ਕੈਪਟਨ ਅਮਰਿੰਦਰ ਸਿੰਘ ਵੱਲੋਂ ਸਾਈਕਲ ਵੈਲੀ ਪ੍ਰੋਜੈਕਟ ‘ਚ ਫੂਸ਼ੀਦਾ ਨੂੰ ਹਰ ਸਮਰਥਨ ਦੇਣ ਦਾ ਭਰੋਸਾ
ਚੰਡੀਗੜ੍ਹ, 26 ਜੂਨ- ਚੀਨ ਦੇ ਫੂਸ਼ੀਦਾ ਗਰੁੱਪ ਨੇ ਹੀਰੋ ਸਾਈਕਲਜ਼ ਦੇ ਨਾਲ ਭਾਈਵਾਲੀ ਕਰਨ ਦਾ ਫੈਸਲਾ ਕੀਤਾ ਹੈ। ਇਸ ਦੇ ਨਾਲ ਲੁਧਿਆਣਾ ਦੀ ਅਤਿ-ਅਧੂਨਿਕ ਸਾਈਕਲ ਵੈਲੀ ਵਿੱਚ ਹੀਰੋ ਸਾਈਕਲਜ਼ ਦੇ 210 ਕਰੋੜ ਰੁਪਏ ਦੇ ਸਾਈਕਲ ਉਤਪਾਦਨ ਪ੍ਰੋਜੈਕਟ ਵਿੱਚ ਇਸ ਭਾਈਵਾਲੀ ਨਾਲ ਪੰਜਾਬ ਦੇ ਉਦਯੋਗਿਕ ਵਿਕਾਸ ਪ੍ਰੋਗਰਾਮ ਨੂੰ ਅੱਗੇ ਹੋਰ ਮਜ਼ਬੂਤ ਬਣਾਉਣ ਲਈ ਰਾਹ ਪੱਧਰਾ ਹੋ ਗਿਆ ਹੈ। ਇਸ ਦੀ ਜਾਣਕਾਰੀ ਬੁੱਧਵਾਰ ਨੂੰ ਫੂਸ਼ੀਦਾ ਦੇ ਚੇਅਰਮੈਨ ਜਿਆਨ ਸ਼ੇਂਗ ਜ਼ਿਨ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਇਕ ਮੀਟਿੰਗ ਦੌਰਾਨ ਦਿੱਤੀ। ਹੀਰੋ ਸਾਈਕਲਜ਼ ਗਰੁੱਪ ਦੇ ਚੇਅਰਮੈਨ ਪੰਕਜ ਮੁੰਜਾਲ ਅਤੇ ਸਲਾਹਕਾਰ ਜਗਦੀਸ਼ ਖੱਟੜ ਵੀ ਫੂਸ਼ੀਦਾ ਦੇ ਵਫ਼ਦ ਨਾਲ ਇਸ ਮੀਟਿੰਗ ਵਿੱਚ ਹਾਜ਼ਰ ਸਨ। ਮੁੱਖ ਮੰਤਰੀ ਨੂੰ ਇਹ ਵੀ ਦੱਸਿਆ ਗਿਆ ਕਿ ਹੀਰੋ ਸਾਈਕਲਜ਼ ਪ੍ਰੋਜੈਕਟ ਦਾ ਉਤਪਾਦਨ ਸ਼ੁਰੂ ਕਰਨ ਦੇ ਵਾਸਤੇ ਅਪ੍ਰੈਲ, 2022 ਦੀ ਸਮਾਂ ਨਿਰਧਾਰਤ ਕੀਤਾ ਗਿਆ ਸੀ ਜੋ ਹੁਣ ਅਕਤੂਬਰ, 2020 ਤੋਂ ਸ਼ੁਰੂ ਹੋ ਜਾਵੇਗਾ। ਅਜਿਹਾ ਇਨਵੈਸਟ ਪੰਜਾਬ ਵੱਲੋਂ ਸੂਬਾ ਪੱਧਰ ‘ਤੇ ਪ੍ਰਵਾਨਗੀਆਂ ਅਤੇ ਰਿਆਇਤਾਂ ਦੀ ਸੁਵਿਧਾ ਪ੍ਰਦਾਨ ਕਰਨ ਦੇ ਕਾਰਨ ਹੋਇਆ ਹੈ। ਲੁਧਿਆਣਾ ਵਿੱਚ ਅਤਿ-ਆਧੁਨਿਕ ਸਾਈਕਲ ਵੈਲੀ ਕੁਲ 380 ਏਕੜ ਰਕਬੇ ‘ਤੇ ਹੋਂਦ ਵਿੱਚ ਆ ਰਹੀ ਹੈ ਅਤੇ ਇਹ ਪ੍ਰੋਜੈਕਟ 100 ਏਕੜ ਰਕਬੇ ‘ਤੇ ਫੈਲਿਆ ਹੋਇਆ ਹੈ। ਇਸਦੀ 1000 ਵਿਅਕਤੀਆਂ ਨੂੰ ਰੁਜ਼ਗਾਰ ਦੇਣ ਦੀ ਸਮਰਥਾ ਹੈ ਹੀਰੋ ਸਾਈਕਲਜ਼ ਪਲਾਂਟ ਦੀ ਸਲਾਨਾ ਸਮਰਥਾ ਚਾਰ ਮੀਲੀਅਨ ਸਾਈਕਲਜ਼ ਦੇ ਕਰੀਬ ਹੋਵੇਗੀ।