May 28, 2026 4:15 am

ਦਿੱਲੀ ਪੁਲਿਸ ਵੱਲੋਂ ਸਿੱਖ ਪਿਉ ਪੁੱਤਰ ਦੀ ਕੁੱਟਮਾਰ ਦੇ ਵਿਰੋਧ ਵਜੋਂ ਸਿੱਖ ਸੰਗਤਾਂ ਕੱਢਿਆ ਰੋਸ ਮਾਰਚ, ਸਿੰਘ ਸਾਹਿਬ ਨੇ ਕੀਤਾ ਰਵਾਨਾ

ਤਲਵੰਡੀ ਸਾਬੋ 21 ਜੂਨ (ਰਾਮ ਰੇਸ਼ਮ ਨਥੇਹਾ) ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਬੀਤੇ ਦਿਨ ਇੱਕ ਟੈਂਪੂ ਡਰਾਈਵਰ ਸਿੱਖ ਅਤੇ ਉਸਦੇ ਪੁੱਤਰ ਦੀ ਦਿੱਲੀ ਪੁਲਿਸ ਵੱਲੋਂ ਕੁੱਟਮਾਰ ਕਰਨ ਦੇ ਰੋਸ ਵਜੋਂ ਅੱਜ ਸਥਾਨਕ ਸਿੱਖ ਸੰਗਤਾਂ ਨੇ ਵੀ ਤਖਤ ਸ੍ਰੀ ਦਮਦਮਾ ਸਾਹਿਬ ਤੋਂ ਨਿਸ਼ਾਨ ਏ ਖਾਲਸਾ ਚੌਂਕ ਤੱਕ ਇੱਕ ਰੋਸ ਮਾਰਚ ਕੱਢਿਆ ਜਿਸਨੂੰ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਤਖਤ ਸਾਹਿਬ ਤੋਂ ਰਵਾਨਾ ਕੀਤਾ।ਤਖਤ ਸਾਹਿਬ ਵਿਖੇ ਮਾਰਚ ਨੂੰ ਰਵਾਨਾ ਕਰਨ ਤੋਂ ਪਹਿਲਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਦਿੱਲੀ ਪੁਲਿਸ ਦੇ ਕਾਰੇ ਦੀ ਨਿਖੇਧੀ ਕਰਦਿਆਂ ਕਿਹਾ ਕਿ ਸਮੇਂ ਸਮੇਂ ਤੇ ਦੇਸ਼ ਵਿੱਚ ਵੱਖ ਵੱਖ ਥਾਂਵਾ ਤੇ ਸਿੱਖਾਂ ਨਾਲ ਹੁੰਦੀਆਂ
ਧੱਕੇਸ਼ਾਹੀਆਂ ਉਨਾਂ ਨੂੰ ਬੇਗਾਨਗੀ ਦਾ ਅਹਿਸਾਸ ਕਰਵਾ ਦਿੰਦੀਆਂ ਹਨ ਜਦੋਂਕਿ ਦੇਸ਼ ਦੀ ਆਜਾਦੀ ਲਈ ਸਭ ਤੋਂ ਵੱਧ ਕੁਰਬਾਨੀਆਂ ਸਿੱਖਾਂ ਨੇ ਕੀਤੀਆਂ।ਉਨਾਂ ਕਿਹਾ ਕਿ ਸ਼ਰਮ ਦੀ ਗੱਲ ਹੈ ਕਿ ਜਿਸ ਦਿੱਲੀ ਦੀ ਧਰਤੀ ਤੇ ਹਿੰਦੂਆਂ ਦੇ ਜਨੇਊਆਂ ਦੀ ਰਾਖੀ ਲਈ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦੁਰ ਸਾਹਿਬ ਨੇ ਆਪਣੀ ਸ਼ਹਾਦਤ ਦੇ ਦਿੱਤੀ ਉਸੇ ਧਰਤੀ ਤੇ ਪਹਿਲਾਂ 1984 ਕਤਲੇਆਮ ਕਰਕੇ ਤੇ ਹੁਣ ਇੱਕ ਵਾਰ ਫਿਰ ਸਿੱਖਾਂ ਦੀ ਕੁੱਟਮਾਰ ਕਰਕੇ ਉਨਾਂ ਨੂੰ ਪਰਾਏ ਹੋਣ ਦਾ ਅਹਿਸਾਸ ਕਰਵਾਇਆ ਗਿਆ।ਉਨਾਂ ਨੇ ਇਸ ਗੱਲੋਂ ਸਿੱਖਾਂ ਦੀ ਸ਼ਲਾਘਾ ਕੀਤੀ ਗਈ ਕਿ ਧੜ੍ਹੇਬੰਦੀ ਤੋਂ ਉੱਪਰ ਉੱਠ ਕੇ ਸਭ ਨੇ ਇਸ ਘਟਨਾ ਦੇ ਵਿਰੋਧ ਵਿੱਚ ਆਵਾਜ ਬੁਲੰਦ ਕੀਤੀ ਤਾਂ ਪੁਲਿਸ ਵਿਰੁੱਧ ਕਾਰਵਾਈ ਸੰਭਵ ਹੋ ਸਕੀ ਹੈ।ਇਸ ਮੌਕੇ ਮਾਰਚ ਵਿੱਚ ਸੰਪ੍ਰਦਾਇ ਮਸਤੂਆਣਾ ਦੇ ਮੁਖੀ ਬਾਬਾ ਛੋਟਾ ਸਿੰਘ ਨੇ ਵੀ ਵਿਸ਼ੇਸ ਤੌਰ ਤੇ ਸ਼ਿਰਕਤ ਕਰਦਿਆਂ ਘਟਨਾ ਦੀ ਪੁਰਜੋਰ ਨਿਖੇਧੀ ਕੀਤੀ।ਮਾਰਚ ਵਿੱਚ ਤਖਤ ਸਾਹਿਬ ਦੇ ਮੈਨੇਜਰ ਭਾਈ ਕਰਨ ਸਿੰਘ,ਹੈੱਡ ਗ੍ਰੰਥੀ ਭਾਈ ਗੁਰਜੰਟ ਸਿੰਘ,ਭਾਈ ਅਵਤਾਰ ਸਿੰਘ ਰਾਗੀ ਮਸਤੂਆਣਾ ਸਾਹਿਬ,ਮਾ.ਕੁਲਦੀਪ ਸਿੰਘ ਗੋਸਲ,ਡੀ.ਸੀ ਸਿੰਘ,ਅਵਤਾਰ ਸਿੰਘ ਚੋਪੜਾ ਸਾਬਕਾ ਉੱਪ ਚੇਅਰਮੈਨ,ਸਰਬਜੀਤ ਸਿੰਘ ਪ੍ਰਧਾਨ ਗੱਤਕਾ ਦਲ,ਮਾ.ਕਰਨੈਲ ਸਿੰਘ,ਜੁਗਰਾਜ ਸਿੰਘ ਜੇ.ਈ.,ਸੋਨੀ ਸਿੰਘ ਖਾਲਸਾ,ਮਾ.ਮਨਦੀਪ ਸਿੰਘ ਤੇ ਰਾਜਪ੍ਰੀਤ ਸਿੰਘ ਆਦਿ ਹਾਜਿਰ ਸਨ।

Send this to a friend