ਕਾਹਿਰਾ, 28 ਅਪ੍ਰੈਲ (ਪੀ.ਟੀ. ਬਿਊਰੋ)-ਅੱਜ ਮਿਸਰ ਦੀ ਇਕ ਅਦਾਲਤ ਨੇ ਮੁਸਲਿਮ ਬਰਦਰਹੁੱਡ ਦੇ ਮੁਖੀ ਮੁਹੰਮਦ ਬੈਦੀ ਅਤੇ ਉਨ੍ਹਾਂ ਦੇ 682 ਸਮਰਥਕਾਂ ਨੂੰ ਮੌਤ ਦੀ ਸਜ਼ਾ ਸੁਣਾਈ ਹੈ। ਅਦਾਲਤ ਦੇ ਇਸ ਫ਼ੈਸਲੇ ਨਾਲ ਮਿਸਰ ਵਿਚ ਤਣਾਅ ਵਧ ਸਕਦਾ ਹੈ ਜਿਹੜਾ ਪਿਛਲੇ ਸਾਲ ਇਸਲਾਮਿਕ ਰਾਸ਼ਟਰਪਤੀ ਮੁਹੰਮਦ ਮੋਰਸੀ ਨੂੰ ਸੱਤਾ ਤੋਂ ਹਟਾਉਣ ਪਿੱਛੋਂ ਗੜਬੜ ਦੀ ਲਪੇਟ ’ਚ ਆਇਆ ਹੋਇਆ ਹੈ। ਬੈਦੀ ਅਤੇ ਸਮਰਥਕਾਂ ’ਤੇ 14 ਅਗਸਤ ਨੂੰ ਦੱਖਣੀ ਮਿਨਾਇਆ ਸੂਬੇ ਵਿਚ ਪੁਲਿਸ ਮੁਲਾਜ਼ਮਾਂ ਨੂੰ ਕਤਲ ਕਰਨ ਅਤੇ ਕਤਲ ਕਰਨ ਦੀ ਕੋਸ਼ਿਸ਼ ਕਰਨ ਦੇ ਦੋਸ਼ ਲਾਏ ਗਏ ਸਨ। ਉਸ ਦਿਨ ਪੁਲਿਸ ਨੇ ਕਾਹਿਰਾ ਵਿਚ ਸੱਤਾ ਤੋਂ ਹਟਾਏ ਇਸਲਾਮਿਕ ਰਾਸ਼ਟਰਪਤੀ ਦੇ ਸੈਂਕੜੇ ਸਮਰਥਕਾਂ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ ਸੀ। ਅੱਜ ਜਿਨ੍ਹਾਂ 683 ਵਿਅਕਤੀਆਂ ਨੂੰ ਸਜ਼ਾ ਸੁਣਾਈ ਗਈ ਉਨ੍ਹਾਂ ਚੋਂ 50 ਹਿਰਾਸਤ ’ਚ ਹਨ ਜਦਕਿ ਬਾਕੀ ਜ਼ਮਾਨਤ ’ਤੇ ਹਨ ਜਾਂ ਭੱਜੇ ਹੋਏ ਹਨ।
ਮੌਤ ਦੀ ਸਜ਼ਾ ਦੀ ਖ਼ਬਰ ਸੁਣ ਕੇ ਅਦਾਲਤੀ ਕਮਰੇ ਦੇ ਬਾਹਰ ਉਡੀਕ ਕਰ ਰਹੀਆਂ ਦੋਸ਼ੀਆਂ ਦੀਆਂ ਕਈ ਔਰਤ ਰਿਸ਼ਤੇਦਾਰ ਬੇਹੋਸ਼ ਹੋ ਗਈਆਂ। ਇਕ ਵੱਖਰੇ ਹੁਕਮ ਵਿਚ ਇਸੇ ਅਦਾਲਤ ਨੇ ਪਿਛਲੇ ਮਹੀਨੇ 529 ਦੋਸ਼ੀਆਂ ਨੂੰ ਦਿੱਤੀ ਮੌਤ ਦੀ ਸਜ਼ਾ ’ਚੋਂ 492 ਦੋਸ਼ੀਆਂ ਬਾਰੇ ਫ਼ੈਸਲੇ ਨੂੰ ਪਲਟਦੇ ਹੋਏ ਉਨ੍ਹਾਂ ਦੀ ਮੌਤ ਦੀ ਸਜ਼ਾ ਉਮਰ ਕੈਦ ’ਚ ਬਦਲ ਦਿੱਤੀ ਹੈ। 70 ਸਾਲਾ ਚਿੱਟੀ ਦਾੜ੍ਹੀ ਵਾਲਾ ਬੈਦੀ ਪ੍ਰੋਫੈਸਰ ਮੁਹੰਮਦ ਬੈਦੀ 2010 ਵਿਚ ਬਰਦਰਹੁੱਡ ਦਾ ਮੁੱਖ ਗਾਈਡ ਬਣਿਆਂ ਸੀ। ਉਨ੍ਹਾਂ ਨੇ ਮਿਸਰ ਫ਼ੌਜ ਵਲੋਂ ਰਾਸ਼ਟਰਪਤੀ ਮੋਰਸੀ ਨੂੰ ਸੱਤਾ ਤੋਂ ਹਟਾਉਣ ਦੀ ਨਿਖੇਧੀ ਕੀਤੀ ਸੀ।


