June 1, 2026 8:54 pm

ਮੋਦੀ ਨੂੰ ਘੇਰਣ ਦੀ ਤਿਆਰੀ : ਕੇਂਦਰੀ ਕੈਬਨਿਟ ਵੱਲੋਂ ਗੁਜਰਾਤ ਜਾਸੂਸੀ ਮਾਮਲੇ ਦੀ ਜਾਂਚ ਲਈ ਕਮਿਸ਼ਨ ਗਠਿਤ ਕਰਨ ਦਾ ਫੈਸਲਾ

ਸ਼ਿਮਲਾ 2 ਮਈ (ਪੀ.ਟੀ.) – ਸਰਕਾਰ ਨੇ ਅੱਜ ਕਿਹਾ ਹੈ ਕਿ ਲੋਕ ਸਭਾ ਚੋਣਾਂ ਲਈ ਪਈਆਂ ਵੋਟਾਂ ਦੀ ਗਿਣਤੀ ਤੋਂ ਪਹਿਲਾਂ ਗੁਜਰਾਤ ਜਾਸੂਸੀ ਮਾਮਲੇ ਦੀ ਜਾਂਚ ਲਈ ਜੱਜ ਦੀ ਨਿਯੁਕਤੀ ਕਰ ਦਿੱਤੀ ਜਾਵੇਗੀ। ਗ੍ਰਹਿ ਮੰਤਰੀ ਸੁਸ਼ੀਲ ਕੁਮਾਰ ਸ਼ਿੰਦੇ ਨੇ ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਹੈ ਕਿ ਕੈਬਨਿਟ ਨੇ ਗੁਜਰਾਤ ’ਚ ਇਕ ਔਰਤ ਦੀ ਜਾਸੂਸੀ ਕਰਨ ਦੇ ਮਾਮਲੇ ਦੀ ਜਾਂਚ ਲਈ ਕਮਿਸ਼ਨ ਨਿਯੁਕਤ ਕਰਨ ਦਾ ਫੈਸਲਾ ਲੈ ਲਿਆ ਹੈ ਤੇ ਅਸੀਂ ਬਹੁਤ ਛੇਤੀ 16 ਮਈ ਤੋਂ ਪਹਿਲਾਂ ਜੱਜ ਦੀ ਨਿਯੁਕਤੀ ਕਰ ਦੇਵਾਂਗੇ। ਇਹ ਪੁੱਛੇ ਜਾਣ ’ਤੇ ਕਿ ਲੋਕ ਸਭਾ ਚੋਣਾਂ ਦਰਮਿਆਨ ਜੱਜ ਦੀ ਨਿਯੁਕਤੀ ਆਦਰਸ਼ ਚੋਣ ਜਾਬਤੇ ਦੀ ਉਲੰਘਣਾ ਨਹੀਂ ਹੋਵੇਗੀ ਤਾਂ ਸ਼ਿੰਦੇ ਨੇ ਕਿਹਾ ਕਿ ਅਜਿਹਾ ਨਹੀਂ ਹੈ ਕਿਉਂਕਿ ਕੇਂਦਰੀ ਕੈਬਨਿਟ ਨੇ ਇਹ ਫੈਸਲਾ 4 ਮਹੀਨੇ ਤੋਂ ਵੀ ਵਧ ਸਮਾਂ ਪਹਿਲਾਂ ਲੈ ਲਿਆ ਸੀ।

ਸ਼ਿੰਦੇ ਨੇ ਹੋਰ ਕਿਹਾ ਕਿ ‘‘ਮੈਂ ਫਿਕਰਮੰਦ ਹਾਂ। ਜਿਸ ਢੰਗ ਨਾਲ ਗੁਜਰਾਤ ਦੇ ਮੁਖ ਮੰਤਰੀ ਨੇ ਇਕ ਔਰਤ ਦੇ ਨਿੱਜੀ ਜੀਵਨ ‘ਚ ਝਾਕਕੇ ਵੇਖਿਆ ਹੈ, ਉਸ ਤੋਂ ਮੈਂ ਫਿਕਰਮੰਦ ਹਾਂ ਕਿ ਦੇਸ਼ ਦੀਆਂ ਔਰਤਾਂ ਦਾ ਕੀ ਬਣੇਗਾ ਜੇਕਰ ਅਜਿਹਾ ਵਿਅਕਤੀ ਦੇਸ਼ ਦਾ ਪ੍ਰਧਾਨ ਮੰਤਰੀ ਬਣ ਜਾਂਦਾ ਹੈ।’’
ਦਿੱਲੀ ਤੋਂ ਇਕ ਹੋਰ ਖ਼ਬਰ ਮੁਤਾਬਿਕ ਗੁਜਰਾਤ ਦੇ ਔਰਤ ਜਾਸੂਸੀ ਕਾਂਡ ’ਤੇ ਕੇਂਦਰ ਸਰਕਾਰ ਭਾਜਪਾ ਦੇ ਪੀਐਮ ਅਹੁੱਦੇ ਦੇ ਉਮੀਦਵਾਰ ਨਰਿੰਦਰ ਮੋਦੀ ਨੂੰ ਘੇਰਨ ਦੀ ਤਿਆਰੀ ਕਰ ਰਹੀ ਹੈ। ਕਾਨੂੰਨ ਮੰਤਰੀ ਕਪਿਲ ਸਿੱਬਲ ਨੇ ਇਸ ਮਾਮਲੇ ’ਤੇ ਸ਼ੁੱਕਰਵਾਰ ਨੂੰ ਕਿਹਾ ਹੈ ਕਿ ਗੁਜਰਾਤ ਜਾਸੂਸੀ ਕਾਂਡ ਦੀ ਜਾਂਚ ਲਈ ਜਾਂਚ ਕਮਿਸ਼ਨ ਦਾ ਗਠਨ ਹੋ ਚੁੱਕਾ ਹੈ। ਸਿੱਬਲ ਦਾ ਕਹਿਣਾ ਹੈ ਕਿ ਜੇਕਰ ਜਾਸੂਸੀ ਕਾਂਡ ਦੀ ਜਾਂਚ ਹੋਵੇਗੀ ਤਾਂ ਇਸਤੋਂ ਭਾਜਪਾ ਤੇ ਮੋਦੀ ਘਬਰਾ ਕਿਉਂ ਰਹੇ ਹਨ। ਮੰਨਿਆ ਜਾ ਰਿਹਾ ਹੈ ਕਿ ਸਰਕਾਰ ਇਲਾਹਾਬਾਦ ਹਾਈਕੋਰਟ ਦੇ ਜੱਜ ਤੋਂ ਜਾਂਚ ਕਰਵਾਉਣ ਦੀ ਸਿਫਾਰਿਸ਼ ਕਰ ਸਕਦੀ ਹੈ। ਸਿੱਬਲ ਨੇ ਕਿਹਾ ਕਿ ਜਾਸੂਸੀ ਕਾਂਡ ਦੀ ਜਾਂਚ ਕਮਿਸ਼ਨ ਦੇ ਜੱਜ ਦੀ ਨਿਯੁਕਤੀ 16 ਮਈ ਤੋਂ ਪਹਿਲਾਂ ਕਰ ਲਈ ਜਾਵੇਗੀ। ਗੌਰਤਲਬ ਹੈ ਕਿ 16 ਮਈ ਨੂੰ ਦੇਸ਼ ’ਚ ਲੋਕਸਭਾ ਚੋਣਾਂ ਦੀ ਗਿਣਤੀ ਹੋਵੇਗੀ। ਗੁਜਰਾਤ ਦੇ ਕਥਿਤ ਜਾਸੂਸੀ ਕਾਂਡ ’ਚ ਨਰਿੰਦਰ ਮੋਦੀ ਤੇ ਉਨ੍ਹਾਂ ਦੀ ਸਰਕਾਰ ’ਚ ਮੰਤਰੀ ਅਮਿਤ ਸ਼ਾਹ ’ਤੇ ਇੱਕ ਔਰਤ ਦੀ ਕਥਿਤ ਜਾਸੂਸੀ ਦੇ ਇਲਜ਼ਾਮ ਲੱਗਦੇ ਰਹੇ ਹਨ ਤੇ ਕਈ ਵਾਰ ਇਸਦੀ ਜਾਂਚ ਦੀ ਮੰਗ ਵੀ ਉੱਠਦੀ ਰਹੀ ਹੈ।

Send this to a friend