ਨਾਰੀ ਨਾਲ ਨਿਆਂ ਅਤੇ ਮਾਣ ਦਾ ਹੈ ਸਵਾਲ : ਰਵੀਸ਼ੰਕਰ ਪ੍ਰਸਾਦ
ਨਵੀਂ ਦਿੱਲੀ, 21 ਜੂਨ- ਬਹੁਚਰਚਿਤ ਤਿੰਨ ਤਲਾਕ ਬਿੱਲ ਨੂੰ ਸ਼ੁੱਕਰਵਾਰ ਨੂੰ ਲੋਕ ਸਭਾ ‘ਚ ਪੇਸ਼ ਕੀਤਾ ਗਿਆ। ਵਿਰੋਧੀ ਧਿਰ ਦੇ ਹੰਗਾਮੇ ਦਰਮਿਆਨ ਕਾਨੂੰਨ ਮੰਤਰੀ ਰਵੀਸ਼ੰਕਰ ਪ੍ਰਸਾਦ ਨੇ ਸਦਨ ‘ਚ ਬਿੱਲ ਨੂੰ ਪੇਸ਼ ਕਰਦੇ ਹੋਏ ਕਿਹਾ ਕਿ ਇਹ ਮੁਸਲਿਮ ਔਰਤਾਂ ਦੇ ਹਿੱਤਾਂ ਦੀ ਰੱਖਿਆ ਲਈ ਹੈ। ਕਾਂਗਰਸ ਸਮੇਤ ਕਈ ਵਿਰੋਧੀ ਦਲਾਂ ਨੇ ਇਸ ਬਿੱਲ ਨੂੰ ਗੈਰ-ਸੰਵਿਧਾਨਕ ਅਤੇ ਭੇਦਭਾਵ ਵਾਲਾ ਦੱਸ ਕੇ ਵਿਰੋਧ ਕੀਤਾ। ‘ਮੁਸਲਿਮ ਮਹਿਲਾ ਵਿਆਹ ਅਧਿਕਾਰ ਸੁਰੱਖਿਆ ਬਿੱਲ-2019’ ਇੱਕ ਹੀ ਵਾਰ ‘ਚ ਤਿੰਨ ਵਾਰ ਤਲਾਕ ਕਹਿਣ (ਤਲਾਕ-ਏ-ਬਿੱਦਤ) ‘ਤੇ ਰੋਕ ਲਗਾਉਣ ਲਈ ਹੈ। ਨਵੇਂ ਬਿੱਲ ਨੂੰ ਆਵਾਜ਼ ਮਤ (ਵੋਟ) ਨਾਲ ਚਰਚਾ ਲਈ ਸਵੀਕਾਰ ਕੀਤੇ ਜਾਣ ‘ਤੇ ਵਿਰੋਧੀ ਧਿਰ ਦੀ ਨਾਰਾਜ਼ਗੀ ਤੋਂ ਬਾਅਦ ਇਸ ਨੂੰ ਪੇਸ਼ ਕੀਤੇ ਜਾਣ ਨੂੰ ਲੈ ਕੇ ਵੋਟਿੰਗ ਹੋਈ, ਜਿਸ ਬਾਅਦ 74 ਮੁਕਾਬਲੇ 186 ਵੋਟਾਂ ਦੇ ਸਮਰਥਨ ਨਾਲ ਪੇਸ਼ ਕੀਤਾ ਗਿਆ। ਬਿੱਲ ਨੂੰ ਪੇਸ਼ ਕਰਦੇ ਹੋਏ ਕਾਨੂੰਨ ਮੰਤਰੀ ਰਵੀਸ਼ੰਕਰ ਪ੍ਰਸਾਦ ਨੇ ਕਿਹਾ ਕਿ ਪਿਛਲੇ ਸਾਲ ਦਸੰਬਰ ਵਿੱਚ ਲੋਕ ਸਭਾ ਤੋਂ ਪਾਸ ਕੀਤਾ, ਰਾਜ ਸਭਾ ‘ਚ ਪੈਂਡਿੰਗ ਸੀ, ਕਿਉਂਕਿ ਰਾਜ ਸਭਾ ਦਾ ਕਾਰਜਕਾਲ ਖ਼ਤਮ ਹੋ ਗਿਆ ਤਾਂ ਨਵੀਂ ਲੋਕ ਸਭਾ ‘ਚ ਸੰਵਿਧਾਨ ਦੀ ਪ੍ਰਕਿਰਿਆ ਦੇ ਅਧੀਨ ਨਵੇਂ ਸਿਰੇ ਤੋਂ ਨਵਾਂ ਬਿੱਲ ਲਿਆਏ ਹਾਂ। ਕਾਨੂੰਨ ‘ਤੇ ਬਹਿਸ ਅਤੇ ਉਸ ਦੀ ਵਿਆਖਿਆ ਅਦਾਲਤ ‘ਚ ਹੁੰਦੀ ਹੈ, ਲੋਕ ਸਭਾ ਨੂੰ ਕੋਰਟ ਨਾ ਬਣਾਓ। ਉਨ੍ਹਾਂ ਕਿਹਾ ਕਿ ਸ਼ਾਇਰਾ ਬਾਨੂੰ ਦੇ ਫੈਸਲੇ ‘ਚ ਸੁਪਰੀਮ ਕੋਰਟ ਨੇ ਕਿਹਾ ਕਿ ਤਿੰਨ ਤਲਾਕ ਦਾ ਮਾਮਲਾ ਮਨਮਾਨਿਆਂ ਅਤੇ ਗੈਰ-ਸੰਵਿਧਾਨਕ ਹੈ। ਇਹ ਸਵਾਲ ਨਾ ਸਿਆਸਤ ਦਾ ਹੈ, ਨਾ ਇਬਾਦਤ ਦਾ, ਨਾ ਧਰਮ ਦਾ, ਮਜਹਬ ਦਾ। ਇਹ ਸਵਾਲ ਹੈ ਨਾਰੀ ਨਾਲ ਨਿਆਂ ਅਤੇ ਮਾਣ ਦਾ। ਭਾਰਤ ਦੇ ਸੰਵਿਧਾਨ ‘ਚ ਆਰਟਿਕਲ 15 ਲਿੰਗ ਦੇ ਆਧਾਰ ‘ਤੇ ਭੇਦਭਾਵ ਨਾ ਹੋਣ ਦੀ ਗੱਲ ਕਹਿੰਦਾ ਹੈ। ਉਨ੍ਹਾਂ ਕਿਹਾ 70 ਸਾਲ ਬਾਅਦ ਕੀ ਸੰਸਦ ਨੂੰ ਨਹੀਂ ਸੋਚਣਾ ਚਾਹੀਦਾ ਕਿ 3 ਤਲਾਕ ਨਾਲ ਪੀੜਤ ਔਰਤਾਂ ਸੁਪਰੀਮ ਕੋਰਟ ਦੇ ਫੈਸਲੇ ਤੋਂ ਬਾਅਦ ਵੀ ਨਿਆਂ ਦੀ ਗੁਹਾਰ ਲੱਗਾ ਰਹੀ ਹੈ ਤਾਂ ਕੀ ਉਨ੍ਹਾਂ ਨੂੰ ਨਿਆਂ ਨਹੀਂ ਮਿਲਣਾ ਚਾਹੀਦਾ। ਸਾਲ 2017 ਵਿੱਚ 543 ਕੇਸ ਤਿੰਨ ਤਲਾਕ ਦੇ ਆਏ, 239 ਤਾਂ ਸੁਪਰੀਮ ਕੋਰਟ ਦੇ ਆਦੇਸ਼ ਤੋਂ ਬਾਅਦ ਆਏ। ਆਰਡੀਨੈਂਸ ਤੋਂ ਬਾਅਦ ਵੀ 31 ਮਾਮਲੇ ਸਾਹਮਣੇ ਆਏ। ਇਸ ਲਈ ਸਾਡੀ ਸਰਕਾਰ ਔਰਤਾਂ ਦੇ ਸਨਮਾਨ ਅਤੇ ਮਾਣ ਨਾਲ ਹੈ। ਜ਼ਿਕਰਯੋਗ ਹੈ ਕਿ ਮੋਦੀ ਸਰਕਾਰ ਨੇ ਸਤੰਬਰ 2018 ਅਤੇ ਫਰਵਰੀ 2019 ‘ਚ 2 ਵਾਰ ਤਿੰਨ ਤਲਾਕ ਆਰਡੀਨੈਂਸ ਜਾਰੀ ਕੀਤਾ ਸੀ, ਕਿਉਂਕਿ ਇਹ ਰਾਜ ਸਭਾ ਤੋਂ ਪਾਸ ਨਹੀਂ ਹੋ ਸਕਿਆ ਹੈ। ਇਸ ਮੌਕੇ ਕਾਂਗਰਸ ਨੇ ਤਿੰਨ ਤਲਾਕ ਬਿੱਲ ਪੇਸ਼ ਕੀਤੇ ਜਾਣ ਦਾ ਵਿਰੋਧ ਕੀਤਾ। ਤਿਰੁਅਨੰਤਪੁਰਮ ਤੋਂ ਕਾਂਗਰਸ ਸੰਸਦ ਮੈਂਬਰ ਸ਼ਸ਼ੀ ਥਰੂਰ ਨੇ ਬਿੱਲ ਦਾ ਇਹ ਕਹਿ ਕੇ ਵਿਰੋਧ ਕੀਤਾ ਕਿ ਇਹ ਭਾਈਚਾਰੇ ਦੇ ਆਧਾਰ ‘ਤੇ ਭੇਦਭਾਵ ਕਰਦਾ ਹੈ। ਥਰੂਰ ਨੇ ਕਿਹਾ ਕਿ ਮੈਂ ਤਿੰਨ ਤਲਾਕ ਦਾ ਵਿਰੋਧ ਨਹੀਂ ਕਰਦਾ ਪਰ ਇਸ ਬਿੱਲ ਦਾ ਵਿਰੋਧ ਕਰ ਰਿਹਾ ਹਾਂ। ਤਿੰਨ ਤਲਾਕ ਨੂੰ ਅਪਰਾਧਕ ਬਣਾਉਣ ਦਾ ਵਿਰੋਧ ਕਰਦਾ ਹਾਂ।