ਭਾਰਤ ਵਿੱਚ ਨਾਗਰਿਕ ਥੋੜ੍ਹੇ ਹਨ ‘ਸ਼ਹੀਦ’ ਜ਼ਿਆਦਾ। ਇਸ ਮੁਲਕ ਵਿੱਚ ਪਤਾ ਨਹੀਂ ਕਦੇ ਕੋਈ ‘ਸ਼ਹੀਦ’ ਦਾ ਰੁਤਬਾ ਪ੍ਰਾਪਤ ਕਰ ਲਵੇ। ‘ਸ਼ਹੀਦਾਂ’ ਦੇ ਨਾਮ ‘ਤੇ ਸਿਆਸਤ ਕੋਈ ਨਵਾਂ ਵਰਤਾਰਾ ਨਹੀਂ ਹੈ। ਨਵਾਂ ਵਰਤਾਰਾ ਇਹ ਹੈ ਕਿ ਕੁਝ ਲੋਕ ‘ਸ਼ਹੀਦਾਂ’ ਦੇ ਨਾਮ ਉੱਪਰ ਹਿੰਦੋਸਤਾਨ ਦੇ ਲੋਕਤੰਤਰ ਨੂੰ ਤਾਨਾਸ਼ਾਹੀ ਵਿੱਚ ਬਦਲਣ ਲਈ ਯਤਨਸ਼ੀਲ ਹਨ। ਅਜਿਹੇ ਲੋਕਾਂ ਦਾ ਖਿਆਲ ਹੈ ਕਿ ਉਹ ‘ਸ਼ਹੀਦਾਂ’ ਦੇ ਨਾਮ ਉੱਪਰ ਇਸ ਦੇਸ਼ ਦੇ ਕਿਸੇ ਵੀ ਨਿਰਦੋਸ਼ ਨਾਗਰਿਕ ਨੂੰ ਬਿਨ੍ਹਾਂ ਕਿਸੇ ਦਲੀਲ-ਅਪੀਲ ਫਾਂਸੀ ‘ਤੇ ਚੜ੍ਹਾ ਸਕਦੇ ਹਨ। ‘ਸ਼ਹੀਦਾਂ’ ਦੇ ਪਰਿਵਾਰਾਂ ਦੀ ਇਸ ਸਿਆਸਤ ਦਾ ਰੰਗ ਚੋਣਾਂ ਦੌਰਾਨ ਦੇਖਣ ਨੂੰ ਮਿਲਿਆ ਹੈ। ‘ਸ਼ਹੀਦਾਂ’ ਦੇ ਇਹ ਪਰਿਵਾਰ ਅਤੇ ਸਮਰੱਥਕ ਆਪਣੀ ਪੀੜਾ ਨੂੰ ਹੁਣ ਦੂਸਰਿਆਂ ਦੇ ਸਿਰ ਉੱਪਰ ਲੱਦਣਾ ਚਾਹੁੰਦੇ ਹਨ, ਸ਼ਾਇਦ ਖੁੱਦ ਜੱਜ ਬਣਨ ਦੀ ਕੋਸ਼ਿਸ਼ ਵਿੱਚ ਵੀ ਹਨ। ਪੁਲਵਾਮਾ ਹਮਲੇ ਤੋਂ ਬਾਅਦ ਦੇਸ਼ ਵਿੱਚ ਅਜਿਹਾ ਮਾਹੌਲ ਬਣਾਇਆ ਗਿਆ ਹੈ ਜਿਸ ਤਰ੍ਹਾਂ ਸਾਰਾ ਭਾਰਤ ਹੀ ਦੇਸ਼ ਵਿਰੋਧੀ ਹੋਵੇ। ਭਾਰਤ ਦੀ ਪਾਰਲੀਮੈਂਟ ਉੱਪਰ ਹੋਏ ਹਮਲੇ ਤੋਂ ਬਾਅਦ ਵੀ ਅਜਿਹੇ ਹਾਲਾਤ ਬਣਾਏ ਗਏ ਸਨ। ਇਹ ਬਹੁਤ ਹੀ ਮੰਦਭਾਗਾ ਵਰਤਾਰਾ ਹੈ। ਪੰਜਾਬ ਵਿੱਚ ਵੀ ਸਾਕਾ ਨੀਲਾ ਤਾਰਾ ਦੀ 35ਵੀਂ ਵਰ੍ਹੇਗੰਢ ਮੌਕੇ ਅਜਿਹੇ ਹਾਲਾਤ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਪੰਜਾਬ ਵਿੱਚ ਕੁਝ ਅਜਿਹੇ ਅਨਸਰ ਸਰਗਰਮ ਹਨ ਜੋ ਅਜਿਹੀ ਮਾਰੂ ਸਰਗਰਮੀ ਕਰ ਰਹੇ ਹਨ, ਜਿਸ ਨਾਲ ਪੰਜਾਬ ਵਿੱਚ ਆਪਸੀ ਟਕਰਾਅ ਵੱਧ ਸਕਦਾ ਹੈ। ਸ਼ਹੀਦਾਂ’ ਦੇ ਇਹ ਪਰਿਵਾਰ ਰਾਸ਼ਟਰ ਲਈ ਸਨਮਾਨਯੋਗ ਹੋ ਸਕਦੇ ਹਨ ਪ੍ਰੰਤੂ ਉਨ੍ਹਾਂ ਨੂੰ ਇਹ ਹੱਕ ਕੋਈ ਨਹੀਂ ਦੇ ਸਕਦਾ ਕਿ ਇਸ ਦੇਸ਼ ਦੀ ਚੰਗੀ ਭਲੀ ਲੋਕਤੰਤਰੀ ਪ੍ਰਣਾਲੀ ਨੂੰ ਤਾਨਾਸ਼ਾਹੀ ਵਿੱਚ ਬਦਲ ਦਿੱਤਾ ਜਾਵੇ। ਅਸਲ ਵਿੱਚ ਉਹ ਇੱਕ ਮਾੜੀ ਰਾਜਨੀਤੀ ਦਾ ਸ਼ਿਕਾਰ ਹੋ ਗਏ ਹਨ। ਇਹ ਰਾਜਨੀਤੀ ਹੈ ਮੁਲਕ ਵਿੱਚ ਫਿਰਕੂ ਵੰਡੀ ਪਾਉਣ ਲਈ ਤਰੱਦਲ ਕਰਨ। ‘ਸ਼ਹੀਦਾਂ’ ਦੇ ਪਰਿਵਾਰਾਂ ਨੂੰ ਭੜਕਾ ਕੇ ਰਾਜਨੀਤੀ ਕਰਨ ਵਾਲੇ ਲੋਕ ਹੀ ਅਸਲ ਵਿੱਚ ਇਸ ਦੇਸ਼ ਦੇ ਦੁਸ਼ਮਣ ਹਨ, ਜਿਹੜੇ ਲਗਾਤਾਰ ਅੱਗ ਲਾਉਣ ਦਾ ਯਤਨ ਕਰ ਰਹੇ ਹਨ। ਇਨ੍ਹਾਂ ਅਨਸਰਾਂ ਦੇ ਅੰਦਰਲਾ ਮਨੁੱਖ ਮਰ ਗਿਆ ਹੈ। ਉਨ੍ਹਾਂ ਨੂੰ ਇਸ ਗੱਲ ਦਾ ਵੀ ਖਿਆਲ ਨਹੀਂ ਕਿ ਆਮ ਲੋਕਾਂ ਦੇ ਵੀ ਮਾਨਵੀ ਹੱਕ ਹਨ। ਹਿੰਦੋਸਤਾਨ ਦੇ ਸਾਰੇ ਨਾਗਰਿਕ ਇਕ ਬਰਾਬਰ ਹਨ। ਉਨ੍ਹਾਂ ਸਾਰਿਆਂ ਨੂੰ ਇਕੋ ਜਿਹੇ ਅਧਿਕਾਰ ਹਨ। ਸਾਰੇ ਨਾਗਰਿਕਾਂ ਦੀ ਆਪੋ-ਆਪਣੀ ਸੋਚ ਅਤੇ ਜ਼ਿੰਦਗੀ ਹੈ। ਉਨ੍ਹਾਂ ਦੀ ਜ਼ਿੰਦਗੀ ਅਤੇ ਸੋਚ ਵਿੱਚ ਕਿਸੇ ਨੂੰ ਵੀ ਦਖਲ ਦਾ ਹੱਕ ਨਹੀਂ ਹੈ। ਦੇਸ਼ ਵਿੱਚ ਸਾਰੇ ਨਾਗਰਿਕਾਂ ਨੂੰ ਆਪਸੀ ਭਾਈਚਾਰਾ ਬਣਾ ਕੇ ਰੱਖਣਾ ਚਾਹੀਦਾ ਹੈ। ਇਹ ਦੇਸ਼ ਮਿਲਜੁਲ ਕੇ ਚੱਲਣ ਨਾਲ ਹੀ ਅੱਗੇ ਚੱਲ ਸਕਦਾ ਹੈ। ਟਕਰਾਅ ਦਾ ਕੋਈ ਵੀ ਰਸਤਾ ਤਬਾਹੀ ਵੱਲ ਜਾਂਦਾ ਹੈ।
– ਬਲਜੀਤ ਸਿੰਘ ਬਰਾੜ