ਗਲਪਕਾਰ, ਪੱਤਰਕਾਰ ਤੇ ਫ਼ਿਲਮਸਾਜ਼ : ਖਵਾਜਾ ਅਹਿਮਦ ਅੱਬਾਸ

ਖ਼ਵਾਜਾ ਅਹਿਮਦ ਅੱਬਾਸ ( 7 ਜੂਨ 1914 -1 ਜੂਨ 1987) ਨੂੰ ਆਮ ਲੋਕਾਂ ਵਿੱਚ ਕੇ. ਏ. ਅੱਬਾਸ ਵਜੋਂ ਜਾਣਿਆ ਜਾਂਦਾ ਹੈ। ਉਹ ਇੱਕ ਪ੍ਰਸਿੱਧ ਫਿਲਮ- ਨਿਰਦੇਸ਼ਕ, ਗਲਪਕਾਰ ਅਤੇ ਪਟਕਥਾ ਲੇਖਕ ਦੇ ਨਾਲ- ਨਾਲ ਉਰਦੂ, ਹਿੰਦੀ ਤੇ ਅੰਗਰੇਜ਼ੀ ਦਾ ਵਧੀਆ ਪੱਤਰਕਾਰ ਵੀ ਸੀ। ਉਹਨੇ ਕਈ ਮਹੱਤਵਪੂਰਨ ਤੇ ਚਰਚਿਤ ਹਿੰਦੀ ਫ਼ਿਲਮਾਂ ਵੀ ਬਣਾਈਆਂ, ਜਿਨ੍ਹਾਂ ਵਿੱਚ ‘ਪਰਦੇਸੀ’ (1957), ‘ਸ਼ਹਿਰ ਔਰ ਸਪਨਾ’ (1963), ‘ਸਾਤ ਹਿੰਦੁਸਤਾਨੀ'(1969) ਅਤੇ ‘ਦੋ ਬੂੰਦ ਪਾਨੀ'(1972) ਜ਼ਿਕਰਯੋਗ ਹਨ। ਇਨ੍ਹਾਂ ਫ਼ਿਲਮਾਂ ਨੂੰ ‘ਨੈਸ਼ਨਲ ਫ਼ਿਲਮ ਪੁਰਸਕਾਰ’ ਪ੍ਰਦਾਨ ਕੀਤੇ ਗਏ।
ਪਟਕਥਾ ਲੇਖਕ ਵਜੋਂ ਅੱਬਾਸ ਨੂੰ ਨਵ- ਯਥਾਰਥਕ ਸਿਨੇਮਾ ਦੇ ਮੋਢੀਆਂ ਵਿੱਚ ਸ਼ਾਮਲ ਕੀਤਾ ਜਾਂਦਾ ਹੈ। ਜਿਸਨੇ ‘ਨੀਚਾ ਨਗਰ’, ‘ਜਾਗਤੇ ਰਹੋ’, ‘ਧਰਤੀ ਕੇ ਲਾਲ’, ‘ਆਵਾਰਾ’, ‘ਨਯਾ ਸੰਸਾਰ’ ਜਿਹੀਆਂ ਫ਼ਿਲਮਾਂ ਬਣਾਈਆਂ। ਇਸ ਤੋਂ ਬਿਨਾਂ ਉਸ ਨੇ ਰਾਜ ਕਪੂਰ ਦੀਆਂ ‘ਸ੍ਰੀ 420’, ‘ਮੇਰਾ ਨਾਮ ਜੋਕਰ’, ‘ਬਾਬੀ’ ਅਤੇ ‘ਹਿਨਾ’ ਵੀ ਲਿਖੀਆਂ।
ਉਸ ਦਾ ਪ੍ਰਸਿੱਧ ਕਾਲਮ ‘ਦ ਲਾਸਟ ਪੇਜ’ ਭਾਰਤੀ ਪੱਤਰਕਾਰੀ ਦੇ ਇਤਿਹਾਸ ਵਿੱਚ ਸਭ ਤੋਂ ਲੰਮਾ ਕਾਲਮ ਮੰਨਿਆ ਜਾਂਦਾ ਹੈ। ਇਹ ਕਾਲਮ 1935 ਵਿੱਚ ‘ਬਾਂਬੇ ਕ੍ਰਾਨੀਕਲ’ ਤੋਂ ਛਪਣਾ ਸ਼ੁਰੂ ਹੋਇਆ ਸੀ ਅਤੇ ਇਹਦੇ ਬੰਦ ਹੋਣ ਤੇ ਉਹਦੇ ਜੀਵਨ ਦੇ ਅੰਤ (1987) ਤੱਕ ‘ਬਲਿਟਿਜ਼’ ਵਿੱਚ ਲਗਾਤਾਰ ਛਪਦਾ ਰਿਹਾ। ਇਸ ਕਾਲਮ ਨੂੰ ਪਿੱਛੋਂ ਦੋ ਕਿਤਾਬਾਂ ਵਿੱਚ ਸੰਪਾਦਿਤ ਕੀਤਾ ਗਿਆ।
ਅੱਬਾਸ ਦਾ ਜਨਮ ਹਰਿਆਣਾ ਦੇ ਪ੍ਰਸਿੱਧ ਸ਼ਹਿਰ ਪਾਣੀਪਤ ਵਿਚ ਹੋਇਆ। ਉਰਦੂ ਦੇ ਚਰਚਿਤ ਕਵੀ ਖਵਾਜਾ ਅਲਤਾਫ਼ ਹੁਸੈਨ ਹਾਲੀ, ਜੋ ਮਿਰਜ਼ਾ ਗਾਲਿਬ ਦੇ ਵਿਦਿਆਰਥੀ ਰਹੇ, ਉਸ ਦੇ ਪਿਤਾ ਸਨ। ਉਸ ਦੇ ਦਾਦਾ ਖਵਾਜਾ ਗ਼ੁਲਾਮ ਅੱਬਾਸ 1857 ਦੇ ਗ਼ਦਰ ਦੇ ਮੋਢੀ ਕ੍ਰਾਂਤੀਕਾਰੀਆਂ ਵਿੱਚੋਂ ਇੱਕ ਸਨ। ਉਸ ਦੀ ਮਾਂ ਮਸਰੂਰ ਖ਼ਾਤੂਨ ਪ੍ਰਸਿੱਧ ਸਿੱਖਿਆ ਸ਼ਾਸਤਰੀ ਸੱਜਾਦ ਹੁਸੈਨ ਦੀ ਬੇਟੀ ਸੀ। ਉਸ ਨੇ ਮੁੱਢਲੀ ਪੜ੍ਹਾਈ ਹਾਲੀ ਮੁਸਲਿਮ ਹਾਈ ਸਕੂਲ ਤੋਂ ਪ੍ਰਾਪਤ ਕੀਤੀ, ਜੋ ਉਸਦੇ ਪੜਦਾਦਾ ਹਾਲੀ ਨੇ ਸਥਾਪਤ ਕੀਤਾ ਸੀ। ਸੱਤਵੀਂ ਤੱਕ ਉਹ ਪਾਣੀਪਤ ਵਿਖੇ ਹੀ ਪੜ੍ਹਿਆ। ਉਹਨੇ ਪਵਿੱਤਰ ਕੁਰਾਨ ਨੂੰ ਅਰਬੀ ਭਾਸ਼ਾ ਵਿੱਚ ਪੜ੍ਹਿਆ। ਪੰਦਰਾਂ ਸਾਲ ਦੀ ਉਮਰ ਵਿੱਚ ਉਹਨੇ ਦਸਵੀਂ ਪਾਸ ਕੀਤੀ। 1933 ਵਿੱਚ ਅੰਗਰੇਜ਼ੀ ਸਾਹਿਤ ਨਾਲ ਬੀ.ਏ.ਪਾਸ ਕਰਨ ਪਿੱਛੋਂ ਉਹਨੇ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਤੋਂ ਵਕਾਲਤ ਦੀ ਡਿਗਰੀ ਹਾਸਲ ਕਰ ਲਈ।ਅੱਬਾਸ ਨੇ ਬੀ.ਏ.ਕਰਨ ਪਿੱਛੋਂ ਆਪਣੇ ਕੈਰੀਅਰ ਦੀ ਸ਼ੁਰੂਆਤ ਨਵੀਂ ਦਿੱਲੀ ਦੇ ‘ਨੈਸ਼ਨਲ ਕਾਲ’ ਰਾਹੀਂ ਬਤੌਰ ਪੱਤਰਕਾਰ ਸ਼ੁਰੂ ਕੀਤੀ। ਪਿੱਛੋਂ ਵਕਾਲਤ ਕਰਦਿਆਂ 1934 ਵਿੱਚ ‘ਅਲੀਗੜ੍ਹ ਓਪੀਨੀਅਨ’ ਸ਼ੁਰੂ ਕੀਤਾ, ਜੋ ਪੂਰਵ ਸੁਤੰਤਰਤਾ ਕਾਲ ਦਾ ਸਭ ਤੋਂ ਪਹਿਲਾ ਯੂਨੀਵਰਸਿਟੀ ਵਿਦਿਆਰਥੀ ਸਪਤਾਹਿਕ ਪੱਤਰ ਸੀ। ਏ. ਐਮ.ਯੂ.ਤੋਂ ਪੜ੍ਹਾਈ ਪੂਰੀ ਕਰਨ ਪਿੱਛੋਂ ਅੱਬਾਸ ਨੇ 1935 ਵਿੱਚ ‘ਬਾਂਬੇ ਕ੍ਰਾਨੀਕਲ’ ਜਾਇਨ ਕਰ ਲਿਆ। 1936 ਵਿੱਚ ਉਹਨੇ ਬਾਂਬੇ ਟਾਕੀਜ਼ ਰਾਹੀਂ ਫ਼ਿਲਮਾਂ ਵਿੱਚ ਪਾਰਟ- ਟਾਈਮ ਵਿਗਿਆਪਕ ਵਜੋਂ ਪ੍ਰਵੇਸ਼ ਕੀਤਾ। ਬਾਂਬੇ ਟਾਕੀਜ਼ ਹਿਮਾਂਸ਼ੂ ਰਾਏ ਅਤੇ ਦੇਵਿਕਾ ਰਾਣੀ ਦਾ ਪ੍ਰੋਡੱਕਸ਼ਨ ਹਾਊਸ ਸੀ, ਜਿਨ੍ਹਾਂ ਨੂੰ ਉਹਨੇ ਆਪਣੀ ਪਹਿਲੀ ਪਟਕਥਾ ‘ਨਯਾ ਸੰਸਾਰ'(1941) ਵੇਚੀ ਸੀ।
ਹੌਲੀ- ਹੌਲੀ ਉਸ ਨੇ ਵੱਡੇ ਨਿਰਦੇਸ਼ਕਾਂ ਲਈ ਪਟਕਥਾਵਾਂ ਲਿਖਣੀਆਂ ਸ਼ੁਰੂ ਕਰ ਦਿੱਤੀਆਂ, ਜਿਨ੍ਹਾਂ ਵਿੱਚ ਚੇਤਨ ਆਨੰਦ ਦੀ ‘ਨੀਚਾ ਨਗਰ’ ਅਤੇ ਵੀ. ਸ਼ਾਂਤਾਰਾਮ ਦੀ ‘ਡਾ. ਕੁਟਨਿਸ ਕੀ ਅਮਰ ਕਹਾਨੀ’ ਸ਼ਾਮਲ ਹਨ।1945 ਵਿੱਚ ਅੱਬਾਸ ਨੇ ਡਾਇਰੈਕਟਰ ਵਜੋਂ ਇਪਟਾ ਲਈ ‘ਧਰਤੀ ਕੇ ਲਾਲ’ ਦਾ ਨਿਰਦੇਸ਼ਨ ਦਿੱਤਾ। 1951 ਵਿੱਚ ਉਸ ਨੇ ਆਪਣੀ ਪ੍ਰੋਡਕਸ਼ਨ ਕੰਪਨੀ ‘ਨਯਾ ਸੰਸਾਰ’ ਦੇ ਨਾਂ ਹੇਠ ਸ਼ੁਰੂ ਕੀਤੀ, ਜਿਸ ਨੇ ਸਮਾਜਿਕ ਮੁੱਦਿਆਂ ਨਾਲ ਸੰਬੰਧਿਤ ‘ਅਨਹੋਨੀ’, ‘ਮੁੰਨਾ’, ‘ਰਾਹੀ’ ਆਦਿ ਫ਼ਿਲਮਾਂ ਪ੍ਰਦਰਸ਼ਿਤ ਕੀਤੀਆਂ। 1970 ਵਿੱਚ ਪ੍ਰਦਰਸ਼ਿਤ ਫ਼ਿਲਮ ‘ਸਾਤ ਹਿੰਦੁਸਤਾਨੀ’ ਬਾਲੀਵੁੱਡ ਆਈਕਨ ਅਮਿਤਾਭ ਬੱਚਨ ਦੀ ਪਹਿਲੀ ਫਿਲਮ ਹੈ। ਪੰਜ ਦਹਾਕਿਆਂ ਦੇ ਆਪਣੇ ਲੇਖਨ ਅਤੇ ਗਲਪ ਕੈਰੀਅਰ ਦੌਰਾਨ ਅੱਬਾਸ ਨੇ ਕਰੀਬ ਛੇ ਦਰਜਨ ਕਿਤਾਬਾਂ (ਅੰਗਰੇਜ਼ੀ, ਹਿੰਦੀ ਤੇ ਉਰਦੂ ਵਿੱਚ) ਲਿਖੀਆਂ। ਉਰਦੂ ਨਿੱਕੀ ਕਹਾਣੀ ਵਿੱਚ ਉਹਨੂੰ ਜ਼ਿਕਰਯੋਗ ਥਾਂ ਪ੍ਰਾਪਤ ਹੈ। ਉਹਨੂੰ ਆਪਣੇ ਨਾਵਲ ‘ਇਨਕਲਾਬ’ ਲਈ ਵੀ ਜਾਣਿਆ ਜਾਂਦਾ ਹੈ, ਜੋ ਕਿ ਸੰਪਰਦਾਇਕ ਹਿੰਸਾ ਤੇ ਆਧਾਰਿਤ ਹੈ। ‘ਇਨਕਲਾਬ’ ਵਾਂਗ ਉਸ ਦੀਆਂ ਹੋਰ ਵੀ ਕਈ ਰਚਨਾਵਾਂ ਭਾਰਤੀ ਤੇ ਵਿਦੇਸ਼ੀ ਭਾਸ਼ਾਵਾਂ (ਰੂਸੀ, ਜਰਮਨ, ਇਤਾਲਵੀ, ਫਰਾਂਸੀਸੀ, ਅਰਬੀ ਆਦਿ) ਵਿੱਚ ਅਨੁਵਾਦ ਹੋ ਚੁੱਕੀਆਂ ਹਨ।
ਅੱਬਾਸ ਨੇ ਸੰਸਾਰ ਦੀਆਂ ਕਈ ਮਹੱਤਵਪੂਰਨ ਸ਼ਖ਼ਸੀਅਤਾਂ ਨਾਲ ਮੁਲਾਕਾਤਾਂ ਕੀਤੀਆਂ, ਜਿਨ੍ਹਾਂ ਵਿੱਚ ਸਾਹਿਤਕ ਤੇ ਗੈਰ- ਸਾਹਿਤਕ ਖੇਤਰ ਦੇ ਲੋਕ ਸ਼ਾਮਿਲ ਹਨ। ਇਨ੍ਹਾਂ ਵਿੱਚ ਰੂਸੀ ਸਟੇਟਸ ਮੈਨ ਖਰੁਸ਼ਚੇਵ, ਅਮਰੀਕੀ ਰਾਸ਼ਟਰਪਤੀ ਰੂਜ਼ਵੈਲਟ, ਪ੍ਰਸਿੱਧ ਹਾਸ- ਅਭਿਨੇਤਾ ਚਾਰਲੀ ਚੈਪਲਿਨ, ਮਾਓ ਜ਼ੇ ਤੁੰਗ ਅਤੇ ਯੂਰੀ ਗਾਗਰੀਨ ਦੇ ਨਾਂ ਸ਼ਾਮਲ ਹਨ।
ਉਸ ਦੀ ਸਵੈ ਜੀਵਨੀ ‘ਆਈ ਐਮ ਨਾਟ ਆਈਲੈਂਡ: ਐਨ ਐਕਸਪੈਰੀਮੈਂਟ ਇਨ ਆਟੋਬਾਇਓਗ੍ਰਾਫੀ’ ਪਹਿਲੀ ਵਾਰ 1977 ਵਿੱਚ ਪ੍ਰਕਾਸ਼ਿਤ ਹੋਈ ਅਤੇ 2010 ਵਿੱਚ ਰਿਲੀਜ਼ ਹੋਈ।
ਵਿਭਿੰਨ ਖੇਤਰਾਂ ਲਈ ਉਹਨੂੰ ਬਹੁਤ ਸਾਰੇ ਇਨਾਮ/ ਸਨਮਾਨ ਪ੍ਰਾਪਤ ਹੋਏ। ਫ਼ਿਲਮਾਂ ਦੇ ਖੇਤਰ ਵਿੱਚ ਮਿਲੇ ਅਨੇਕਾਂ ਪੁਰਸਕਾਰ ਮਿਲੇ। ‘ਫਕੀਰਾ’ ਨੂੰ ਮਹਾਰਾਸ਼ਟਰ ਸਟੇਟ ਪੁਰਸਕਾਰ(1964), ‘ਹਮਾਰਾ ਘਰ’ ਨੂੰ ਸਾਂਤਾ ਬਾਰਬਰਾ ਯੂਐੱਸਏ ਵਿੱਚ ਅੰਤਰਰਾਸ਼ਟਰੀ ਫ਼ਿਲਮ ਫੈਸਟੀਵਲ ਅਵਾਰਡ (1965), ‘ਸੋਲਵੇਂ ਬਰਲਿਨ ਇੰਟਰ- ਨੈਸ਼ਨਲ ਫ਼ਿਲਮ ਫੈਸਟੀਵਲ ਵਿੱਚ ਜੂਰੀ ਮੈਂਬਰ'(1966), ‘ਸਾਤ ਹਿੰਦੁਸਤਾਨੀ’ ਨੂੰ ਕੌਮੀ ਸਦਭਾਵਨਾ ਲਈ ਉੱਤਮ ਫੀਚਰ ਫਿਲਮ ਦਾ ‘ਨਰਗਿਸ ਦੱਤ ਅਵਾਰਡ'(1970), ‘ਦ ਨੈਕਸਲਾਈਟਸ’ ਨੂੰ ਨਿਰਦੇਸ਼ਨ ਲਈ ਸੋਨ ਤਗਮਾ (1980)।ਸਾਹਿਤਕ ਪ੍ਰਾਪਤੀਆਂ ਲਈ ਮਿਲੇ ਕੁਝ ਚੋਣਵੇਂ ਇਨਾਮ ਇਹ ਹਨ: ਸੋਵੀਅਤ ਯੂਨੀਅਨ ਵੱਲੋਂ ਸਾਹਿਤਕ ਪੁਰਸਕਾਰ(1964), ਉਰਦੂ ਅਕਾਦਮੀ ਦਿੱਲੀ ਵੱਲੋਂ ਵਿਸ਼ੇਸ਼ ਪੁਰਸਕਾਰ(1964), ਮਹਾਰਾਸ਼ਟਰ ਸਰਕਾਰ ਵੱਲੋਂ ਉਰਦੂ ਅਕਾਦਮੀ ਅਵਾਰਡ (1965), ਸਾਹਿਤਕ ਪ੍ਰਾਪਤੀਆਂ ਲਈ ਹਰਿਆਣਾ ਸਰਕਾਰ ਵੱਲੋਂ ‘ਰੋਲ ਆਫ ਆਨਰ’ (1969), ਉਰਦੂ ਗੱਦ ਲੇਖਨ ਵਿੱਚ ਯੋਗਦਾਨ ਲਈ ‘ਗ਼ਾਲਿਬ ਪੁਰਸਕਾਰ'(1983), ਇੰਡੋ ਸੋਵੀਅਤ ਫਰੈਂਡਸ਼ਿਪ ਲਈ ‘ਸੋਵੀਅਤ ਲੈਂਡ ਪੁਰਸਕਾਰ'(1985)। ਭਾਰਤ ਸਰਕਾਰ ਵੱਲੋਂ 1969 ਵਿੱਚ ਉਸ ਨੂੰ ‘ਪਦਮਸ੍ਰੀ’ ਦੀ ਉਪਾਧੀ ਪ੍ਰਦਾਨ ਕੀਤੀ ਗਈ।ਅੱਜ ਉਸਦੀ ਬਰਸੀ ‘ਤੇ ਫ਼ਿਲਮਾਂ ਅਤੇ ਸਾਹਿਤ ਨਾਲ ਜੁੜੇ ਉਸ ਦੇ ਪ੍ਰਸ਼ੰਸਕ ਉਸ ਨੂੰ ਨਿੱਘੀ ਸ਼ਰਧਾਂਜਲੀ ਭੇਟ ਕਰ ਰਹੇ ਹਨ।

Send this to a friend