ਉੱਚੇ ਲੰਬੇ ਚੋਬਰ ਅਤੇ ਮੁਟਿਆਰਾਂ ਵਾਲਾ ਪੰਜਾਬ ਆਪਣੀ ਰੰਗਲੀ ਫਿਜ਼ਾ ਗਵਾਉਂਦਾ ਨਜ਼ਰ ਆ ਰਿਹਾ ਹੈ। ਸਮਾਜਿਕ ਅਤੇ ਆਰਥਿਕ ਤੌਰ ‘ਤੇ ਕਈ ਪਾਸਿਉਂ ਘਿਰੇ ਸੂਬੇ ਪੰਜਾਬ ਨੂੰ ਨਜ਼ਰ ਲੱਗ ਗਈ ਲਗਦੀ ਹੈ। ਇਸ ਦੀ ਤਾਜੀ ਅਤੇ ਸਾਫ ਹਵਾ ਨੂੰ ਧੂੰਏ ਦੇ ਬੱਦਲ਼ਾਂ ਨੇ ਜ਼ਹਿਰੀਲਾ ਕਰਨ ‘ਚ ਕੋਈ ਕਸਰ ਨਹੀ ਛੱਡੀ। ਸਵਰਗ ਵਰਗੀ ਇਸ ਧਰਤੀ ‘ਤੇ ਅੱਜ ਛੋਟੀ ਉਮਰ ਦੇ ਬੱਚੇ ਸਾਹ ਦੀਆਂ ਬਿਮਾਰੀਆਂ ਦਾ ਸ਼ਿਕਾਰ ਹਨ। ਬਨਾਉਟੀ ਸਾਹ ਲੈਣ ਲਈ ਉਹਨਾਂ ਦੇ ਹੱਥਾਂ ‘ਚ ਪੰਪ ਫੜੇ ਹੋਏ ਹਨ। ਇਸਦੀ ਮਿੱਟੀ, ਜਿਸ ਨੂੰ ਪਾਕਿ ਪਵਿੱਤਰ ਦਾ ਦਰਜਾ ਪ੍ਰਾਪਤ ਸੀ, ਨੂੰ ਨਦੀਨਾਂ ਅਤੇ ਜਹਿਰਾਂ ਦੀ ਅੰਨੀ ਵਰਤੋਂ ਨੇ ਜਹਿਰਲਾ ਬਣਾ ਦਿੱਤਾ ਹੈ। ਇਥੋਂ ਦਾ ਕਿਸਾਨ ਜਿਸਨੇ ਆਪਣੀ ਮਿਹਨਤ ਦਾ ਲੋਹਾ ਪੂਰੀ ਦੁਨੀਆਂ ‘ਚ ਮਨਵਾਇਆ, ਅੱਜ ਆਰਥਿਕ ਹਾਲਾਤਾਂ ਦਾ ਝੰਬਿਆਂ ਆਪਣੇ ਗੱਲ਼ ‘ਚ ਆਪ ਫਾਹਾ ਪਾ ਕੇ ਦਰਖਤਾਂ ਦੇ ਟਾਣਿਆਂ ਨਾਲ ਲਾਸ਼ ਦੇ ਰੂਪ ‘ਚ ਲਟਕਣ ਲਈ ਮਜਬੂਰ ਹੈ।
ਪੰਜਾਬ ਦੇ ਪੰਜ ਦਰਿਆਵਾਂ ਦਾ ਪਾਣੀ ਪੀਣ ਯੋਗ ਨਹੀ ਰਿਹਾ। ਕੈਂਸਰ ਰੂਪੀ ਬਿਮਾਰੀ ਨੇ ਹਜਾਰਾਂ ਮਨੁੰਖੀ ਜਾਨਾਂ ਨੂੰ ਆਪਣਾ ਸ਼ਿਕਾਰ ਬਣਾ ਲਿਆ। ਸਿੱਖਿਆ ਦੇ ਨਿੱਜੀ ਹੱਥਾਂ ‘ਚ ਜਾਣ ਕਾਰਨ ਗਰੀਬ ਅਤੇ ਆਰਥਿਕ ਤੌਰ ‘ਤੇ ਕਮਜੋਰ ਵਿਅਕਤੀ ਦੇ ਬੱਚੇ ਚੰਗੀ ਸਿੱਖਿਆ ਪ੍ਰਪਾਤ ਕਰਨ ਤੋਂ ਖੂੰਝਦੇ ਜਾ ਰਹੇ ਹਨ। ਅਮੀਰ ਗਰੀਬ ਦਾ ਪਾੜਾ ਦਿਨ ਪ੍ਰਤੀ ਦਿਨ ਵੱਧਦਾ ਜਾ ਰਿਹਾ ਹੈ। ਇੱਥੋਂ ਦਾ ਨੌਜਵਾਨ ਜੋ ਕਦੇ ਮੇਲਿਆ ਦੀ ਸ਼ਾਨ ਹੁੰਦਾ ਸੀ ਅੱਜ ਬੇਰੁਜ਼ਗਾਰੀ ਅਤੇ ਬੇਬਸੀ ਦੀ ਹਾਲਤ ‘ਚ ਦੇਸ਼ ਛੱਡ ਕੇ ਵਿਦੇਸ਼ੀ ਰਸਤੇ ਪੈ ਗਿਆ ਹੈ। ਸਿੰਥੈਟਿਕ ਨਸ਼ਿਆਂ ਦੇ ਜਾਲ ‘ਚ ਫਸੇ ਪੰਜਾਬੀ ਨੌਜਵਾਨਾਂ ਦੀਆਂ ਘਰ ਦੇ ਵਿਹੜਿਆਂ ‘ਚੋਂ ਨਿੱਤ ਅਰਥੀਆਂ ਉੱਠ ਰਹੀਆਂ ਹਨ।
ਸੂਬੇ ਅੰਦਰ ਸਰਕਾਰੀ ਸਿਹਤ ਸਹੂਲਤਾਂ ਲੀਹ ਤੋਂ ਲੱਥ ਚੁੱਕੀਆਂ ਹਨ। ਸਰਕਾਰੀ ਹਸਪਤਾਲਾਂ ‘ਚ ਕਈ ਕਈ ਘੰਟੇ ਗੁੱਲ ਰਹਿੰਦੀ ਬਿਜਲੀ ਸਰਕਾਰੀ ਸਿਹਤ ਢਾਂਚੇ ਦੀਆਂ ਧੱਜੀਆਂ ਉਡਾਉਂਦੀ ਹੈ। ਬਿਜਲੀ ਨਾ ਹੋਣ ਕਾਰਨ ਆਪਰੇਸ਼ਨਾਂ ‘ਚ ਹੁੰਦੀ ਦੇਰੀ ਮਰੀਜਾਂ ਦੀ ਮੌਤ ਦਾ ਕਾਰਨ ਬਣਦੀ ਹੈ। ਮਰੀਜਾਂ ਦੀ ਗਿਣਤੀ ‘ਚ ਵਾਧਾ ਤਾਂ ਲਗਾਤਾਰ ਹੋ ਰਿਹਾ ਹੈ ਪਰ ਜਾਂਚ ਦੇ ਇੰਤਜਾਮ ਬਹੁਤ ਘੱਟ ਹਨ। ਡਾਕਟਰਾਂ ਦਵਾਰਾ ਲਿਖੀਆਂ ਜਾਂਦੀਆਂ ਦਵਾਈਆਂ ਆਰਥਿਕ ਪੱਖੋਂ ਕਮਜੋਰ ਲੋਕਾਂ ਦੇ ਵੱਸੋਂ ਬਾਹਰ ਹੋਣ ਕਾਰਨ ਮਰੀਜ ਇਲਾਜ ਕਰਵਾਉਣ ਤੋਂ ਵੀ ਝਿਜਕਣ ਲੱਗੇ ਹਨ। ਸਰਕਾਰੀ ਹਸਪਤਾਲਾਂ ‘ਚ ਦਵਾਈ ਦੇ ਭੰਡਾਰ ਮੁੱਕਣਾਂ ਹੈਰਾਨੀ ਵਾਲੀ ਗੱਲ ਹੈ।
ਲੋਕਾਂ ਦੀ ਰੱਖਿਆ ਕਰਨ ਵਾਲੀ ਪੁਲੀਸ ਦੇ ਹੱਥੋਂ ਮਰਦੇ ਨਿਰਦੋਸ਼ ਲੋਕਾਂ ਦੀ ਹਿਫਾਜ਼ਤ ਵੱਡਾ ਪ੍ਰਸ਼ਨ ਖੜਾ ਕਰਦੀ ਹੈ। ਚੰਗੇ ਭਲੇ ਬੰਦੇ ਨੁੰੰ ਥਾਣੇ ਬੁਲਾ ਕੇ ਕੁੱਝ ਚਿਰ ਬਾਅਦ ਉਸਦੀ ਮੌਤ ਦੀ ਖਬਰ ਉਸਦੇ ਮਾਪਿਆਂ ਨੂੰ ਦੇਣ ਵਾਲਾ ਪੁਲੀਸ ਤੰਤਰ ਅੱਜ ਕਟਹਿਰੇ ‘ਚ ਖੜਾ ਹੈ। ਹੋਰਾਂ ਲਈ ਜਿਊਣ ਮਰਨ ਵਾਲਾ ਪੰਜਾਬੀ ਅੱਜ ਆਪਣਿਆਂ ਹੱਥੋਂ ਬੂਰੀ ਤਰਾਂ ਲੁੱਟਿਆ ਅਤੇ ਕੁੱਟਿਆ ਜਾ ਰਿਹੈ। ਬੇਸ਼ੱਕ ਇਸ ਗੰਧਲੇ ਹੋ ਚੁੱਕੇ ਨਿਜ਼ਾਮ ‘ਚ ਜ਼ਮੀਰ ਦੀ ਆਵਾਜ਼ ਸੁਨਣ ਵਾਲੇ ਜਿਉਂਦੇ ਹੋਣਗੇ ਪਰ ਉਹਨਾ ਦੀ ਗਿਣਤੀ ਬਹੁਤ ਘੱਟ ਹੈ।
ਇਹ ਸਭ ਉਸ ਪੰਜਾਬ ‘ਚ ਹੋ ਰਿਹੈ ਜਿੱਥੇ ਕਦੇ ਇਨਸਾਫ ਅਤੇ ਸਮਾਜਿਕ ਬਰਾਬਰਤਾ ਦਾ ਬੋਲਬਾਲਾ ਸੀ ਅਤੇ ਲੋਕਾਂ ਦਾ ਆਪਸੀ ਪਿਆਰ ਅਤੇ ਸਹਿਚਾਰ ਦੁਨੀਆਂ ਲਈ ਇੱਕ ਮਿਸਾਲ ਸੀ। ਲੋੜ ਪੈਣ ‘ਤੇ ਇੱਕ ਦੂਜੇ ਦੀ ਮਦਦ ਲਈ ਖੜਨ ਵਾਲਾ ਪੰਜਾਬੀ ਖੁੰਝੇ ਵਕਤ ਅਤੇ ਸੌੜੀ ਸਿਆਸਤ ਨੇ ਚੌਰਾਹੇ ‘ਚ ਲਿਆ ਕੇ ਖੜਾ ਕਰ ਦਿੱਤਾ ਹੈ, ਜਿੱਥੋਂ ਉਹ ਆਪਣੀ ਅਗਲੀ ਮੰਜਿਲ ਲਈ ਰਸਤਾ ਤਲਾਸ਼ਦਾ ਨਜ਼ਰ ਆਉਂਦੈ। ਰੰਗਲੇ ਪੰਜਾਬ ਦੀ ਰੰਗਲੀ ਫਿਜ਼ਾ ਨੂੰ ਵਾਪਿਸ ਲੈ ਆਉਣ ਲਈ ਸਿਰਤੋੜ ਇਮਾਨਦਾਰ ਯਤਨਾਂ ਦੀ ਲੋੜ ਹੈ ਜਿਸ ‘ਚ ਹਰ ਪੰਜਾਬੀ ਆਪਣਾ ਨੈਤਿਕ ਫਰਜ਼ ਸਮਝਦੇ ਹੋਏ ਯੋਗਦਾਨ ਪਾ ਸਕਦਾ ਹੈ। ਟੀਚਾ ਬੇਸ਼ੱਕ ਕਾਫੀ ਵੱਡਾ ਹੈ ਪਰ ਪੰਜਾਬੀ ਲੋਕਾਂ ਦੇ ਹੌਂਸਲੇ ਅਤੇ ਇਰਾਦੇ ਅੱਗ ਸਭ ਕੁੱਝ ਸਭੰਵ ਹੈ।