ਅੰਮ੍ਰਿਤਸਰ, 4 ਮਈ (ਪੀ.ਟੀ.)- ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪਿੰਡ ਲੋਪੋਕੇ ਦੇ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਤਿੰਨ ਪਾਵਨ ਸਰੂਪਾਂ ਦਾ ਸ਼ਾਰਟ ਸਰਕਟ ਕਾਰਣ ਨੁਕਸਾਨ ਹੋਣ ਤੇ ਡੂੰਘੇ ਦੁੱਖ ਦਾ ਇਜ਼ਹਾਰ ਕਰਦਿਆਂ ਇਸ ਨੂੰ ਇਕ ਮੰਦਭਾਗੀ ਘਟਨਾ ਦੱਸਿਆ ਹੈ। ਦਫ਼ਤਰ ਸ਼੍ਰੋਮਣੀ ਕਮੇਟੀ ਤੋਂ ਪ੍ਰੈਸ ਨੋਟ ਜਾਰੀ ਕਰਦਿਆਂ ਉਨ੍ਹਾਂ ਕਿਹਾ ਕਿ ਅੱਜ ਸਵੇਰੇ ਸਵਾ ਛੇ ਵਜੇ ਦੇ ਕਰੀਬ ਜਦ ਰੋਜ਼ਾਨਾ ਦੀ ਤਰ੍ਹਾਂ ਨਿਤਨੇਮ ਦੇ ਬਾਅਦ ਭੋਗ ਪਾਕੇ ਗੁਰਦੁਆਰਾ ਬਾਬਾ ਜੀਵਨ ਦਾਸ ਦੇ ਗ੍ਰੰਥੀ ਸਿੰਘ ਤੇ ਸੰਗਤਾਂ ਘਰਾਂ ਨੂੰ ਚਲੀਆਂ ਗਈਆਂ ਤਾਂ ਅਚਾਨਕ ਸੁਖ-ਆਸਨ ਸਾਹਿਬ ਦੇ ਕਮਰੇ ਵਿੱਚ ਲੱਗੇ ਕੰਧ ਵਾਲੇ ਪੱਖੇ ਦੇ ਸ਼ਾਰਟ ਸਰਕਟ ਕਾਰਣ ਚੰਦੋਆ ਸਾਹਿਬ ਅਤੇ ਪੀੜ੍ਹਾ ਸਾਹਿਬ ਨੂੰ ਅੱਗ ਲੱਗ ਗਈ।
ਜਿਸ ਨਾਲ ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਤਿੰਨ ਸਰਪਾਂ ਦੀਆਂ ਜਿਲਦਾਂ ਅਗਨ ਭੇਟ ਹੋ ਗਈਆਂ। ਪਰ ਜਲਦੀ ਹੀ ਪਿੰਡ ਦੀਆਂ ਸੰਗਤਾਂ ਨੂੰ ਪਤਾ ਲੱਗ ਜਾਣ ਕਾਰਣ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਿੰਘ ਅਤੇ ਪ੍ਰਬੰਧਕਾਂ ਨੇ ਓਥੇ ਪਹੁੰਚ ਕੇ ਸੰਗਤਾਂ ਦੀ ਮਦਦ ਨਾਲ ਅੱਗ ਤੇ ਤ੍ਰੁਰੰਤ ਕਾਬੂ ਪਾ ਲਿਆ। ਜਿਸ ਨਾਲ ਪਾਵਨ ਸਰੂਪਾਂ ਦੀਆਂ ਜਿਲਦਾਂ ਅਗਨ ਭੇਟ ਹੋ ਗਈਆਂ ਪਰ ਸਰੂਪ ਬਚਾ ਲਏ ਗਏ।
ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਿਸ਼ਾ-ਨਿਰਦੇਸ਼ਾਂ ਹੇਠ ਮੌਕੇ ਤੇ ਹੀ ਸ. ਸੁਰਜੀਤ ਸਿੰਘ ਭਿੱਟੇਵਿੱਡ, ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਧਰਮ ਪ੍ਰਚਾਰ ਕਮੇਟੀ ਦੇ ਹੈਡ ਪ੍ਰਚਾਰਕ ਭਾਈ ਜਗਦੇਵ ਸਿੰਘ ਅਤੇ ਪ੍ਰਚਾਰਕ ਭਾਈ ਸਰਵਣ ਸਿੰਘ ਨੇ ਪਹੁੰਚ ਕੇ ਸਾਰੀ ਸਥਿਤੀ ਦਾ ਜਾਇਜਾ ਲਿਆ ਤੇ ਪਿੰਡ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਨੁਕਸਾਨੇ ਗਏ ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਨੂੰ ਗੁਰਦੁਆਰਾ ਬਾਉਲੀ ਸਾਹਿਬ ਗੋਇੰਦਵਾਲ ਸਾਹਿਬ ਵਿਖੇ ਪਹੁੰਚਾ ਦਿੱਤਾ ਗਿਆ।
ਜਥੇਦਾਰ ਅਵਤਾਰ ਸਿੰਘ ਨੇ ਕਿਹਾ ਕਿ ਹਰ ਸਾਲ ਗਰਮੀਆਂ ਵਿੱਚ ਸੰਗਤਾਂ ਨੂੰ ਅਖਬਾਰਾਂ ਅਤੇ ਟੈਲੀਵਿਜਨਾ ਰਾਹੀਂ ਅਪੀਲ ਕੀਤੀ ਜਾਂਦੀ ਹੈ ਕਿ ਗੁਰਦੁਆਰਾ ਸਾਹਿਬਾਨ ਵਿੱਚ ਬਿਜਲੀ ਵਾਇਰਿੰਗ ਦੀਆਂ ਤਾਰਾਂ,ਪੱਖੇ, ਬਲਬ ਅਤੇ ਟਿਊਬਾਂ ਆਦਿ ਜੋ ਗੁਰੂ ਸਾਹਿਬ ਦੇ ਪਲੰਘੇ ਨਾਲ ਲਗਾ ਦਿੱਤੇ ਜਾਂਦੇ ਹਨ ਉਹ ਕਿਸੇ ਤਰ੍ਹਾਂ ਵੀ ਵਾਜਬ ਨਹੀਂ ਕਿਉਂਕਿ ਮੌਸਮ ਦੀ ਤਬਦੀਲੀ ਅਤੇ ਘਟੀਆ ਕਿਸਮ ਦੀ ਵਾਇਰਿੰਗ ਕਾਰਣ ਸ਼ਾਰਟ ਸਰਕਟ ਹੋਣ ਕਾਰਨ ਐਸੀਆਂ ਘਟਨਾਵਾਂ ਦੇਖਣ’ਚ ਆਉਂਦੀਆਂ ਹਨ, ਪਰ ਗੁਰਦੁਆਰਾ ਸਾਹਿਬਾਨ ਦੇ ਪ੍ਰਬੰਧਕ ਇਸ ਨੂੰ ਅੱਖੋਂ-ਪਰੋਖੇ ਕਰ ਛੱਡਦੇ ਹਨ।
ਉਨ੍ਹਾਂ ਗੁਰਦੁਆਰਾ ਸਾਹਿਬਾਨ ਦੇ ਪ੍ਰਬੰਧਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਗੁਰਦੁਆਰਾ ਸਾਹਿਬ ਦੀ ਵਾਇਰਿੰਗ ਵਧੀਆ ਕਿਸਮ ਦੇ ਸਮਾਨ ਅਤੇ ਸੁਚੱਜੇ ਢੰਗ ਨਾਲ ਕਰਵਾਈ ਜਾਇਆ ਕਰੇ ਅਤੇ ਪਲੰਘੇ ਸਾਹਿਬ ਨਾਲ ਕੋਈ ਵੀ ਇਹੋ ਜਿਹੀ ਇਲੈਕਟ੍ਰਿਕ ਵਸਤੂ ਨਾ ਲਗਾਈ ਜਾਵੇ ਜਿਸ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਨੂੰ ਕਿਸੇ ਤਰ੍ਹਾਂ ਦਾ ਕੋਈ ਵੀ ਨੁਕਸਾਨ ਪਹੁੰਚੇ।