾਤ 30 :1 ਰੱਖਣ ਦੀ ਮੰਗ ਕੀਤੀ । ਯੂਨੀਅਨ ਆਗੂਆਂ ਨੇ ਕਿਹਾ ਕਿ ਜਦੋਂ ਤੱਕ ਉਮੀਦਵਾਰਾਂ ਦੀ ਨਿਯੁਕਤੀ ਨਹੀਂ ਹੁੰਦੀ, ਚੋਣਾਂ ਸਮੇਂ ਕੀਤੇ ਵਾਅਦੇ ਮੁਤਾਬਿਕ 2500 ਰੁਪਏ ਬੇਰੁਜ਼ਗਾਰੀ ਭੱਤਾ ਦਿੱਤਾ ਜਾਵੇ, ਮਾਸਟਰ ਕਾਡਰ ਦੀ ਭਰਤੀ ਲਈ ਨੈਸ਼ਨਲ ਕੌਂਸਲ ਆਫ਼ ਟੀਚਰਜ਼ ਐਜ਼ੂਕੇਸ਼ਨ ਦੇ ਨਿਯਮਾਂ ਅਨੁਸਾਰ ਗ੍ਰੈਜੂਏਸ਼ਨ ‘ਚੋਂ 50 ਫੀਸਦੀ ਅੰਕ ਵਾਲ਼ੀ ਸ਼ਰਤ ਨੂੰ ਹੀ ਬਰਕਰਾਰ ਰੱਖਿਆ ਜਾਵੇ। ਉਨ੍ਹਾਂ ਦੱਸਿਆ ਕਿ ਵਿਜੈਇੰਦਰ ਸਿੰਗਲਾ ਨੇ ਸਾਰੀਆਂ ਮੰਗਾਂ ‘ਤੇ ਹਫ਼ਤੇ ਤੱਕ ਸਿੱਖਿਆ ਸਕੱਤਰ ਨਾਲ ਗੱਲਬਾਤ ਕਰਕੇ ਫੈਸਲੇ ਲੈਣ ਬਾਰੇ ਕਿਹਾ ਹੈ। ਸਿੰਗਲਾ ਨੇ ਕਿਹਾ ਕਿ ਉਹ ਬੇਰੁਜ਼ਗਾਰੀ ਦੇ ਮੁੱਦੇ ਪ੍ਰਤੀ ਗੰਭੀਰ ਹਨ, ਇਸ ਸਬੰਧੀ ਉਹਨਾਂ ਮੁੱਖ ਮੰਤਰੀ ਨੂੰ ਸੇਵਾਮੁਕਤ ਹੋਣ ਵਾਲ਼ੇ ਮੁਲਾਜ਼ਮ ਨੂੰ ਹੋਰ ਦੋ ਸਾਲ ਐਕਸਟੈਨਸ਼ਨ ਦੇਣ ਦੀ ਬਜਾਏ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਦੇਣ ਬਾਰੇ ਕਿਹਾ ਹੈ, ਜਿਸ ਨਾਲ ਘੱਟੋ-ਘੱਟ 50 ਹਜ਼ਾਰ ਨੌਕਰੀਆਂ ਲਈ ਰਾਹ । ਰਣਦੀਪ ਸਿੰਘ ਸੰਗਤਪੁਰਾ ਨੇ ਕਿਹਾ ਕਿ ਜੇਕਰ ਮੰਤਰੀ ਸਾਹਿਬ ਦੋ ਹਫਤਿਆਂ ਤੱਕ ਮੰਗਾਂ ਦੀ ਸੁਣਵਾਈ ਨਹੀਂ ਕਰਦੇ ਤਾਂ ਮੁੜ ਸੰਘਰਸ਼ ਉਲੀਕਿਆ ਜਾਵੇਗਾ। ਮੀਟਿੰਗ ਦੌਰਾਨ ਪ੍ਰਧਾਨ ਸੁਖਵਿੰਦਰ ਸਿੰਘ ਢਿੱਲਵਾਂ, ਸੂਬਾ ਪ੍ਰੈੱਸ ਸਕੱਤਰ ਰਣਦੀਪ ਸੰਗਤਪੁਰਾ, ਸੂਬਾ ਆਗੂ ਅਮਨ ਸੇਖ਼ਾ, ਸੁਰਜੀਤ ਸਿੰਘ, ਯੁੱਧਜੀਤ ਬਠਿੰਡਾ, ਨਵਜੀਵਨ ਸਿੰਘ ਬਰਨਾਲਾ ਅਤੇ ਦਿਲਬਾਗ ਲੰਬੀ ਹਾਜ਼ਰ ਸਨ।