ਅੰਮ੍ਰਿਤਸਰ, 25 ਅਪ੍ਰੈਲ (ਪੰਜਾਬ ਟਾਇਮਜ਼ ਬਿਊਰੋ)-ਸ. ਪਰਮਜੀਤ ਸਿੰਘ ਸਰਨਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦਿੱਲੀ ਨੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਯੂਥ ਵਿੰਗ ਦੇ ਪ੍ਰਧਾਨ ਤੇ ਪੰਜਾਬ ਸਰਕਾਰ ਵਿੱਚ ਮੰਤਰੀ ਸ੍ਰੀ ਬਿਕਰਮ ਸਿੰਘ ਮਜੀਠੀਆ ਵੱਲੋ ਪ੍ਰਵਾਨਤ ਗੁਰਬਾਣੀ ਨੂੰ ਤੋੜ ਮਰੋੜ ਕੇ ਪੇਸ਼ ਕਰਨ ਦੀ ਕਰੜੇ ਸ਼ਬਦਾਂ ਵਿੱਚ ਨਿਖੇਧੀ ਕਰਦਿਆ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਤੋ ਮੰਗ ਕੀਤੀ ਕਿ ਮਰਿਆਦਾ ਤੇ ਪੰਥਕ ਸਿਧਾਂਤਾਂ ਦੇ ਸੰਦਰਭ ਵਿੱਚ ਮਜੀਠੀਆ ਤੇ ਖਿਲਾਫ ਤੁਰੰਤ ਕਾਰਵਾਈ ਕਰਕੇ ਉਸ ਵੱਲੋ ਸਿਆਸੀ ਤੇ ਧਾਰਮਿਕ ਸਟੇਜਾਂ ‘ਤੇ ਬੋਲਣ ਦੀ ਉਸ ਵੇਲੇ ਤੱਕ ਪਾਬੰਦੀ ਲਗਾਈ ਜਾਵੇ ਜਿੰਨਾ ਚਿਰ ਤੱਕ ਅਕਾਲ ਤਖਤ ਸਾਹਿਬ ਤੋ ਇਸ ਮਾਮਲੇ ਦਾ ਨਿਪਟਾਰਾ ਨਹੀ ਹੋ ਜਾਂਦਾ। ਜਾਰੀ ਇੱਕ ਬਿਆਨ ਰਾਹੀ ਸ੍ਰ ਪਰਮਜੀਤ ਸਿੰਘ ਸਰਨਾ ਨੇ ਕਿਹਾ ਕਿ
ਪੰਜਾਬ ਦੇ ਸਾਬਕਾ ਡੀ.ਜੀ.ਪੀ (ਜੇਲ੍ਹਾਂ) ਸ੍ਰੀ ਸ਼ਸ਼ੀ ਕਾਂਤ ਵੱਲੋ ਮਜੀਠੀਏ ਤੇ ਹੋਰ ਤਿੰਨ ਮੰਤਰੀਆ ‘ਤੇ ਲਗਾਏ ਗਏ ਨਸ਼ੀਲੇ ਪਦਾਰਥਾਂ ਦੀ ਸਮੱਗਲਿੰਗ ਦੋਸ਼ਾਂ ਦੇ ਅਖਬਾਰਾਂ ਵਿੱਚ ਛੱਪੇ ਬਿਆਨਾਂ ਦੀ ਹਾਲੇ ਸਿਆਹੀ ਵੀ ਨਹੀ ਸੁੱਕੀ ਸੀ ਕਿ ਮਜੀਠੀਏ ਨੇ ਸਿੱਖ ਪੰਥ ਵਿੱਚ ਕੁਰਬਾਨੀ ਦਾ ਪ੍ਰਤੀਕ ‘ਦੇਹ ਸ਼ਿਵਾ ਬਰਮੋਹੇ ਇਹੇ’ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਦੀ ਕ੍ਰਿਤ ਨਾਲ ਛੋੜਖਾਨੀ ਕਰਕੇ ਇਸ ਸ਼ਬਦ ਨਾਲ ਜੇਤਲੀ ਦਾ ਨਾਮ ਨੂੰ ਨਾਲ ਜੋੜ ਕੇ ਸਿੱਖ ਪੰਥ ਦੇ ਹਿਰਦਿਆ ਨੂੰ ਵਲੂੰਧਰ ਦਿੱਤਾ ਹੈ। ਉਹਨਾਂ ਕਿਹਾ ਕਿ ਸੌਦਾ ਸਾਧ ਨੂੰ ਵਿਵਾਦਤ ਪੁਸ਼ਾਕ ਪਹਿਲਾਂ ਸੁਖਬੀਰ ਸਿੰਘ ਬਾਦਲ ਨੇ ਬਣਾ ਕੇ ਭੇਜੀ ਤੇ ਫਿਰ ਉਸ ਤੇ ਸਿਆਸਤ ਕੀਤੀ ਗਈ ਜਿਸ ਸੰਤਾਪ ਅੱਜ ਸਿੱਖ ਪੰਥ ਭੋਗ ਰਿਹਾ ਹੈ। ਉਹਨਾਂ ਕਿਹਾ ਕਿ ਮਜੀਠੀਆ ਵੱਲੋ ਕੀਤੀ ਗਈ ਬੱਜਰ ਗਲਤੀ ਮੁਆਫੀਯੋਗ ਨਹੀ ਹੈ ਅਤੇ ਅਜਿਹੇ ਵਿਅਕਤੀ ਦੀ ਸਜਾ ਤਾਂ ਸੱਤਵੋ ਪਾਤਸ਼ਾਹ ਸ੍ਰੀ ਗੁਰੂ ਹਰਿਰਾਇ ਜੀ ਆਪ ਹੀ ਉਸ ਵੇਲੇ ਨਿਰਧਾਰਤ ਕਰ ਗਏ ਸਨ ਜਦੋ ਉਹਨਾਂ ਨੇ ਮੁਗਲ ਦਰਬਾਰ ‘‘ਦਿੱਲੀ’’ ਵਿੱਚ ਆਪਣੇ ਬੇਟੇ ਰਾਮਰਾਇ ਨੂੰ ਗੁਰਬਾਣੀ ਦੀ ਸਹੀ ਵਿਖਾਇਆ ਕਰਕੇ ਇਸ ਦੇ ਅਰਥ ਸਮਝਾਉਣ ਲਈ ਭੇਜਿਆ ਪਰ ਉਸ ਨੇ ‘ਮਿੱਟੀ ਮੁਸਲਮਾਨ’ ਵਾਲੀ ਤੁਕ ਨੂੰ ਆਪਣੇ ਪੱਧਰ ਤੇ ਤਬਦੀਲ ਕਰਕੇ ਮੁਗਲਾਂ ਨੂੰ ਖੁਸ਼ ਕਰਨ ਲਈ ‘ਮਿੱਟੀ ਬੇਈਮਾਨ’ ਦੀ ਕਹਿ ਦਿੱਤਾ। ਗੁਰੂ ਸਾਹਿਬ ਨੇ ਇਸ ਬੱਜਰ ਗਲਤੀ ਦਾ ਕੜਾ ਨੋਟਿਸ ਲੈਦਿਆ ਰਾਮ ਰਾਇ ਨੂੰ ਮੱਥੇ ਲੱਗਣ ਤੋ ਹੀ ਰੋਕ ਦਿੱਤਾ ਤੇ ਉਸ ਨੂੰ ਪੰਥ ਵਿੱਚੋ ਬਾਹਰ ਕਰ ਦਿੱਤਾ ਸੀ। ਉਹਨਾਂ ਜਥੇਦਾਰ ਅਕਾਲ ਤਖਤ ਗਿਆਨੀ ਗੁਰਬਚਨ ਸਿੰਘ ਨੂੰ ਅਪੀਲ ਕਰਦਿਆ ਕਿਹਾ ਕਿ ਉਹ ਵੀ ਗੁਰੂ ਸਾਹਿਬ ਦੇ ਫੈਸਲੇ ਦੇ ਸੰਦਰਭ ਵਿੱਚ ਹੀ ਫੈਸਲਾ ਲੈਣ ਤੇ ਮਜੀਠੇ ਵਿਰੁੱਧ ਕੜ੍ਹੀ ਕਾਰਵਾਈ ਨੂੰ ਯਕੀਨੀ ਬਣਾਉਣ ਕਿਉਕਿ ਮਜੀਠੀਏ ਨੇ ਮੁਗਲਾਂ ਦੇ ਸਰੂਪ ਵਾਲੀ ਉਸ ਫਿਰਕਾਪ੍ਰਸਤ ਪਾਰਟੀ ਆਰ ਐਸ.ਐਸ ਤੇ ਉਸ ਦੇ ਰਾਜਨੀਤਕ ਵਿੰਗ ਭਾਜਪਾ, ਜਿਹੜੀ ‘‘ਦਿੱਲੀ’’ ਵਿੱਚ ਸਰਕਾਰ ਬਣਾਉਣ ਦਾ ਦਾਅਵਾ ਕਰ ਰਹੀ ਹੈ ਨੂੰ ਖੁਸ਼ ਕਰਨ ਲਈ ਗੁਰਬਾਣੀ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਹੈ। ਉਹਨਾਂ ਕਿਹਾ ਕਿ ਜੇਕਰ ਅਕਾਲ ਤਖਤ ਤੋ ਹੁਣ ਵੀ ਕੋਈ ਕਾਰਵਾਈ ਨਾ ਹੋਈ ਤਾਂ ਫਿਰ ਅਕਾਲ ਤਖਤ ਦੀ ਭਾਵਨਾ ਵਿੱਚ ਤਾਂ ਸਿੱਖ ਪੰਥ ਜੁੜਿਆ ਰਹੇਗਾ ਪਰ ਜਥੇਦਾਰ ਤੇ ਉਸ ਦੀ ਕਾਰਗੁਜਾਰੀ ਤੋ ਸਿੱਖਾਂ ਦਾ ਵਿਸ਼ਵਾਸ਼ ਉਠ ਜਾਣ ਤੋ ਇਨਕਾਰ ਨਹੀ ਕੀਤਾ ਜਾ ਸਕਦਾ। ਸ. ਪਰਮਜੀਤ ਸਿੰਘ ਸਰਨਾ ਨੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਸ੍ਰ ਸੁਖਬੀਰ ਸਿੰਘ ਬਾਦਲ ਤੇ ਪੰਜਾਬ ਦੇ ਮੁੱਖ ਮੰਤਰੀ ਸ੍ਰੀ ਪ੍ਰਕਾਸ਼ ਸਿੰਘ ਬਾਦਲ ਦਾ ਧਿਆਨ ਵੀ ਇਸ ਬੱਜਰ ਕੁਰਹਿਤ ਵੱਲ ਦਿਵਾਉਦਿਆ ਮੰਗ ਕੀਤੀ ਕਿ ਇਸ ਵਿਅਕਤੀ ਨੂੰ ਬਿਨਾਂ ਕਿਸੇ ਦੇਰੀ ਤੋ ਅਕਾਲੀ ਵਿੱਚੋ ਕੱਢਿਆ ਜਾਵੇ ਅਤੇ ਇਸ ਕੋਲੋ ਮੰਤਰੀ ਦੇ ਆਹੁਦੇ ਤੇ ਵਿਧਾਇਕ ਪਦ ਤੋ ਵੀ ਅਸਤੀਫਾ ਲੈ ਕੇ ਧਾਰਮਿਕ ਭਾਵਨਾਵਾਂ ਭੜਕਾਉਣ ਦਾ ਕੇਸ ਦਰਜ ਕੀਤਾ ਜਾਵੇ।



