ਲੁਟੇਰਿਆਂ ਨੇ ਘਰ ‘ਚ ਦਾਖਲ ਹੋ ਕੇ ਕੀਤੀ ਪਿਉ-ਪੁੱਤ ਦੀ ਹੱਤਿਆ-ਬਜ਼ੁਰਗ ਔਰਤ ਗੰਭੀਰ ਜ਼ਖ਼ਮੀ

ਭੋਗਪੁਰ, 29 ਮਈ (ਹਰਨਾਮ ਦਾਸ ਚੋਪੜਾ)- ਥਾਣਾ ਭੁਲੱਥ ਤਹਿਤ ਪੈਂਦੇ ਪਿੰਡ ਟਾਂਡੀ ਔਲਖ ਦੇ ਲੋਕਾਂ ਵਿਚ ਇਕ ਬਜ਼ੁਰਗ ਅਤੇ ਲੜਕੇ ਦੀ ਹੋਈ ਹੱਤਿਆ ਤੋਂ ਬਾਅਦ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ।ਪਿੰਡ ਦੇ ਨੇੜੇ ਪੈਂਦੇ ਇਕ ਡੇਰੇ ‘ਤੇ ਰਹਿੰਦੇ ਇਕ ਪਰਿਵਾਰ ਦੇ ਦੋ ਜੀਆਂ ਦੀ ਬੀਤੇ ਐਤਵਾਰ ਨੂੰ ਤੇਜ਼ਧਾਰ ਹਥਿਆਰਾਂ ਨਾਲ ਹੱਤਿਆ ਕਰ ਦਿੱਤੀ ਗਈ ਤੇ ਇਕ ਬਜ਼ੁਰਗ ਔਰਤ ਨੂੰ ਮਰੀ ਸਮਝ ਕੇ ਚਾਰ ਅਣਪਛਾਤੇ ਹਮਲਾਵਾਰ ਹਨੇਰੇ ‘ਚ ਫ਼ਰਾਰ ਹੋ ਗਏ। ਚਾਰਾਂ ਹਮਲਾਵਾਰਾਂ ਨੇ ਘਟਨਾ ਦੌਰਾਨ ਆਪਣੇ ਮੂੰਹ ਬੰਨ੍ਹੇ ਹੋਏ ਸਨ। ਘਟਨਾ ਸਥਾਨ ਦਾ ਮੌਕੇ ਤੇ ਮੁਆਇਨਾ ਕਰਨ ਪੁੱਜੇ ਐੱਸਐੱਸਪੀ ਕਪੂਰਥਲਾ ਸਤਿੰਦਰ ਸਿੰਘ, ਥਾਣਾ ਭੁਲੱਥ ਦੇ ਏਐੱਸਪੀ ਡਾ. ਸਿਮਰਤ ਕੌਰ, ਐੱਸਐੱਚਓ ਥਾਣਾ ਭੁਲੱਥ ਕਰਨੈਲ ਸਿੰਘ ਅਤੇ ਪੁਲਿਸ ਪਾਰਟੀ ਨੇ ਘਰ ਨੂੰ ਘੇਰੇ ਵਿਚ ਲੈ ਕੇ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਅਤੇ ਘਰ ਵਿਚ ਖਿਲਰੇ ਸਾਮਾਨ ਦੀ ਬਾਰੀਕੀ ਨਾਲ ਜਾਂਚ-ਪੜਤਾਲ ਕੀਤੀ। ਹਾਲਾਤ ਤੋਂ ਲੱਗ ਰਿਹਾ ਹੈ ਕਿ ਇਹ ਮਾਮਲਾ ਲੁੱਟ-ਖੋਹ ਦਾ ਹੋ ਸਕਦਾ ਹੈ। ਘਰ ਦੇ ਮੈਂਬਰਾਂ ਵਿਚੋਂ ਮਿ?ਤਕ ਸੰਤੋਖ ਸਿੰਘ ਦੀ ਲੜਕੀ ਸਰਬਜੀਤ ਕੌਰ ਜੋ ਕਿ ਨੇੜੇ ਪੈਂਦੇ ਪਿੰਡ ਕਰਨੈਲ ਗੰਜ ਵਿਚ ਵਿਆਹੀ ਹੋਈ ਹੈ, ਨੇ ਦੱਸਿਆ ਕਿ ਉਸ ਨੇ ਐਤਵਾਰ ਨੂੰ ਜਦੋਂ ਆਪਣੇ ਮਾਪਿਆਂ ਨੂੰ ਫੋਨ ਕੀਤਾ ਤਾਂ ਉਨ੍ਹਾਂ ਫੋਨ ਨਹੀ ਚੁੱਕਿਆ। ਜਦੋਂ ਉਹ ਮੰਗਲਵਾਰ ਨੂੰ ਸਵੇਰੇ ਆਪਣੇ ਪੇਕੇ ਘਰ ਆਈ ਤਾਂ ਉਸ ਦੇ ਭਰਾ ਕਿਰਪਾਲ ਸਿੰਘ (40) ਦੀ ਲਾਸ਼ ਘਰ ਦੇ ਵੇਹੜੇ ਵਿਚ ਪਈ ਹੋਈ ਸੀ। ਉਸ ‘ਤੇ ਤੇਜ਼ਧਾਰ ਹਥਿਆਰਾਂ ਨਾਲ ਵਾਰ ਕੀਤੇ ਹੋਏ ਹਨ। ਜਦੋਂ ਉਹ ਘਰ ਅੰਦਰ ਦਾਖ਼ਲ ਹੋਈ ਤਾਂ ਉਸ ਦੇ ਪਿਤਾ ਸੰਤੋਖ ਸਿੰਘ ਦੀ ਲਾਸ਼ ਅੰਦਰ ਪਈ ਸੀ।ਉਸ ਨੇ ਆਪਣੀ ਮਾਤਾ ਬਲਬੀਰ ਕੌਰ (65) ਦੀ ਪਾਣੀ ਮੰਗਣ ਦੀ ਆਵਾਜ਼ ਸੁਣੀ ਤੇ ਜਦੋਂ ਉਸ ਨੇ ਰਸੋਈ ਵਿਚ ਜਾ ਕੇ ਦੇਖਿਆ ਤਾਂ ਉਸ ਦੀ ਮਾਤਾ ‘ਤੇ ਵੀ ਤੇਜ਼ਧਾਰ ਹਥਿਆਰਾਂ ਨਾਲ ਵਾਰ ਕੀਤੇ ਹੋਏ ਹਨ ਅਤੇ ਉਹ ਬੁਰੀ ਤਰ੍ਹਾਂ ਜ਼ਖ਼ਮੀ ਹੋਈ ਪਈ ਸੀ। ਮਾਤਾ ਦੀਆਂ ਅੱਖਾਂ ਵਿਚ ਖੂਨ ਜੰਮ ਚੁੱਕਾ ਸੀ। ਮਾਤਾ ਬਲਬੀਰ ਕੌਰ ਨੇ ਉਸ ਨੂੰ ਦੱਸਿਆ ਕਿ ਹਮਲਾਵਾਰਾਂ ਦੀ ਗਿਣਤੀ ਚਾਰ ਸੀ।
ਉਸ ਨੇ ਗੰਭੀਰ ਰੂਪ ਵਿਚ ਜ਼ਖ਼ਮੀ ਆਪਣੀ ਮਾਤਾ ਨੂੰ ਸਿਵਲ ਹਸਪਤਾਲ ਭੁਲੱਥ ਵਿਚ ਇਲਾਜ ਲਈ ਦਾਖ਼ਲ ਕਰਵਾਇਆ, ਜਿੱਥੇ ਡਾਕਟਰਾਂ ਨੇ ਉਸ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਜਲੰਧਰ ਦੇ ਨਿੱਜੀ ਹਸਪਤਾਲ ਲਈ ਰੈਫਰ ਕਰ ਦਿੱਤਾ। ਪੁਲਿਸ ਨੇ ਮੌਕੇ ‘ਤੇ ਦੋਵਾਂ ਲਾਸ਼ਾਂ ਨੂੰ ਆਪਣੇ ਕਬਜ਼ੇ ਵਿਚ ਲੈ ਕੇ ਕਪੂਰਥਲਾ ਦੇ ਸਿਵਲ ਹਸਪਤਾਲ ਦੇ ਮੁਰਦਖ਼ਾਨੇ ਵਿਚ ਰੱਖ ਦਿੱਤਾ ਅਤੇ ਮਾਮਲੇ ਸਬੰਧੀ ਜਾਂਚ ਸ਼ੁਰੂ ਕਰ ਦਿੱਤੀ।

Send this to a friend