ਸਮਾਣਾ, 21 ਜੂਨ- ਭਾਰਤੀ ਹਵਾਈ ਫ਼ੌਜ ਦੇ ਏ.ਐੱਨ-32 ਜਹਾਜ਼ ਹਾਦਸੇ ‘ਚ ਸ਼ਹੀਦ ਹੋਏ ਸਮਾਣਾ ਦੇ ਲੈਫਟੀਨੈਂਟ ਮੋਹਿਤ ਗਰਗ ਦੀ ਮ੍ਰਿਤਕ ਦੇਹ ਸ਼ੁੱਕਰਵਾਰ ਨੂੰ ਉਨ੍ਹਾਂ ਦੇ ਘਰ ਪਹੁੰਚ ਗਈ ਸੀ, ਜਿਸ ਤੋਂ ਬਾਅਦ ਸਰਕਾਰੀ ਸਨਮਾਨਾਂ ਨਾਲ ਉਨ੍ਹਾਂ ਦਾ ਅੰਤਿਮ ਸਸਕਾਰ ਕੀਤਾ ਗਿਆ ਹੈ। ਉਨ੍ਹਾਂ ਦੇ ਅੰਤਿਮ ਸਸਕਾਰ ਵਿੱਚ ਹਜ਼ਾਰਾਂ ਲੋਕਾਂ ਨੇ ਸ਼ਿਰਕਤ ਕਰਕੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ। ਇਸ ਤੋਂ ਪਹਿਲਾਂ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਸਾਰੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ, ਜਿਸ ਬਾਅਦ ਸਭ ਦੀਆਂ ਮ੍ਰਿਤਕ ਦੇਹਾਂ ਉਨ੍ਹਾਂ ਦੇ ਘਰਾਂ ਤੱਕ ਪਹੁੰਚਾਈਆਂ ਗਈਆਂ। ਅੰਤਿਮ ਸਸਕਾਰ ਮੌਕੇ ਵੱਡੀ ਗਿਣਤੀ ‘ਚ ਫ਼ੌਜੀ ਅਧਿਕਾਰੀ ਤੇ ਜਵਾਨ ਉੱਥੇ ਮੌਜੂਦ ਸਨ,।ਇਸ ਦੌਰਾਨ ਹਵਾਈ ਫ਼ੌਜ ਦੇ ਅਧਿਕਾਰੀਆਂ ਨੇ ਸ਼ਹੀਦ ਫਲਾਇੰਗ ਲੈਫਟੀਨੈਂਟ ਮੋਹਿਤ ਗਰਗ ਦੀ ਧਰਮ ਪਤਨੀ ਨੂੰ ਕੌਮੀ ਝੰਡਾ ਤੇ ਸ਼ਹੀਦ ਦੀ ਕੈਪ ਸਪੁਰਦ ਕੀਤੀ। ਜ਼ਿਕਰਯੋਗ ਹੈ ਕਿ ਭਾਰਤੀ ਹਵਾਈ ਫੌਜ ਦੇ ਲਾਪਤਾ ਏ.ਐੱਨ.- 32 ਜਹਾਜ਼ ਹਾਦਸੇ ‘ਚ ਸਮਾਣਾ ਦਾ ਮੋਹਿਤ ਕੁਮਾਰ ਵੀ ਸ਼ਹੀਦ ਹੋ ਗਿਆ ਸੀ।। ਐੱਨ.ਡੀ.ਏ. ਦੀ ਹੋਈ ਚੋਣ ‘ਚ ਕਰੀਬ 13 ਸਾਲ ਭਾਰਤੀ ਹਵਾਈ ਫੌਜ ‘ਚ ਬਤੌਰ ਫਲਾਇੰਗ ਲੈਫ਼ਟੀਨੈਂਟ ਵਜੋਂ ਸੇਵਾਵਾਂ ਨਿਭਾਅ ਰਿਹਾ ਮੋਹਿਤ ਕੁਮਾਰ ਏ.ਐੱਨ.-32 ਜਹਾਜ਼ ਦੇ ਚਾਲਕ ਮੈਂਬਰਾਂ ‘ਚ ਸ਼ਾਮਿਲ ਸੀ। ਮੋਹਿਤ ਕੁਮਾਰ ਦਾ ਵਿਆਹ ਇੱਕ ਸਾਲ ਪਹਿਲਾਂ ਜਲੰਧਰ ਦੀ ਰਹਿਣ ਵਾਲੀ ਆਸਥਾ ਨਾਮੀ ਲੜਕੀ ਨਾਲ ਹੋਇਆ ਸੀ, ਜੋ ਕਿ ਆਸਾਮ ਵਿਖੇ ਇੱਕ ਬੈਂਕ ‘ਚ ਕੰਮ ਕਰਦੀ ਹੈ। ਜ਼ਿਕਰਯੋਗ ਹੈ ਕਿ ਬੀਤੀ 3 ਜੂਨ ਨੂੰ ਏ.ਐੱਨ.-32 ਜਹਾਜ਼ ਨੇ ਆਸਾਮ ਦੇ ਜੋਰਹਾਟ ਤੋਂ ਅਰੁਣਾਚਲ ਪ੍ਰਦੇਸ਼ ਲਈ ਉਡਾਣ ਭਰੀ ਸੀ।ਇਹ ਜਹਾਜ਼ ਉਡਾਣ ਭਰਨ ਦੇ ਕੁਝ ਸਮੇਂ ਬਾਅਦ ਹੀ ਲਾਪਤਾ ਹੋ ਗਿਆ ਸੀ।।ਜਿਸ ਤੋਂ ਬਾਅਦ ਭਾਰਤੀ ਹਵਾਈ ਫੌਜ ਦੇ ਲਾਪਤਾ ਏ.ਐੱਨ.- 32 ਜਹਾਜ਼ ਦਾ ਕੁਝ ਮਲਬਾ ਬੀਤੇ ਦਿਨੀਂ ਸਰਚ ਆਪਰੇਸ਼ਨ ਦੌਰਾਨ ਅਰੁਣਾਚਲ ਪ੍ਰਦੇਸ਼ ਦੇ ਲਿਪੋ ਦੇ ਉੱਤਰ ‘ਚੋਂ ਮਿਲਿਆ।