ਆਪਸੀ ਸਹਿਯੋਗ, ਸਦਭਾਵਨਾ ਅਤੇ ਸਮਾਜਿਕ ਸਬੰਧਾਂ ‘ਚ ਮਜਬੂਤੀ ਦਾ ਤਿਓਹਾਰ ‘ਈਦ-ਉਲ-ਫਿਤਰ’

ਸਮਾਜਿਕ ਜੀਵਨ ਵਿੱਚ ਤਿਓਹਾਰਾਂ ਦਾ ਖਾਸ ਮਹੱਤਵ ਹੁੰਦਾ ਹੈ। ਤਿਓਹਾਰ ਆਪਣੀ ਚਾਲ ਚੱਲ ਰਹੇ ਜੀਵਨ ਵਿੱਚ ਕੁੱਝ ਸਮੇਂ ਲਈ ਨਵਾਂ ਉਤਸਾਹ ਅਤੇ ਖੁਸ਼ੀ ਭਰ ਦਿੰਦੇ ਹਨ । ਜਿੱਥੇ ਇਨਾਂ ਤਿਓਹਾਰਾਂ ਨਾਲ ਜੁੜੇ ਮਹਾਨ ਆਦਰਸ਼ਾਂ ਤੋਂ ਮਨੁੱਖ ਨੂੰ ਆਪਣੇ ਭਵਿੱਖ ਨੂੰ ਉੱਜਵਲ ਅਤੇ ਮਹਾਨ ਬਣਾਉਣ ਦੀ ਪ੍ਰੇਰਣਾ ਮਿਲਦੀ ਹੈ ਉੱਥੇ ਇਨਾਂ ਨਾਲ ਸਮਾਜਿਕ ਸਬੰਧਾਂ ਵਿੱਚ ਮਜ਼ਬੂਤੀ , ਆਪਸੀ ਸਹਿਯੋਗ ਅਤੇ ਸਦਭਾਵਨਾ ਨੂੰ ਵੀ ਬਲ ਮਿਲਦਾ ਹੈ। ਮੁਸਲਿਮ ਧਰਮ ਵਿੱਚ ਈਦ-ਉਲ-ਫਿਤਰ ਤਿਓਹਾਰ ਦਾ ਖਾਸ ਮਹੱਤਵ ਹੈ। ਰਮਜ਼ਾਨ ਮਹੀਨੇ ਦੇ ਬੀਤਣ ਦੀ ਖੁਸ਼ੀ ਵਿੱਚ ਇਹ ਤਿਓਹਾਰ ਬੜੀ ਧੁਮ-ਧਾਮ ਨਾਲ ਮਨਾਇਆ ਜਾਂਦਾ ਹੈ । ਈਦ-ਉਲ-ਫਿਤਰ ਵਿੱਚ ਫਿਤਰ ਅਰਬੀ ਭਾਸ਼ਾ ਦਾ ਸ਼ਬਦ ਹੈ ਜਿਸਦਾ ਮਤਲਬ ਹੁੰਦਾ ਹੈ ‘ਫਿਤਰਾ’ ਅਦਾ ਕਰਨਾ । ਇਸ ਨੂੰ ਈਦ ਦੀ ਨਮਾਜ਼ ਪੜ੍ਹਨ ਤੋਂ ਪਹਿਲਾਂ ਅਦਾ ਕਰਨਾ ਹੁੰਦਾ ਹੈ । ਫਿਤਰਾ ਹਰ ਮੁਸਲਮਾਨ ਉੱਪਰ ਵਾਜਿਬ ਹੈ ਅਤੇ ਜੇਕਰ ਇਸਨੂੰ ਅਦਾ ਨਹੀਂ ਕੀਤਾ ਗਿਆ ਤਾਂ ਈਦ ਨਹੀਂ ਮਨਾਈ ਜਾ ਸਕਦੀ । ਈਦ ਦਾ ਅਰੰਭ ਈਦ ਦਾ ਚੰਦ ਦਿਖਾਈ ਦੇਣ ਨਾਲ ਹੁੰਦਾ ਹੈ । ਰਮਜ਼ਾਨ ਦੇ ਮਹੀਨੇ ਦੇ ਆਖਰੀ ਦਿਨ ਸਾਰੇ ਲੋਕਾਂ ਦੀ ਨਜ਼ਰ ਅਸਮਾਨ ਵੱਲ ਹੁੰਦੀ ਹੈ, ਜਦੋਂ ਹੀ ਚੰਦ ਦਿਖਾਈ ਦਿੰਦਾ ਹੈ ਹਰ ਇੱਕ ਦੀ ਜ਼ੁਬਾਨ ਵਿੱਚੋਂ ਇਹ ਨਿੱਕਲਦਾ ਹੈ ਕਿ’ ਹੇ ਅੱਲਾ ਤੂੰ ਇਸ ਨਿੱਕਲਣ ਵਾਲੇ ਚੰਦ ਨੂੰ ਸਾਡੇ ਲਈ ਅਮਨ ਦਾ ਅਤੇ ਸਲਾਮਤੀ ਦਾ ਚੰਦ ਬਣਾ ਦੇ, ਅਸੀਂ ਤੇਰੀ ਮਰਜੀ ਅਨੁਸਾਰ ਚੱਲੀਏ ਅਤੇ ਤੂੰ ਇਸ ਮਹੀਨੇ ਨੂੰ ਆਪਣੀ ਬੇਸ਼ਕੀਮਤੀ ਰਹਿਮਤ ਦਾ ਮਹੀਨਾ ਬਣਾ ਦੇ।’
ਇਹ ਕਿਹਾ ਜਾਂਦਾ ਹੈ ਕਿ 624 ਈਸਵੀ ਵਿੱਚ ਪਹਿਲੀ ਵਾਰ ਈਦ-ਉਲ-ਫਿਤਰ ਮਨਾਈ ਗਈ ਸੀ। ਪੈਗੰਬਰ ਹਜਰਤ ਮੁਹੰਮਦ ਵੱਲੋਂ ਬਦਰ ਦੀ ਲੜਾਈ ਵਿੱਚ ਜਿੱਤ ਹਾਸਲ ਕੀਤੀ ਗਈ ਸੀ ਜਿਸ ਦੀ ਖੁਸ਼ੀ ਵਿੱਚ ਇਹ ਤਿਓਹਾਰ ਮਨਾਇਆ ਗਿਆ ਸੀ।ਈਦ-ਉਲ-ਫਿਤਰ ਇਸਲਾਮੀ ਕਲੈਂਡਰ ਦੇ ਦਸਵੇਂ ਮਹੀਨੇ ਸ਼ੱਵਾਲ ਦੇ ਪਹਿਲੇ ਦਿਨ ਮਨਾਇਆ ਜਾਂਦਾ ਹੈ । ਰਮਜ਼ਾਨ ਦੇ ਪੂਰੇ ਇੱਕ ਮਹੀਨੇ ਵਿੱਚ ਮੁਸਲਮਾਨ ਰੋਜ਼ੇ ਰੱਖਦੇ ਹਨ । ਇਹ ਸਭ ਉਨਾਂ ਅੰਦਰ ਉਦਾਰਤਾ, ਨਿਮਰਤਾ, ਤਿਆਗ, ਬਲੀਦਾਨ, ਅਤੇ ਦਾਨਸ਼ੀਲਤਾ ਜਿਹੇ ਗੁਣਾਂ ਨੂੰ ਉਜਾਗਰ ਕਰਦਾ ਹੈ। ਇਸ ਤਿਓਹਾਰ ਨਾਲ
ਜਿੱਥੇ ਮਨ ਵਿੱਚ ਨੇਕ ਵਿਚਾਰ ਪੈਦਾ ਹੁੰਦੇ ਹਨ ਉੱਥੇ ਅੱਲਾ-ਤਾਲਾ (ਪ੍ਰਮਾਤਮਾ) ਦੀ ਕ੍ਰਿਪਾ ਨਾਲ ਆਪਸੀ ਭਾਈਚਾਰਾ , ਮੇਲ ਮਿਲਾਪ ਅਤੇ ਸਾਂਝੀਵਾਲਤਾ ਵਿੱਚ ਵੀ ਵਾਧਾ ਹੁੰਦਾ ਹੈ। ਦੁਨੀਆ ਭਰ ਵਿੱਚ ਅਮਨ ਅਤੇ ਸ਼ਾਂਤੀ ਤਾਂ ਹੀ ਕਾਇਮ ਹੋ ਸਕਦੀ ਹੈ ਜੇ ਅੱਲਾ-ਤਾਲਾ ਦੇ ਹੁਕਮ ਅਨੁਸਾਰ ਇੱਕ ਮੁਲਕ ,ਸਮਾਜ , ਮਨੁੱਖ ਇਸ ਉਦੇਸ਼ ਨੂੰ ਮੁੱਖ ਰੱਖ ਕੇ ਚੱਲੇ ਕਿ ਉਸ ਦੀ ਤਾਕਤ ਕਮਜੋਰ ਵਿਅਕਤੀ ਦੀ ਹਿਫਾਜਤ ਕਰਨ ਵਿੱਚ ਹੈ ਨਾ ਕਿ ਉਸ ਨੂੰ ਦਬਾਉਣ ਵਿੱਚ । ਖੁਦ ਭੁੱਖਾ ਪਿਆਸਾ ਰਹਿ ਕੇ ਹੀ ਦੂਜੇ ਦੀ ਭੁੱਖ ਪਿਆਸ ਦਾ ਅਹਿਸਾਸ ਹੋ ਸਕਦਾ ਹੈ। ਰੋਜ਼ੇ ਇਹ ਹੀ ਸਿੱਖਿਆ ਦਿੰਦੇ ਹਨ। ਜੋ ਮਨੁੱਖ ਇਹ ਰੋਜ਼ੇ ਰੱਖਦਾ ਹੋਇਆ ਇਸ ਸਿੱਖਿਆ ਤੇ ਅਮਲ ਕਰ ਲੈਂਦਾ ਹੈ,ਉਹ ਖੁਦਾ ਦੇ ਇਮਤਿਹਾਨ ਵਿੱਚ ਪਾਸ ਹੋ ਜਾਂਦਾ ਹੈ ਤੇ ਅਪਾਰ ਖੁਸ਼ੀ ਮਹਿਸੂਸ ਕਰਦਾ ਹੈ । ਇਹ ਹੀ ਖੁਸ਼ੀ ਈਦ-ਉਲ-ਫਿਤਰ ਦਾ ਤਿਓਹਾਰ ਹੈ।
ਸਦਕਾ-ਏ-ਫਿਤਰ ਇੱਕ ਖਾਸ ਰਕਮ ਈਦ ਦੀ ਨਮਾਜ ਅਦਾ ਕਰਨ ਤੋਂ ਪਹਿਲਾਂ ਹਰ ਸੰਪੰਨ ਪਰਿਵਾਰ ਵੱਲੋਂ ਜੀ ਪ੍ਰਤੀ ਦੇ ਹਿਸਾਬ ਨਾਲ ਕੱਢ ਕੇ ਜਰੂਰਤਮੰਦ ਪਰਿਵਾਰਾਂ ਨੂੰ ਪਹੁੰਚਾਈ ਜਾਂਦੀ ਹੈ ਤਾਂ ਕਿ ਉਹ ਵੀ ਈਦ ਦੀ ਖੁਸ਼ੀ ਵਿੱਚ ਸੰਪੰਨ ਪਰਿਵਾਰਾਂ ਦੇ ਨਾਲ ਸ਼ਰੀਕ ਹੋ ਸਕਣ। ਅਮੀਰ ਹੋਵੇ ਜਾਂ ਗਰੀਬ, ਈਦ ਦੀ ਨਮਾਜ ਅਦਾ ਕਰਨ ਲਈ ਸਭ ਈਦ-ਗਾਹ ਤੱਕ ਪੈਦਲ ਹੀ ਜਾਂਦੇ ਹਨ। ਹੋਰ ਸ਼ਹਿਰਾਂ ਵਾਂਗ ਪੰਜਾਬ ਦੇ ਧਰਮ ਨਿਰਪੱਖ ਸ਼ਹਿਰ ਮਾਲੇਰਕੋਟਲਾ ਸ਼ਹਿਰ ਵਿੱਚ ਵੀ ਈਦ ਦੀ ਖੁਸ਼ੀ ਵਿੱਚ ਲੋਕ ਨਵੇਂ ਕੱਪੜੇ ਸਿਲਾਂਉਂਦੇ ਹਨ ਅਤੇ ਨਵੀਆਂ ਜੁੱਤੀਆਂ ਖਰੀਦਦੇ ਹਨ। ਆਖਰੀ ਰੋਜ਼ੇ ਮੁਸਲਿਮ ਭਰਾਵਾਂ ਦੇ ਦਿਲ, ਈਦ ਦੇ ਚੰਦ ਨੂੰ ਵੇਖਣ ਦੀ ਖੁਸ਼ੀ ਵਿੱਚ ਉਮੰਗ ਅਤੇ ਚਾਅ ਨਾਲ ਭਰੇ ਹੁੰਦੇ ਹਨ। ਈਦ ਦਾ ਚੰਦ ਵੇਖਦਿਆਂ ਹੀ ਖੁਸ਼ੀ ਡੁੱਲ ਡੁੱਲ ਪੈਂਦੀ ਹੈ। ਈਦ ਦੀ ਸਵੇਰ ਬੱਚੇ, ਜਵਾਨ, ਬੁੱਢੇ ਰੰਗ ਬਿਰੰਗੇ ਕੱਪੜੇ ਪਾ ਕੇ ਸਿਰ ਤੇ ਟੋਪੀਆਂ ਸਜਾ ਕੇ, ਪਵਿੱਤਰ ਈਦ-ਗਾਹ ਪਹੁੰਚਦੇ ਹਨ । ਨਮਾਜ਼ ਅਦਾ ਕਰਨ ਤੋਂ ਬਾਅਦ ਹਿੰਦੂ, ਸਿੱਖ ਭਰਾ ਗਲੇ ਮਿਲ ਕੇ ਇੱਕ ਦੂਜੇ ਨੂੰ ਈਦ ਦੀ ਮੁਬਾਰਕਬਾਦ ਦਿੰਦੇ ਹਨ। ਘਰ ਘਰ ਸੇਵੀਆਂ ਅਤੇ ਮਿਠਾਈਆਂ ਵੰਡੀਆਂ ਜਾਂਦੀਆਂ ਹਨ।
ਈਦ ਦੇ ਇਸ ਮੁਬਾਰਕ ਮੌਕੇ ਤੇ ਹਰ ਮਨੁੱਖ ਖਾਸ ਕਰ ਪੰਜਾਬ ਵਾਸੀਆਂ ਨੂੰ ਇਸ ਤਿਓਹਾਰ ਤੋਂ ਸਿੱਖਿਆ ਲੈ ਕੇ ਸਭ ਭੇਦ ਭਾਵ ਮਿਟਾ ਕੇ ਸੱਚੇ ਇਨਸਾਨ ਬਣਨਾ ਚਾਹੀਦਾ ਹੈ।

Send this to a friend