ਮਾਲੇਰਕੋਟਲਾ, 20 ਜੂਨ (ਅਸ਼ੋਕ ਜੋਸ਼ੀ)- ਸਥਾਨਕ ਸਿੱਖ ਮੁਸਲਿਮ ਸਾਂਝਾ ਆਰਗਨਾਇਜੇਸ਼ਨ ਨੇ ਦਿੱਲੀ ਪੁਲਿਸ ਵੱਲੋਂ ਸਿੱਖ ਪਿਤਾ ਪੁੱਤਰ ਆਟੋ ਚਾਲਕ ਦੀ ਬੇਰਹਿਮੀ ਨਾਲ ਕੀਤੀ ਅਣਮਨੁੱਖੀ ਕੁੱਟਮਾਰ ਦੀ ਸਖਤ ਨਿਖੇਧੀ ਕਰਦਿਆਂ ਮੰਗ ਕੀਤੀ ਹੈ ਕਿ ਇਸ ਘਟਨਾ ਲਈ ਜਿੰਮੇਵਾਰ ਸਾਰੇ ਪੁਲਿਸ ਕਰਮੀਆਂ ਨੂੰ ਨੌਕਰੀਓਂ ਕੱਢਿਆ ਜਾਵੇ ਤੇ ਉਨਾਂ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ। ਆਰਗੇਨਾਇਜੇਸ਼ਨ ਦੇ ਆਗੂਆਂ ਨਸੀਰ ਅਖਤਰ, ਹਾਜੀ ਮੁਸ਼ਤਾਕ, ਚੌਧਰੀ ਸ਼ਬੀਰ ਅਬਦਾਲੀ, ਮਾਸਟਰ ਤਾਰਿਕ, ਮਾਸਟਰ ਪ੍ਰਵੇਜ, ਮਾਸਟਰ ਸਲੀਮ ਮੁਹੰਮਦ ਰਸ਼ੀਦ , ਜਸਵਿੰਦਰ ਸਿੰਘ ਅਤੇ ਮੁਹੰਮਦ ਰਿਆਜ ਨੇ ਕਿਹਾ ਕਿ ਦਿੱਲੀ ਪੁਲਿਸ ਵੱਲੋਂ ਸਿੱਖ ਵਿਅਕਤੀਆਂ ਤੇ ਜਾਨਲੇਵਾ ਹਮਲਾ ਕਰਕੇ ਭਾਰਤ ਵਿਚ ਘੱਟ ਗਿਣਤੀਆਂ ਦੇ ਅਸੁਰੱਖਿਅਤ ਹੋਣ ਦਾ ਸਬੂਤ ਦਿੱਤਾ ਹੈ ਅਤੇ ਆਟੋ ਚਾਲਕ ਸਿੱਖ ਪਿਤਾ ਪੁੱਤਰ ਦੀ ਬੇਰਹਿਮੀ ਨਾਲ ਕੁੱਟਮਾਰ ਕਰਕੇ 1984 ਦੇ ਸਿੱਖ ਕਤਲੇਆਮ ਦੀ ਯਾਦ ਤਾਜ਼ਾ ਕਰਵਾ ਦਿੱਤੀ ਹੈ। ਉਨਾਂ ਕਿਹਾ ਕਿ ਪੁਲਿਸ ਨੇ ਕਾਨੂੰਨ ਨੂੰ ਹੱਥ ਲੈ ਕੇ ਸਰਬਜੀਤ ਸਿੰਘ ਅਤੇ ਉਸਦੇ ਨਾਬਾਲਗ ਪੁੱਤਰ ਦੀ ਅਣਮਨੁੱਖੀ ਕੁੱਟਮਾਰ ਕੀਤੀ ਹੈ ਇਸ ਲਈ ਉਨਾਂ ਖਿਲਾਫ ਇਰਾਦਾ ਕਤਲ ਅਤੇ ਧਾਰਾ 295 ਏ ਅਧੀਨ ਮਾਮਲਾ ਵੀ ਦਰਜ ਕੀਤਾ ਜਾਵੇ । ਉਨਾਂ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਦਿੱਲੀ ਸਮੇਤ ਦੇਸ਼ ਦੇ ਹੋਰਨਾਂ ਹਿੱਸਿਆਂ ਵਿੱਚ ਵੀ ਸਿੱਖਾਂ ਅਤੇ ਦੂਜੀਆਂ ਘੱਟ ਗਿਣਤੀਆਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ।