‘ਉਤਰ ਕਾਟੋ ਮੈਂ ਚੜ੍ਹਾਂ’ ਦੀ ਰਾਜਨੀਤੀ ਨੂੰ ਤਿਲਾਂਜਲੀ-ਵੋਟਰ
ਸ਼ੇਰਪੁਰ, 23 ਮਈ (ਹਰਜੀਤ ਕਾਤਿਲ)- 17ਵੀਂ ਲੋਕ ਸਭਾ ਚੋਣਾਂ ਦੇ ਵਿੱਚ ਸੰਗਰੂਰ ਤੋਂ 25 ਸੰਭਾਵੀ ਉਮੀਦਵਾਰ ਮੈਦਾਨ ਵਿੱਚ ਸਨ ,ਜਿਨ੍ਹਾਂ ਵਿੱਚੋਂ ਇਸ ਸੀਟ ਨੂੰ ਜਿੱਤਣ ਦੇ ਦਾਅਵੇਦਾਰਾਂ ਵਿੱਚੋਂ ਪੀ. ਡੀ.ਏ. ਦੇ ਜੱਸੀ ਜਸਰਾਜ , ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਸਿਮਰਨਜੀਤ ਸਿੰਘ ਮਾਨ, ਰਵਾਇਤੀ ਅਕਾਲੀ ਆਗੂ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ , ਕੈਪਟਨ ਅਮਰਿੰਦਰ ਸਿੰਘ ਦੀ ਸੱਜੀ ਬਾਂਹ ਮੰਨੇ ਜਾਂਦੇ ਕੇਵਲ ਸਿੰਘ ਢਿੱਲੋਂ ਅਤੇ ਆਮ ਆਦਮੀ ਪਾਰਟੀ ਦੇ ਮੌਜੂਦਾ ਸੂਬਾ ਪ੍ਰਧਾਨ ਭਗਵੰਤ ਮਾਨ ਇਸ ਚੋਣ ਵਿੱਚ ਸਰਗਰਮ ਰਹੇ।ਲੋਕ ਸਭਾ ਹਲਕਾ ਸੰਗਰੂਰ ਦੇ ਵੋਟਰਾਂ ਨੇ ਜਿੱਥੇ ਭਗਵੰਤ ਮਾਨ ਦੇ ਚੋਣ ਨਿਸ਼ਾਨ ਝਾੜੂ ਨੂੰ ਆਪਣਾ ਵੋਟ ਦੇਕੇ ਵੱਡੀ ਗਿਣਤੀ (1,07,679) ਨਾਲ ਜਿਤਾਇਆ ਹੈ। ਉਥੇ ਇਹ ਵੀ ਜ਼ਿਕਰ ਕਰਨਾ ਜ਼ਰੂਰੀ ਹੈ ਕਿ ਇੱਥੋਂ ਦੇ ਵੋਟਰਾਂ ਨੇ ਰਵਾਇਤੀ ਅਕਾਲੀਆਂ ਅਤੇ ਕਾਂਗਰਸੀ ਜਮਾਤ ਦੀ “ ਉੱਤਰ ਕਾਟੋ ਮੈਂ ਚੜ੍ਹਾਂ “ ਦੀ ਰਾਜਨੀਤੀ ਦੀ ਅਸਲੀਅਤ ਨੂੰ ਪਹਿਚਾਣਦੇ ਹੋਏ ਕਿਸੇ ਤੀਸਰੇ ਬਦਲ ਦੀ ਭਾਲ ਵਜੋਂ ਉਪਰੋਕਤ ਅਖਾਣ ਨੂੰ ਤਿਲਾਂਜਲੀ ਦਿੰਦੇ ਹੋਏ ਇੱਕ ਵਾਰ ਫਿਰ ਭਗਵੰਤ ਮਾਨ ਨੂੰ ਆਪਣਾ ਮਹਿਬੂਬ ਨੇਤਾ ਗਰਦਾਨ ਕੇ ਇਤਿਹਾਸ ਰਚਿਆ ਹੈ। ਯਾਦ ਰਹੇ ਕਿ ਪਿਛਲੇ ਚੋਣਾਵੀ ਇਤਿਹਾਸ ਵਿੱਚ ਕਿਸੇ ਵੀ ਸਿਆਸੀ ਪਾਰਟੀ ਦਾ ਉਮੀਦਵਾਰ ਹਲਕਾ ਸੰਗਰੂਰ ਤੋਂ ਲਗਾਤਾਰ ਦੂਸਰੀ ਵਾਰ ਜੇਤੂ ਨਹੀਂ ਰਿਹਾ। ਲੋਕ ਸਭਾ ਹਲਕਾ ਸੰਗਰੂਰ ਤੋਂ ਭਗਵੰਤ ਮਾਨ ਦੀ ਜਿੱਤ ਇਸ ਗੱਲ ਦਾ ਸੂਚਕ ਵੀ ਹੈ ਕਿ ਇੱਥੋਂ ਦੇ ਵੋਟਰ ਚਾਹੁੰਦੇ ਹਨ ਕਿ ਪੰਜਾਬ ਵਿੱਚੋਂ ਸਿਆਸੀ ਤੌਰ ਤੇ ਤੀਸਰੇ ਬਦਲ ਦਾ ਆਗਾਜ਼ ਇੱਥੋਂ ਹੀ ਹੋਵੇ ।
ਭਗਵੰਤ ਮਾਨ ਦੀ ਜਿੱਤ ਦੇ ਕਾਰਨ – ਆਮ ਲੋਕਾਂ ਚ ਭਗਵੰਤ ਮਾਨ ਦੇ ਵਿਚਰਨ ਦਾ ਢੰਗ, ਲੋਕਾਂ ਦੀ ਬੋਲੀ ਚ ਉਨ੍ਹਾਂ ਦੀ ਗੱਲ ਕਰਨਾ ਅਤੇ ਸਿਆਸੀ ਕਿਰਦਾਰ ਤੋਂ ਹਮੇਸ਼ਾ ਹੀ ਉੱਚੇ ਉੱਠ ਕੇ ਲੋਕਾਂ ਵਿੱਚ ਵਿਚਰਨਾ ਭਗਵੰਤ ਮਾਨ ਦੀ ਜਿੱਤ ਦੇ ਹਾਸਿਲ ਸਮਝੇ ਜਾਂਦੇ ਹਨ।