ਸ਼ਾਹਕੋਟ, 27 ਮਈ (ਸੁਰਿੰਦਰ ਸਿੰਘ ਖਾਲਸਾ)- ਮਾਰਕੀਟ ਕਮੇਟੀ ਸ਼ਾਹਕੋਟ ਅਧੀਨ ਅਉਦੀਆਂ ਮੰਡੀਆਂ ਵਿੱਚ ਕਣਕ ਦੀ ਖਰੀਦ ਪਿਛਲੇ ਸਾਲ ਦੇ ਮੁਕਾਬਲੇ 8 ਫੀਸਦੀ ਵਧ ਗਈ ਹੈ। ਮਾਰਕੀਟ ਕਮੇਟੀ ਦੇ ਸੂਤਰਾਂ ਅਨੁਸਾਰ ਇਸ ਵਾਰ 25 ਮਈ ਕਣਕ ਦੀ ਖਰੀਦ ਦਾ ਆਖਰੀ ਦਿਨ ਸੀ। ਇਸ ਦਿਨ ਤੱਕ ਇਸ ਵਾਰ ਮਾਰਕੀਟ ਕਮੇਟੀ ਅਧੀਨ ਆਉਦੀਆਂ 11 ਮੰਡੀਆਂ ਵਿੱਚ 622737 ਕੁਇੰਟਲ ਕਣਕ ਦੀ ਖਰੀਦ ਹੋਈ। ਜਦ ਕਿ ਪਿਛਲੇ ਸਾਲ ਇਸ ਦਿਨ ਤੱਕ 575520 ਕੁਇੰਟਲ ਕਣਕ ਦੀ ਸਰਕਾਰੀ ਖਰੀਦ ਹੋਈ ਸੀ। ਮਾਰਕੀਟ ਕਮੇਟੀ ਦੇ ਸਕੱਤਰ ਸ੍ਰੀ ਤਜਿੰਦਰ ਕੁਮਾਰ ਨੇ ਦੱਸਿਆ ਕਿ ਸੀਜਨ ਦੌਰਾਨ ਕੀਤੀ ਗਈ ਖਰੀਦ ਦੀ ਅਦਾਇਗੀ ਵੀ ਸਮੇਂ ਸਿਰ ਹੁੰਦੀ ਰਹੀ ਹੈ। ਉਨ੍ਹਾਂ ਕਿਹਾ ਕਿ ਕਣਕ ਦੀ ਢੋਆ-ਢੁਆਈ ਵਿੱਚ ਉਨ੍ਹਾਂ ਕੁਝ ਮੰਡੀਆਂ ਵਿਚ ਮੁਸ਼ਕਲ ਆਈ ਜਿਥੇ ਐਫ.ਸੀ.ਆਈ ਦੀ ਖਰੀਦ ਸੀ। ਰਹਿੰਦੀ ਢੋਆ-ਢੁਆਈ ਦਾ ਕੰਮ ਕੱਲ੍ਹ ਤੱਕ ਮੁਕੰਮਲ ਹੋ ਜਾਣ ਦੀ ਸੰਭਾਵਨਾ ਹੈ। ਸਕੱਤਰ ਨੇ ਦੱਸਿਆ ਕਿ ਇਸ ਵਾਰ ਵੇਅਰ ਹਾਊਸ, ਪਨਸਪ, ਮਾਰਕਫੈਡ, ਪਨਗਰੇਨ ਅਤੇ ਐਫ.ਸੀ.ਆਈ ਨੇ ਕਣਕ ਦੀ ਖਰੀਦ ਕੀਤੀ। ਉਨ੍ਹਾਂ ਅੱਗੇ ਦੱਸਿਆ ਕਿ ਮੁੱਖ ਮੰਡੀ ਸ਼ਾਹਕੋਟ ਵਿੱਚ 181386 ਕੁਇੰਟਲ,ਮਲਸੀਆਂ ਮੰਡੀ 49976 ਕੁਇੰਟਲ, ਪੂਨੀਆਂ ਮੰਡੀ 72741ਕੁਇੰਟਲ, ਲਸੂੜੀ ਮੰਡੀ 62570 ਕੁਇੰਟਲ,ਪਰਜੀਆ ਕਲਾਂ ਮੰਡੀ 89292 ਕੁਇੰਟਲ, ਰੂਪੇਵਾਲ ਮੰਡੀ 6588 ਕੁਇੰਟਲ, ਮੰਡੀ ਕੁਲਾਰ 3815 ਕੁਇੰਟਲ, ਮੰਡੀ ਭੁੱਲਰ 17717 ਕੁਇੰਟਲ, ਤਲਵੰਡੀ ਸੰਘੇੜਾ ਮੰਡੀ 25859 ਕੁਇੰਟਲ,ਕੁਹਾੜ ਕਲਾਂ ਮੰਡੀ 60924 ਕੁਇੰਟਲ ਅਤੇ ਸੋਹਲ ਜਗੀਰ ਮੰਡੀ 51869 ਕੁਇੰਟਲ ਕਣਕ ਦੀ ਸਰਕਾਰੀ ਖਰੀਦ ਹੋਈ ਹੈ। ਸਕੱਤਰ ਨੇ ਦੱਸਿਆ ਕਿ ਇਸ ਵਾਰ ਕਣਕ ਦੀ ਗੁਣਵੱਤਾ ਵੀ ਵਧੀਆ ਰਹੀ। ਇਸ ਤੋ ਇਲਾਵਾ ਕਣਕ ਦੇ ਖਰੀਦ ਦੇ ਦਿਨਾਂ ਦੌਰਾਨ ਮੌਸਮ ਦਾ ਮਿਜਾਜ ਲਗਭਗ ਠੀਕ ਰਿਹਾ।