ਲਖਨਊ, 29 ਅਪ੍ਰੈਲ (ਪੰਜਾਬ ਟਾਇਮਜ਼ ਬਿਊਰੋ)-ਉ¤ਤਰ ਪ੍ਰਦੇਸ਼ ਦੇ ਸੁਲਤਾਨਪੁਰ ਜ਼ਿਲ੍ਹੇ ’ਚ ਇੱਕ ਚੈਨਲ ਵੱਲੋਂ ਜਾਰੀ ਚੋਣ ਸਬੰਧੀ ਚਰਚਾ ਦੌਰਾਨ ਇੱਕ ਨੌਜਵਾਨ ਖੁਦ ਨੂੰ ਅੱਗ ਲਾ ਕੇ ਬਹੁਜਨ ਸਮਾਜ ਪਾਰਟੀ ਦੇ ਨੇਤਾ ਨਾਲ ਜਾ ਲਿਪਟਿਆ ਜਿਸ ਕਾਰਨ ਦੋਵੇਂ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਏ। ਦੋਵਾਂ ਦਾ ਲਖਨਊ ਦੇ ਟ੍ਰੋਮਾ ਕੇਂਦਰ ’ਚ ਇਲਾਜ ਚੱਲ ਰਿਹਾ ਹੈ। ਘਟਨਾ ਸੋਮਵਾਰ ਦੇਰ ਸ਼ਾਮ ਸੁਲਤਾਨਪੁਰ ਦੇ ਤਿਕੋਨਿਆ ਪਾਰਕ ਵਿੱਚ ਉਦੋਂ ਵਾਪਰੀ ਜਦੋਂ ਦੂਰਦਰਸ਼ਨ ਦੇ ਚੋਣ ਸਬੰਧੀ ਪ੍ਰੋਗਰਾਮ ‘ਜਨਮਤ 2014’ ਦਾ ਸਿੱਧਾ ਪ੍ਰਸਾਰਣ ਚੱਲ ਰਿਹਾ ਸੀ। ਅਚਾਨਕ ਭੀੜ ’ਚੋਂ ਇੱਕ ਨੌਜਵਾਨ ਅੱਗੇ ਆਇਆ ਤੇ ਖੁਦ ਨੂੰ ਅੱਗ ਲਾ ਕੇ ਪਲਕ ਝਪਕਦਿਆਂ ਹੀ ਮੰਚ ’ਤੇ ਬਸਪਾ ਨੇਤਾ ਕਮਰੂਜੱਮਾ ਫੌਜੀ ਨਾਲ ਲਿਪਟ ਗਿਆ।
ਮੰਚ ’ਤੇ ਮੌਜੂਦ ਦੂਜੇ ਦਲਾਂ ਦੇ ਨੇਤਾਵਾਂ ਤੇ ਹੋਰ ਲੋਕਾਂ ਨੇ ਜਦੋਂ ਦੋਵਾਂ ਨੂੰ ਅਲੱਗ ਕੀਤਾ ਉਦੋਂ ਤੱਕ ਬਸਪਾ ਨੇਤਾ 75 ਫੀਸਦੀ ਤੇ ਨੌਜਵਾਨ 95 ਫੀਸਦੀ ਸੜ ਚੁੱਕਾ ਸੀ। ਨੌਜਵਾਨ ਦੀ ਪਛਾਣ ਦੁਰਗੇਸ਼ ਕੁਮਾਰ ਸਿੰਘ ਨਿਵਾਸੀ ਜ਼ਿਲ੍ਹਾ ਮਊ ਦੇ ਰੂਪ ’ਚ ਹੋਈ ਹੈ ਜੋ ਕਿ ਸ਼ਹਿਰ ਦੇ ਰਾਜ ਹੋਟਲ ’ਚ ਠਹਿਰਿਆ ਹੋਇਆ ਸੀ। ਡਾਕਟਰਾਂ ਅਨੁਸਾਰ ਦੋਵਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਦੋਵਾਂ ਨੂੰ ਬਚਾਉਂਦਿਆਂ ਹੋਇਆ ਕਾਂਗਰਸ ਦੇ ਨੇਤਾ ਰਾਮ ਕੁਮਾਰ ਸਿੰਘ ਤੇ ਕਿਸਾਨ ਨੇਤਾ ਹਿਰਦੈ ਰਾਕ ਵਰਮਾ ਵੀ ਮਾਮੂਲੀ ਸੜ ਗਏ। ਹਾਲੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਕਿ ਨੌਜਵਾਨ ਨੇ ਅਜਿਹਾ ਕਿਉਂ ਕੀਤਾ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।



