ਫਤਹਿਗੜ੍ਹ ਸਾਹਿਬ, 3 ਜੂਨ-(ਰਿਸ਼ੂ ਗੋਇਲ)- ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਿੱਖ ਧਰਮ ਦੇ ਲੋਕ ਆਪਣਾ ਗੁਰੂ ਮੰਨਦੇ ਹਨ ਜਿਸ ਕਾਰਨ ਸਿੱਖ ਕਦੇ ਵੀ ਆਪਣੇ ਗੁਰੂ ਦਾ ਅਪਮਾਨ ਸਹਿਣ ਨਹੀਂ ਕਰ ਸਕਦੇ। ਇਹਨਾਂ ਗੱਲਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਐਗਜ਼ੈਕਟਿਵ ਮੈਂਬਰ ਭਾਈ ਲਖਵੀਰ ਸਿੰਘ ਖਾਲਸਾ ਨੇ ਅੱਜ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਕੁੱਝ ਸਮਾਂ ਪਹਿਲਾਂ ਕੁੱਝ ਸਿਆਸੀ ਲੋਕਾਂ ਵੱਲੋਂ ਆਪਣੇ ਨਿੱਜੀ ਤੇ ਸੋੜੇ ਹਿੱਤਾਂ ਲਈ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ ਪਾੜ ਕੇ ਤੇ ਉਨ੍ਹਾਂ ਨੂੰ ਗਲੀਆਂ-ਨਾਲੀਆਂ ਵਿੱਚ ਰੋਲ ਕੇ ਬੇਅਦਬੀ ਕੀਤੀ ਗਈ ਹੈ ਜਿਸ ਨੂੰ ਸਿੱਖ ਭੁੱਲ ਨਹੀਂ ਸਕਦੇ। ਉਨ੍ਹਾਂ ਕਿਹਾ ਕਿ ਮੌਕੇ ਦੀ ਸਰਕਾਰ ਵੱਲੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲਿਆਂ ਖਿਲਾਫ ਸਖ਼ਤ ਤੋਂ ਸਖ਼ਤ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਗਿਆ ਸੀ ਜਿਸ ਲਈ ਸ਼ਪੈਸ਼ਲ ਸਿਟ ਦਾ ਗਠਨ ਕੀਤਾ
ਗਿਆ ਸੀ। ਉਨ੍ਹਾਂ ਕਿਹਾ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਇਸ ਬੇਅਦਬੀ ਨੂੰ ਲੰਬਾ ਸਮਾਂ ਬੀਤ ਜਾਣ ਉਪਰੰਤ ਵੀ ਦੋਸ਼ੀਆਂ ਵਿਰੁੱਧ ਕਾਰਵਾਈ ਨਹੀਂ ਹੋ ਰਹੀ ਹੈ। ਜਿਸ ਕਾਰਨ ਸਿੱਖ ਸਮਾਜ ਵਿੱਚ ਬੇਅਦਬੀ ਕਰਨ ਵਾਲਿਆਂ, ਬੇਅਦਬੀ ਕਰਵਾਉਣ ਵਾਲਿਆਂ ਤੇ ਬੇਅਦਬੀ ਖਿਲਾਫ ਕਾਰਵਾਈ ਨਾ ਕਰਨ ਵਾਲਿਆਂ ਪ੍ਰਤੀ ਰੋਹ ਵਧਦਾ ਹੀ ਜਾ ਰਿਹਾ ਹੈ। ਭਾਈ ਲਖਵੀਰ ਸਿੰਘ ਖਾਲਸਾ ਨੇ ਸਰਕਾਰ ਤੇ ਪ੍ਰਸ਼ਾਸ਼ਨ ਨੂੰ ਬੇਨਤੀ ਕਰਦਿਆਂ ਕਿਹਾ ਕਿ ਜਲਦ ਤੋਂ ਜਲਦ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲਿਆਂ ਵਿਰੁੱਧ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ ਤਾਂ ਜੋ ਸਿੱਖਾਂ ਦੇ ਮੁੜ ਦੁਬਾਰਾ ਕਦੇ ਵੀ ਹਿਰਦੇ ਨਾ ਵਲੁੰਦਰੇ ਜਾਣ।