ਲੋਕ ਸਭਾ ਦੀਆਂ ਹੋਈਆਂ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਪੰਜਾਬ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਨੇ ਆਪੋ-ਆਪਣੇ ਤੌਰ ‘ਤੇ ਲੇਖਾ-ਜੋਖਾ ਕਰਨਾ ਸ਼ੁਰੂ ਕਰ ਦਿੱਤਾ ਹੈ। ਜਿਥੋਂ ਤੱਕ ਨਤੀਜਿਆਂ ਦਾ ਸਵਾਲ ਹੈ, ਸੂਬੇ ਵਿਚ ਮਹਿਜ਼ 13 ਲੋਕ ਸਭਾ ਦੀਆਂ ਸੀਟਾਂ ਹਨ। ਇਨ੍ਹਾਂ ਵਿਚ ਕਾਂਗਰਸ ਮੋਹਰੀ ਬਣ ਕੇ ਉੱਭਰੀ ਹੈ। ਭਾਰਤੀ ਜਨਤਾ ਪਾਰਟੀ ਨੇ ਵੀ ਇਥੇ ਵਧੀਆ ਪ੍ਰਦਰਸ਼ਨ ਦਿਖਾਇਆ ਹੈ। ਕਾਂਗਰਸ ਵਲੋਂ 13 ਵਿਚੋਂ 8 ਸੀਟਾਂ ਲਿਜਾਣਾ ਉਸ ਦੀ ਵੱਡੀ ਪ੍ਰਾਪਤੀ ਮੰਨੀ ਜਾ ਸਕਦੀ ਹੈ। ਇਸੇ ਹੀ ਤਰ੍ਹਾਂ ਭਾਜਪਾ ਵਲੋਂ ਤਿੰਨਾਂ ਵਿਚੋਂ 2 ਸੀਟਾਂ ਜਿੱਤਣੀਆਂ ਵੀ ਮਾਅਰਕੇ ਵਾਲੀ ਗੱਲ ਹੈ। ਸ਼੍ਰੋਮਣੀ ਅਕਾਲੀ ਦਲ 10 ਵਿਚੋਂ ਸਿਰਫ 2 ਸੀਟਾਂ ਹੀ ਜਿੱਤ ਸਕਿਆ ਹੈ ਅਤੇ ਆਮ ਆਦਮੀ ਪਾਰਟੀ ਦੇ ਹਿੱਸੇ ਸਿਰਫ਼ ਇਕ ਸੀਟ ਆਈ ਹੈ।ਚੋਣਾਂ ਤੋਂ ਪਹਿਲਾਂ ਰਿਵਾਇਤੀ ਪਾਰਟੀਆਂ ਤੋਂ ਟੁੱਟੇ ਕੁਝ ਆਗੂਆਂ ਨੇ ਵੀ ਆਪੋ-ਆਪਣੀਆਂ ਪਾਰਟੀਆਂ ਅਤੇ ਸੰਗਠਨ ਬਣਾਏ ਸਨ। ਉਨ੍ਹਾਂ ਨੇ ਇਹ ਯਤਨ ਕੀਤਾ ਸੀ ਕਿ ਉਹ ਰਲ ਕੇ ਸਾਂਝੇ ਰੂਪ ਵਿਚ ਇਕ ਸਟੇਜ ਤੋਂ ਹੀ ਚੋਣਾਂ ਲੜਨ। ਅਜਿਹੇ ਯਤਨ ਉਨ੍ਹਾਂ ਕੀਤੇ ਵੀ ਸਨ। ਪਰ ਇਹ ਅੱਧੇ-ਅਧੂਰੇ ਹੀ ਰਹਿ ਗਏ ਸਨ। ਇਨ੍ਹਾਂ ਸਾਰੀਆਂ ਹੀ ਪਾਰਟੀਆਂ ਨੂੰ ਨਮੋਸ਼ੀਜਨਕ ਹਾਰ ਦਾ ਮੂੰਹ ਵੇਖਣਾ ਪਿਆ ਹੈ। ਹਾਲਾਂਕਿ ਇਨ੍ਹਾਂ ਵਿਚ ਬਹੁਜਨ ਸਮਾਜ ਪਾਰਟੀ ਵਿਚ ਕੁਝ ਉਭਾਰ ਆਇਆ ਵੇਖਿਆ ਜਾ ਸਕਦਾ ਹੈ। ਸ਼੍ਰੋਮਣੀ ਅਕਾਲੀ ਦਲ ਦੇ ਆਗੂ ਆਪਣੀ ਵੱਡੀ ਹਾਰ ਨੂੰ ਜਿੱਤ ਵਿਚ ਬਦਲਣ ਦਾ ਦਿਖਾਵਾ ਜ਼ਰੂਰ ਕਰ ਰਹੇ ਹਨ। ਜਿਨ੍ਹਾਂ 2 ਸੀਟਾਂ ‘ਤੇ ਉਹ ਜੇਤੂ ਰਹੇ ਹਨ, ਉਥੇ ਥਾਂ ਪੁਰ ਥਾਂ ਏਨੀ ਖੁਸ਼ੀ ਦਾ ਪ੍ਰਗਟਾਵਾ ਕੀਤਾ ਜਾਂਦਾ ਰਿਹਾ ਹੈ, ਜਿਵੇਂ ਇਹ 2 ਸੀਟਾਂ ਹੀ ਅਕਾਲੀਆਂ ਦੀ ਹੂੰਝਾ ਫੇਰੂ ਸਾਬਤ ਹੋਈਆਂ ਹਨ ਅਤੇ ਹਾਰੀਆਂ 8 ਸੀਟਾਂ ਦੀ ਨਮੋਸ਼ੀ ਨੂੰ ਇਸੇ ਜਿੱਤ ਪਿੱਛੇ ਲੁਕਾਉਣ ਦਾ ਯਤਨ ਕੀਤਾ ਜਾ ਰਿਹਾ ਹੈ। ਇਹੋ ਕੁਝ ਹੀ ਚੰਡੀਗੜ੍ਹ ਵਿਚ
ਹੋਈ ਅਕਾਲੀ ਦਲ ਦੀ ਕੋਰ ਕਮੇਟੀ ਦੀ ਮੀਟਿੰਗ ਵਿਚ ਨਜ਼ਰ ਆਇਆ ਹੈ, ਜਿਥੇ ਪਾਰਟੀ ਪ੍ਰਧਾਨ ਦੀ ਖੂਬ ਸ਼ਲਾਘਾ ਕੀਤੀ ਗਈ ਹੈ, ਉਥੇ ਕੁਝ ਵਿਧਾਨ ਸਭਾ ਸੀਟਾਂ ‘ਤੇ ਵਧੇਰੇ ਵੋਟਾਂ ਪੈਣ ਨੂੰ ਵੀ ਆਪਣੀ ਜਿੱਤ ਵਜੋਂ ਪੇਸ਼ ਕਰਨ ਦਾ ਯਤਨ ਕੀਤਾ ਗਿਆ ਹੈ। ਪਰ ਨਿਕਲੇ ਨਤੀਜਿਆਂ ਤੋਂ ਇਹ ਪ੍ਰਭਾਵ ਮਿਲਦਾ ਹੈ ਕਿ ਇਕ ਵਾਰ ਫਿਰ ਸ਼੍ਰੋਮਣੀ ਅਕਾਲੀ ਦਲ ਨੂੰ ਵੱਡੀ ਗਿਣਤੀ ਵਿਚ ਲੋਕਾਂ ਨੇ ਨਕਾਰ ਦਿੱਤਾ ਹੈ। ਸਾਲ 2017 ਵਿਚ ਹੋਈਆਂ ਵਿਧਾਨ ਸਭਾ ਦੀਆਂ ਚੋਣਾਂ ਵਿਚ ਇਸ ਪਾਰਟੀ ਨੂੰ 117 ਵਿਚੋਂ ਸਿਰਫ 15 ਸੀਟਾਂ ਹੀ ਮਿਲੀਆਂ ਸਨ ਅਤੇ ਇਹ ਵਿਧਾਨ ਸਭਾ ਵਿਚ ਤੀਸਰੇ ਨੰਬਰ ‘ਤੇ ਆ ਖੜ੍ਹੀ ਹੋਈ ਸੀ। ਉਸ ਸਮੇਂ ਦੇ ਚੋਣ ਨਤੀਜਿਆਂ ਨੂੰ ਦੇਖਦੇ ਹੋਏ ਇਹ ਕਿਹਾ ਜਾ ਸਕਦਾ ਹੈ ਕਿ ਪਿਛਲੇ ਦੋ ਸਾਲਾਂ ਵਿਚ ਅਕਾਲੀ ਦਲ ਅੰਦਰ ਫੁੱਟ ਵਧੇਰੇ ਵਧੀ ਹੈ ਅਤੇ ਇਸ ਦੀ ਅੱਗੇ ਵਧਣ ਦੀ ਚਾਲ ਢਿੱਲੀ-ਮੱਠੀ ਹੀ ਰਹੀ ਹੈ। ਅਸੀਂ ਪਿਛਲੇ ਦੋ ਸਾਲਾਂ ਦੇ ਸੂਬੇ ਦੇ ਕਾਂਗਰਸ ਪ੍ਰਸ਼ਾਸਨ ਨੂੰ ਵਧੀਆ ਨਹੀਂ ਮੰਨਦੇ ਪਰ ਇਸ ਦੇ ਬਾਵਜੂਦ ਲੋਕਾਂ ਦਾ ਰੁਝਾਨ ਅਕਾਲੀ ਦਲ ਵੱਲ ਨਹੀਂ ਗਿਆ। ਕੋਈ ਨਵੇਂ ਪ੍ਰਭਾਵਸ਼ਾਲੀ ਸਿਆਸੀ ਬਦਲ ਪੈਦਾ ਨਾ ਹੋਣ ਕਾਰਨ ਲੋਕ ਮਨਾਂ ਵਿਚ ਪੈਦਾ ਹੋਈ ਮਾਯੂਸੀ ਨੂੰ ਮਹਿਸੂਸ ਕੀਤਾ ਜਾ ਸਕਦਾ ਹੈ। ਇਨ੍ਹਾਂ ਚੋਣਾਂ ਨੇ ਦਰਸਾ ਦਿੱਤਾ ਹੈ ਕਿ ਅਕਾਲੀ ਦਲ ਵਿਚ ਹਾਲੇ ਵੀ ਲੋਕਾਂ ਨੇ ਵਿਸ਼ਵਾਸ ਨਹੀਂ ਪ੍ਰਗਟਾਇਆ।ਅਜਿਹੀ ਸਥਿਤੀ ਵਿਚ ਅਕਾਲੀ ਆਗੂਆਂ ਨੂੰ ਇਸ ਹਾਰ ਬਾਰੇ ਡੂੰਘੀ ਅਤੇ ਗੰਭੀਰ ਸੋਚ-ਵਿਚਾਰ ਕਰਨੀ ਚਾਹੀਦੀ ਸੀ। ਅਜਿਹੀ ਉਮੀਦ ਕੋਰ ਕਮੇਟੀ ਦੀ ਹੋਈ ਮੀਟਿੰਗ ਤੋਂ ਕੀਤੀ ਜਾ ਸਕਦੀ ਸੀ। ਕੋਰ ਕਮੇਟੀ ਦੀ ਹੋਈ ਇਹ ਮੀਟਿੰਗ ਸਾਰਥਕ ਸਿੱਟੇ ਕੱਢਣ ਵਿਚ ਸਫ਼ਲ ਹੋਈ ਹੋਵੇ, ਅਜਿਹਾ ਨਹੀਂ ਜਾਪਦਾ। ਅਕਾਲੀ ਦਲ ਦਾ ਪੇਂਡੂ ਅਤੇ ਧਾਰਮਿਕ ਆਧਾਰ ਲਗਾਤਾਰ ਖੁਰਦਾ ਦਿਖਾਈ ਦੇ ਰਿਹਾ ਹੈ। ਉਸ ਲਈ ਭਵਿੱਖ ਵਿਚ ਕੋਈ ਸੰਜੀਦਾ ਯੋਜਨਾਬੰਦੀ ਕਰਨ ਦੀ ਥਾਂ ‘ਤੇ ਆਪਣੇ ਹੱਕ ਵਿਚ ਗਿਣਤੀਆਂ-ਮਿਣਤੀਆਂ ਜਤਾਉਣ ਅਤੇ ਫਿਰ ਇਕ ਭਰਮ ਬਣਾਉਣ ਦੇ ਹੀ ਯਤਨ ਕੀਤੇ ਜਾ ਰਹੇ ਹਨ। ਕਿਸੇ ਸਮੇਂ ਸੂਬੇ ਵਿਚ ਆਮ ਆਦਮੀ ਪਾਰਟੀ ਦਾ ਉਭਾਰ ਵੀ ਇਥੋਂ ਦੀਆਂ ਰਿਵਾਇਤੀ ਪਾਰਟੀਆਂ ਪ੍ਰਤੀ ਪੈਦਾ ਹੋਈ ਨਿਰਾਸ਼ਾ ਕਾਰਨ ਹੀ ਹੋਇਆ ਸੀ। ਹੁਣ ਵੀ ਨਿਰਾਸ਼ਾ ਦਾ ਦੌਰ ਜਾਰੀ ਹੈ। ਇਹ ਕਦੋਂ ਖ਼ਤਮ ਹੋਏਗਾ, ਇਸ ਬਾਰੇ ਅਜੇ ਕੁਝ ਨਹੀਂ ਕਿਹਾ ਜਾ ਸਕਦਾ।
(ਸੰਪਾਦਕੀ ਰੋਜ਼ਾਨਾ ‘ਅਜੀਤ’ ਜਲੰਧਰ 30-5-2019)