13 ਲੋਕ ਸਭਾ ਸੀਟਾਂ ਲਈ 253 ਉਮੀਦਵਾਰ ਮੈਦਾਨ ’ਚ, ਸੁਰੱਖਿਆ ਪ੍ਰਬੰਧ ਮੁਕੰਮਲ
ਚੰਡੀਗੜ੍ਹ, 29 ਅਪ੍ਰੈਲ (ਪੰਜਾਬ ਟਾਇਮਜ਼ ਬਿਊਰੋ)-ਪੰਜਾਬ ਵਿਚ ਲੋਕ ਸਭਾ ਦੀਆਂ 13 ਸੀਟਾਂ ਲਈ ਭਲਕੇ ਬੁੱਧਵਾਰ ਨੂੰ ਵੋਟਾਂ ਪਾਈਆਂ ਜਾਣਗੀਆਂ। ਲਗਪਗ ਇਕ ਕਰੋੜ 95 ਲੱਖ ਤੋਂ ਵਧੇਰੇ ਵੋਟਰ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨਗੇ। ਪੰਜਾਬ ਦੀਆਂ 13 ਸੀਟਾਂ ਲਈ 19 ਔਰਤਾਂ ਸਮੇਤ 253 ਉਮੀਦਵਾਰ ਮੈਦਾਨ ਵਿਚ ਹਨ। ਵੋਟਾਂ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤੱਕ ਪੈਣਗੀਆਂ। ਲੋਕ ਸਭਾ ਚੋਣਾਂ ਲਈ ਪੁਖਤਾ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ ਅਤੇ ਪ੍ਰਸ਼ਾਸ਼ਨ ਲੋਕ ਸਭਾ ਚੋਣਾਂ ਨੂੰ ਨਿਰਪੱਖ ਅਤੇ ਪਾਰਦਰਸ਼ਤਾ ਢੰਗ ਨਾਲ ਕਰਵਾਉਣ ਲਈ ਪੂਰੀ ਤਰ੍ਹਾਂ ਤਿਆਰ ਹੈ।ਇਨ੍ਹਾਂ ਚੋਣਾਂ ਵਿਚ ਆਮ ਆਦਮੀ ਪਾਰਟੀ ਅਤੇ ਬਹੁਜਨ ਸਮਾਜ ਪਾਰਟੀ ਦੇ 13-13, ਕਾਂਗਰਸ ਦੇ 12, ਸ਼੍ਰੋਮਣੀ ਅਕਾਲੀ ਦਲ ਦੇ 10, ਭਾਰਤੀ ਜਨਤਾ ਪਾਰਟੀ ਦੇ 3
ਅਤੇ ਪੀਪੀਪੀ ਦੇ ਇਕੋ ਇਕ ਉਮੀਦਵਾਰ ਮਨਪ੍ਰੀਤ ਸਿੰਘ ਬਾਦਲ ਕਾਂਗਰਸ ਦੇ ਚੋਣ ਨਿਸ਼ਾਨ ’ਤੇ ਚੋਣ ਲੜ ਰਹੇ ਹਨ। ਇਨ੍ਹਾਂ ਚੋਣਾਂ ਲਈ ਜਿਹੜੇ ਉਮੀਦਵਾਰਾਂ ਦਾ ਸਿਆਸੀ ਭਵਿੱਖ ਦਾਅ ’ਤੇ ਲੱਗਿਆ ਹੋਇਆ ਹੈ ਉਨ੍ਹਾਂ ਵਿਚ ਪ੍ਰਮੁੱਖ ਉਮੀਦਵਾਰ ਕੈਪਟਨ ਅਮਰਿੰਦਰ ਸਿੰਘ, ਪ੍ਰਤਾਪ ਸਿੰਘ ਬਾਜਵਾ, ਸੁਨੀਲ ਜਾਖੜ, ਹਰਸਿਮਰਤ ਕੌਰ ਬਾਦਲ, ਪ੍ਰਨੀਤ ਕੌਰ, ਅੰਬਿਕਾ ਸੋਨੀ ਤੇ ਮਨਪ੍ਰੀਤ ਬਾਦਲ ਸ਼ਾਮਿਲ ਹਨ। ਲੋਕ ਸਭਾ ਚੋਣਾਂ ਲਈ ਪਹਿਲੀ ਵਾਰੀ ਮੈਦਾਨ ਵਿਚ ਨਿੱਤਰੀ ਆਮ ਆਦਮੀ ਪਾਰਟੀ ਦੇ ਕੁਝ ਉਮੀਦਵਾਰ ਵੀ ਚਰਚਾ ਵਿਚ ਹਨ। ਇਨ੍ਹਾਂ ਵਿਚ ਕਾਮੇਡੀਅਨ ਭਗਵੰਤ ਮਾਨ, ਐਚ.ਐਸ ਫੂਲਕਾ, ਡਾ. ਧਰਮਵੀਰ ਗਾਂਧੀ, ਸੁੱਚਾ ਸਿੰਘ ਛੋਟੇਪੁਰ, ਡਾ. ਦਲਜੀਤ ਸਿੰਘ ਤੇ ਪ੍ਰੋ. ਸਾਧੂ ਸਿੰਘ ਆਦਿ ਸ਼ਾਮਿਲ ਹਨ।
ਪੰਜਾਬ ਦੇ ਡੀ.ਜੀ.ਪੀ ਸ਼੍ਰੀ ਸੁਰੇਸ਼ ਅਰੋੜਾ ਅਨੁਸਾਰ ਰਾਜ ਵਿਚ 13582 ਪੋਲਿੰਗ ਕੇਂਦਰ ਅਤੇ 22060 ਪੋਲਿੰਗ ਬੂਥ ਬਣਾਏ ਗਏ ਹਨ, ਜਿਨ੍ਹਾਂ ਵਿਚੋਂ 2442 ਅਤਿ ਸੰਵੇਦਨਸ਼ੀਲ ਅਤੇ 4632 ਸੰਵੇਦਨਸ਼ੀਲ ਹਨ ਅਤੇ ਉਨ੍ਹਾਂ ਵਿੱਚ ਕੇਂਦਰੀ ਸੁਰੱਖਿਆ ਦਲਾਂ ਦੀ ਤਾਇਨਾਤੀ ਜਾਂ ਜਿਲ੍ਹਾ ਪੁਲਿਸ ਵਲੋਂ ਗਸ਼ਤ ਜਾਂ ਮਾਈਕਰੋ ਆਬਜ਼ਰਵਰਾਂ ਦੀ ਨਿਯੁਕਤੀ ਜਾਂ ਵੀਡੀਓ ਕੈਮਰਾ ਰਿਕਾਰਡਿੰਗ ਜਾਂ ਵੈਬ ਪ੍ਰਸਾਰਨ ਦੀ ਵਿਵਸਥਾ ਕੀਤੀ ਗਈ ਹੈ।
ਪੰਜਾਬ ਦੇ 550 ਸੰਵੇਦਨਸ਼ੀਲ ਪੋ¦ਿਗ ਬੂਥਾਂ ’ਤੇ ਹੋਣ ਵਾਲੀਆਂ ਕਾਰਵਾਈਆਂ ’ਤੇ ਹਰ ਸਮੇਂ ਨਜ਼ਰ ਰੱਖਣ ਲਈ ਵੈਬ ਕੈਮਰੇ ਲਏ ਗਏ ਹਨ, ਜਿਨ੍ਹਾਂ ਦਾ ਸਿੱਧਾ ਪ੍ਰਸਾਰਣ ਵਿਭਾਗ ਦੇ ਅਧਿਕਾਰੀਆਂ ਵੱਲੋਂ ਕਿਸੇ ਵੀ ਸਮੇਂ ਦੇਖਿਆ ਜਾ ਸਕੇਗਾ। ਇਨ੍ਹਾਂ ਵਿਚੋਂ 215 ਵੈਬ ਕੈਮਰੇ ਪ੍ਰਦੇਸ਼ ਦੀਆਂ ਸੰਵੇਦਨਸ਼ੀਲ ਸੀਟਾਂ ਬਠਿੰਡਾ, ਗੁਰਦਾਸਪੁਰ, ਪਟਿਆਲਾ, ਤੇ ਫਿਰੋਜ਼ਪੁਰ ਦੇ ਵੱਖ-ਵੱਖ ਪੋ¦ਿਗ ਬੂਥਾਂ ’ਤੇ ਲਾਏ ਗਏ ਹਨ।



