ਆਮ ਬਦਲੀਆਂ ਪੂਰੀ ਪਾਰਦਰਸ਼ਤਾ ਨਾਲ ਕੀਤੀਆਂ ਜਾਣਗੀਆਂ:ਚੰਨੀ
ਚੰਡੀਗੜ-ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਗੁਰਪੁਰਬ ਨੂੰ ਮੁੱਖ ਰੱਖਦਿਆਂ ਰਾਜ ਦੀਆਂ ਹਰੇਕ ਬਹੁ-ਤਕਨੀਕੀ ਸੰਸਥਾਵਾਂ ਅਤੇ ਉਦਯੋਗਿਕ ਸਿਖਲਾਈ ਸੰਸਥਾਵਾਂ ਵਿੱਚ 550 ਰੁੱਖ ਲਗਾਏ ਜਾਣਗੇ, ਇੰਨਾਂ ਸਾਰੇ ਰੁਖਾਂ ਦੀ ਦੇਖ-ਰੇਖ ਸਟਾਫ ਤੇ ਵਿਦਿਆਰਥੀ ਨਿੱਜੀ ਤੌਰ ਤੇ ਕਰਨਗੇ। ਅੱਜ ਇੱਥੇ ਤਕਨੀਕੀ ਸਿੱਖਿਆ ਵਿਭਾਗ ਦੇ ਮੁੱਖ ਦਫਤਰ ਵਿਖੇ ਹੋਈ ਮੀਟਿੰਗ ਦੌਰਾਨ ਸ. ਚਰਨਜੀਤ ਸਿੰਘ ਚੰਨੀ, ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਮੰਤਰੀ ਨੇ ਇਸ ਸਬੰਧੀ ਹਦਾਇਤਾਂ ਜਾਰੀ ਕਰਿਦਆਂ ਅਗਸਤ ਦੇ ਪਹਿਲੇ ਪੰਦਰਵਾੜੇ ਨੂੰ ਸ਼ੁੱਧ ਵਾਤਾਰਵਰਣ ਪੰਦਰਵਾੜੇ ਵੱਜੋਂ ਮਨਾਉਣ ਲਈ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਸੰਸਥਾਵਾਂ ਦੇ ਮੁੱਖੀਆਂ ਅਤੇ ਸੀਨੀਅਰ ਫਕੈਲਟੀ ਮੈਂਬਰਾਂ ਨੂੰ ਦਿਸ਼ਾ-ਨਿਰਦੇਸ਼ ਦਿੱਤੇ ।ਤਕਨੀਕੀ ਸਿੱਖਿਆ ਮੰਤਰੀ ਨੇ ਇਸ ਤੋਂ ਪਹਿਲਾਂ ਮੀਟਿੰਗ ਦੌਰਾਨ ਸਮੂਹ ਬਹੁਤਕਨੀਕੀ ਸਿੱਖਿਆ ਸੰਸਥਾਵਾਂ ਅਤੇ ਉਦਯੋਗਿਕ ਸਿਖਲਾਈ ਸੰਸਥਾਵਾਂ ਦੇ ਪ੍ਰਿੰਸੀਪਲਾਂ ਅਤੇ ਸੀਨੀਅਰ ਫੈਕਲਟੀ ਮੈਂਬਰਾਂ ਨਾਲ ਸੰਸਥਾਵਾਂ ਦੀ ਕਾਰਗੁਜ਼ਾਰੀ ਨੂੰ ਬਿਹਤਰ ਕਰਨ ਲਈ ਵਿਚਾਰ ਵਟਾਂਦਰਾ ਕੀਤਾ। ਇਸ ਮੌਕੇ ਪ੍ਰਿੰਸੀਪਲਾਂ ਅਤੇ ਸੀਨੀਅਰ ਫੈਕਲਟੀ ਵੱਲੋਂ ਸੰਸਥਾਵਾਂ ਦੇ ਸੁਧਾਰ ਅਤੇ ਮਿਆਰ ਉੱਚਾ ਕਰਨ ਲਈ ਬਹੁਤ ਸਾਰੇ ਸੁਝਾਅ ਸਾਂਝੇ ਕੀਤੇ ਗਏ। ਮੀਟਿੰਗ ਦੋਰਾਨ ਤਕਨੀਕੀ ਸਿੱਖਿਆ ਮੰਤਰੀ ਵੱਲੋਂ 04 ਬਹੁਤਕਨੀਕੀ ਸੰਸਥਾਵਾਂ ਸਰਕਾਰੀ ਬੁਹੁਤਕਨੀਕੀ ਕਾਲਜ (ਲ) ਪਟਿਆਲਾ, ਸਰਕਾਰੀ ਬੁਹੁਤਕਨੀਕੀ ਕਾਲਜ (ਲ) ਜਲੰਧਰ, ਸਰਕਾਰੀ ਬੁਹੁਤਕਨੀਕੀ ਕਾਲਜ ਹੁਸ਼ਿਆਰਪੁਰ ਅਤੇ ਸਰਕਾਰੀ ਬਹੁਤਕਨੀਕੀ ਕਾਲਜ ਖੂਨੀਮਾਜਰਾ ਨੂੰ ਮਾਡਲ ਬਹੁਤਕਨੀਕੀ ਸੰਸਥਾਵਾਂ ਵੱਜੋਂ ਬਣਾਉਣ ਦਾ ਫੈਸਲਾ ਲਿਆ ਗਿਆ ਤਾਂ ਜੋ ਇਨਾਂ ਸੰਸਥਾਵਾਂ ਵਿੱਚ ਮਾਡਰਨ ਸਹੂਲਤਾਂ ਉਪਲਬਧ ਕਰਾ ਕੇ ਵਿਦਿਆਰਥੀਆਂ ਨੂੰ ਮੌਜੂਦਾ ਉਦਯੋਗਾਂ ਦੀ ਲੋੜ ਅਨੁਸਾਰ ਟ੍ਰੇਨਿੰਗ ਦਿੱਤੀ ਜਾ ਸਕੇ।ਮੀਟਿੰਗ ਦੋਰਾਨ ਤਕਨੀਕੀ ਸਿੱਖਿਆ ਮੰਤਰੀ ਵੱਲੋਂ ਸੰਸਥਾਵਾਂ ਦੇ ਪ੍ਰਿੰਸੀਪਲਾਂ ਦੇ ਨਾਲ ਵਿਦਿਆਰਥੀਆਂ ਦੇ ਨਤੀਜਿਆਂ ਦੀ ਸਮੀਖਿਆ ਕੀਤੀ ਗਈ ਅਤੇ ਸਖਤ ਹਦਾਇਤ ਕੀਤੀ ਕਿ ਵਿਦਿਆਰਥੀਆਂ ਦੇ ਨਤੀਜਿਆਂ ਨੂੰ 100 ਪ੍ਰਤੀਸ਼ਤ ਕੀਤਾ ਜਾਵੇ ਅਤੇ ਵਿਦਿਆਰਥੀਆਂ ਦੇ ਪੜਾਈ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਹਰ ਸੰਭਵ ਯਤਨ ਕੀਤੇ ਜਾਣ ਤਾਂ ਜੋ ਗਰੀਬ/ਲੋੜਵੰਦ ਵਿਦਿਆਰਥੀ ਜੋ ਇੰਨਾਂ ਸੰਸਥਾਵਾਂ ਵਿੱਚ ਦਾਖਲ ਹੁੰਦੇ ਹਨ, ਉਨਾਂ ਦਾ ਭਵਿੱਖ ਵਧੀਆ ਬਣਾਇਆ ਜਾ ਸਕੇ। ਤਕਨੀਕੀ ਸਿੱਖਿਆ ਮੰਤਰੀ ਜੀ ਵੱਲੋਂ ਬਹੁਤਕਨੀਕੀ ਸਿੱਖਿਆ ਸੰਸਥਾਵਾਂ ਅਤੇ ਉਦਯੋਗਿਕ ਸਿਖਲਾਈ ਸੰਸਥਾਵਾਂ ਦੇ ਟੇਨਿੰਗ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਖਾਲੀ ਅਸਾਮੀਆਂ ਭਰਨ, ਖਸਤਾ ਬਿਲਡਿੰਗਾਂ ਦੀ ਉਸਾਰੀ ਕਰਨ ਅਤੇ ਪਿੰ੍ਰਸੀਪਲਾਂ ਦੀਆਂ ਵਿੱਤੀ ਪਾਵਰਾਂ ਨੂੰ ਵਧਾਉਣ ਦਾ ਫੈਸਲਾ ਲਿਆ ਗਿਆ। ਮੰਤਰੀ ਵੱਲੋਂ ਇਹ ਵੀ ਭਰੋਸਾ ਦਵਾਇਆ ਗਿਆ ਕਿ ਵਿਭਾਗ ਦੀਆਂ ਆਮ ਬਦਲੀਆਂ ਪੂਰੀ ਪਾਰਦਰਸ਼ਤਾ ਨਾਲ ਕੀਤੀਆਂ ਜਾਣਗੀਆਂ ਅਤੇ ਅਧਿਕਾਰੀਆਂ/ਕਰਮਚਾਰੀਆਂ ਦੀ ਸਹੂਲਤ ਦਾ ਖਾਸ ਧਿਆਨ ਰੱਖਿਆ ਜਾਵੇਗਾ।
ਇਸ ਮੀਟਿੰਗ ਵਿੱਚ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਵਿਭਾਗ ਦੇ ਪ੍ਰਮੁੱਖ ਸਕੱਤਰ ਸ੍ਰੀ ਡੀ.ਕੇ ਤਿਵਾੜੀ ਆਈ.ਏ.ਐਸ, ਡਾਇਰੈਕਟਰ ਸ੍ਰੀ ਪ੍ਰਵੀਨ ਥਿੰਦ ਆਈ.ਏ.ਐਸ, ਸਕੱਤਰ ਤਕਨੀਕੀ ਸਿੱਖਿਆ ਬੋਰਡ, ਵਧੀਕ ਡਾਇਰੈਕਟਰ, ਡਿਪਟੀ ਡਾਇਰੈਕਟਰ ਅਤੇ ਹੋਰ ਅਧਿਕਾਰੀਆਂ ਨੇ ਭਾਗ ਲਿਆ।