ਹੱਡਾ ਰੋੜੀ ਦੇ ਖੁੰਖਾਰ ਕੁੱਤਿਆਂ ਨੇ ਖੇਤ ਗਏ ਮਜ਼ਦੂਰ ਨੂੰ ਨੋਚਿਆ

ਤਲਵੰਡੀ ਸਾਬੋ, 29 ਮਈ (ਰਾਮ ਰੇਸ਼ਮ ਨਥੇਹਾ)- ਨੇੜਲੇ ਪਿੰਡ ਭਾਗੀਵਾਂਦਰ ਵਿਖੇ ਆਵਾਰਾ ਕੁੱਤਿਆਂ ਨੂੰ ਲੈ ਕੇ ਪ੍ਰਸ਼ਾਸਨ ਕੋਲ ਕੋਈ ਠੋਸ ਪ੍ਰਬੰਧ ਨਹੀਂ ਹਨ। ਪਿੰਡ ਵਿੱਚ ਬਣੀ ਹੱਡਾਂ ਰੋੜੀ ਕਾਰਨ ਗਲੀ ਮਹੱਲੇ ਸਮੇਤ ਇਲਾਕੇ ਦੇ ਪਿੰਡਾਂ ਚ ਘੁੰਮਦੇ ਕੁੱਤਿਆਂ ਦੀ ਦਿਨੋਂ ਦਿਨ ਵਧ ਰਹੀ ਗਿਣਤੀ ਲੋਕਾਂ ਲਈ ਵੱਡੀ ਸਿਰਦਰਦੀ ਬਣਦੀ ਜਾ ਰਹੀ ਹੈ। ਇਨ੍ਹਾਂ ਕੁੱਤਿਆਂ ਦਾ ਖ਼ੌਫ਼ ਇਸ ਕਦਰ ਦੇਖਣ ਨੂੰ ਮਿਲ ਰਿਹਾ ਹੈ ਕਿ ਕੱਲ੍ਹ ਦੇਰ ਸ਼ਾਮ ਕਿਸਾਨ ਸੰਸਾਰ ਸਿੰਘ ਪੁੱਤਰ ਭੂਰਾ ਸਿੰਘ 45 ਆਪਣੇ ਹੀ ਖੇਤ ਪਾਣੀ ਲਾ ਕੇ ਘਰ ਵਾਪਸ ਆ ਰਿਹਾ ਸੀ ਤਾਂ ਘਰ ਦੇ ਕੋਲ ਪਹੁੰਚਣ ਤੇ ਹੱਡਾ ਰੋੜੀ ਵਾਲੇ ਕੁੱਤਿਆਂ ਦਾ ਝੁੰਡ ਸੰਸਾਰ ਸਿੰਘ ਨੂੰ ਨਿਸ਼ਾਨਾ ਬਣਾਉਂਦਿਆਂ ਬੁਰੀ ਤਰ੍ਹਾਂ ਨੋਚ ਕੇ ਗੰਭੀਰ ਜ਼ਖ਼ਮੀ ਕਰ ਦਿੱਤਾ ਜੋ ਕਿ ਸਵੇਰ ਹੁੰਦਿਆਂ ਉਨ੍ਹਾਂ ਦੇ ਪਰਿਵਾਰ ਨੇ ਦੇਖਿਆ ਤਾ ਸੰਸਾਰ ਸਿੰਘ ਨੂੰ ਕੁੱਤੇ ਨੋਚ ਨੋਚ ਕੇ ਖਾ ਰਹੇ ਸਨ ਅਤੇ ਉਹ ਬੇਹੋਸ਼ੀ ਦੀ ਹਾਲਤ ਵਿਚ ਪਿਆ ਸੀ। ਜਿਸ ਨੂੰ ਜ਼ੇਰੇ ਇਲਾਜ ਲਈ ਤਲਵੰਡੀ ਸਾਬੋ ਸਿਵਲ ਹਸਪਤਾਲ ਵਿਖੇ ਲਿਆਂਦਾ ਗਿਆ ਹਾਲਤ ਨੂੰ ਗੰਭੀਰ ਦੇਖਦੇ ਹੋਏ ਬਠਿੰਡਾ ਇਲਾਜ ਲਈ ਰੈਫ਼ਰ ਕਰਨ ਉਪਰੰਤ ਉਨ੍ਹਾਂ ਨੇ ਪੀਜੀਆਈ ਚੰਡੀਗੜ੍ਹ ਰੈਫਰ ਕਰ ਦਿੱਤਾ। ਗੌਰਤਲਬ ਹੈ ਕਿ ਹੱਡਾ ਰੋੜੀ ਦੇ ਨਾਲ ਲਗਦੇ ਘਰਾਂ ਵਿੱਚੋਂ ਪਿਛਲੇ ਦਿਨੀਂ ਇੱਕ ਬੱਕਰਾ ਅਤੇ ਬੱਕਰੀ ਨੂੰ ਕੁੱਤਿਆਂ ਨੇ ਨੋਚ ਨੋਚ ਕੇ ਖਾ ਲਿਆ ਸੀ। ਲੋਕਾਂ ਨੇ ਰੋਸ ਜ਼ਾਹਿਰ ਕਰਦਿਆਂ ਦੱਸਿਆ ਕਿ ਹੱਡਾ ਰੋੜੀ ਉਨ੍ਹਾਂ ਦੇ ਘਰਾਂ ਦੇ ਬਿਲਕੁਲ ਨੇੜੇ ਹੀ ਸਥਿਤ ਹੈ ਜਿਸ ਕਾਰਨ ਉਨ੍ਹਾਂ ਦੇ ਘਰਾਂ ਦੇ ਆਸ ਪਾਸ ਵੱਡੀ ਗਿਣਤੀ ਚ ਹੱਡਾ ਰੋੜੀ ਚ ਮਰੇ ਪਸ਼ੂਆਂ ਦਾ ਮਾਸ ਖਾਣ ਵਾਲੇ ਖੂੰਖਾਰ ਕੁੱਤਿਆਂ ਦਾ ਡਰ ਹਰ ਸਮੇਂ ਬਣਿਆ ਰਹਿੰਦਾ ਹੈ ਲੋਕਾਂ ਨੇ ਦੱਸਿਆ ਕਿ ਸੈਂਕੜੇ ਕੁੱਤੇ ਝੁੰਡਾਂ ਦੇ ਝੁੰਡ ਬਣਾ ਕੇ ਇੱਥੇ ਦਿਨ ਰਾਤ ਗਲੀ ਮੁਹੱਲਿਆਂ ਵਿੱਚ ਆਮ ਘੁੰਮਦੇ ਰਹਿੰਦੇ ਹਨ ਅਤੇ ਛੋਟੇ ਬੱਚਿਆਂ ਦੇ ਨਾਲ ਨਾਲ ਗੁਜਰਨ ਵਾਲੇ ਰਾਹਗੀਰਾਂ ਨੂੰ ਵੀ ਖੂੰਖਾਰ ਕੁੱਤੇ ਆਪਣਾ ਸ਼ਿਕਾਰ ਬਣਾ ਰਹੇ ਹਨ ਜਿਨ੍ਹਾਂ ਦੇ ਡਰੋਂ ਉਨ੍ਹਾਂ ਨੂੰ ਰਾਹ ਬਦਲ ਕੇ ਖੇਤਾਂ ਵਿੱਚ ਦੀ ਲੰਘਣਾ ਪੈਂਦਾ ਹੈ ਅਤੇ ਆਪਣੇ ਬੱਚਿਆਂ ਨੂੰ ਘਰਾਂ ਦੇ ਵਿੱਚ ਹੀ ਕੈਦ ਕਰਕੇ ਰੱਖਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਪਿੰਡ ਵਾਸੀਆਂ ਨੇ ਕਿਹਾ ਕਿ ਜੇਕਰ ਆਉਂਦੇ ਕੁਝ ਦਿਨਾਂ ਵਿੱਚ ਹੱਡਾ ਰੋੜੀ ਨੂੰ ਪਿੰਡ ਤੋਂ ਬਾਹਰ ਨਾ ਕੀਤਾ ਗਿਆ ਤਾਂ ਉਹ ਠੋਸ ਕਦਮ ਉਠਾਉਣਗੇ। ਇਸ ਸਬੰਧੀ ਜਦੋਂ ਐਸ ਡੀ ਐਮ ਤਲਵੰਡੀ ਸਾਬੋ ਨਾਲ ਗੱਲ ਕਰਨੀ ਚਾਹੀ ਤਾਂ ਸੰਪਰਕ ਨਾ ਹੋ ਸਕਿਆ।

Send this to a friend