ਆਵਾਜ਼ ਪ੍ਰਦੂਸ਼ਣ ਦੇ ਮਾਮਲੇ ’ਚ 42 ਨੋਟਿਸ ਜਾਰੀ

ਚੰਡੀਗੜ੍ਹ, 9 ਮਈ (ਪੰਜਾਬ ਟਾਇਮਜ਼ ਬਿਊਰੋ)- ਪੰਜਾਬ ਰਾਜ ਵਿਚ ਆਦਰਸ਼ ਚੋਣ ਜ਼ਾਬਤਾ ਲਾਗੂ ਉਪਰੰਤ ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੀ ਪਾਲਣਾ ਲਈ ਦਫਤਰ ਮੁਖ ਚੋਣ ਅਫਸਰ ਪੰਜਾਬ ਵਲੋਂ ਕੀਤੀ ਜਾ ਰਹੀ ਆਵਾਜ਼ ਪ੍ਰਦੂਸ਼ਣ ਸਬੰਧੀ ਨਿਗਰਾਨੀ ਦੌਰਾਨ ਪੰਜਾਬ ਰਾਜ ਦੇ ਵਖ-ਵਖ ਡਿਪਟੀ ਕਮਿਸ਼ਨਰਾਂ ਨੂੰ ਨਿਯਮਾਂ ਅਨੁਸਾਰ 42 ਨੋਟਿਸ ਜਾਰੀ ਕਰਨ ਦੇ ਹੁਕਮ ਦਿਤੇ ਗਏ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮੁਖ ਚੋਣ ਅਫਸਰ ਪੰਜਾਬ ਡਾ. ਐਸ.ਕਰੁਣਾ ਰਾਜੂ ਨੇ ਦਸਿਆ ਕਿ ਪੰਜਾਬ ਰਾਜ ਵਿਚ ਆਦਰਸ਼ ਚੋਣ ਜ਼ਾਬਤੇ ਦੌਰਾਨ ਆਵਾਜ਼ ਪ੍ਰਦੂਸ਼ਣ (ਰੈਗੁਲੈਸ਼ਨ ਅਤੇ ਕੰਟਰੋਲ) ਰੂਲ 2000 ਨੂੰ ਇੰਨ ਬਿੰਨ ਲਾਗੂ ਕਰਨ ਲਈ ਨੋਡਲ ਅਫਸਰ ਨਿਯੁਕਤ ਕੀਤਾ ਗਿਆ ਸੀ। ਆਵਾਜ਼ ਪ੍ਰਦੂਸ਼ਣ ਸਬੰਧੀ ਪੰਜਾਬ ਰਾਜ ਤੋਂ ਪ੍ਰਾਪਤ ਰਿਪੋਰਟਾਂ ਅਨੁਸਾਰ 42 ਥਾਵਾਂ ’ਤੇ ਨਿਯਮਾਂ ਦੀ ਉਲੰਘਣਾ ਦੇ ਮਾਮਲੇ ਸਾਹਮਣੇ ਆਏ ਹਨ। ਇਹ ਮਾਮਲੇ ਤੈਅ ਸੀਮਾ ਤੋਂ ਵਧ ਡੈਸੀਬਲ ਵਿਚ ਸਾਊਂਡ ਸਿਸਟਮ ਵਰਤਣ ਅਤੇ ਮਿਥੇ ਸਮੇਂ ਤੋਂ ਬਾਅਦ ਸਾਊਂਡ ਸਿਸਟਮ ਵਰਤਣ ਦੇ ਹਨ। ਡਾ. ਰਾਜੂ ਨੇ ਦਸਿਆ ਕਿ ਪਠਾਨਕੋਟ ਜ਼ਿਲ੍ਹੇ ਵਿਚ 3, ਗੁਰਦਾਸਪੁਰ ਜ਼ਿਲ੍ਹੇ ਵਿਚ 1, ਕਪੂਰਥਲਾ ਜ਼ਿਲ੍ਹੇ ਵਿਚ 1, ਜਲੰਧਰ ਜ਼ਿਲ੍ਹੇ ਵਿਚ 4, ਹੁਸ਼ਿਆਰਪੁਰ ਜ਼ਿਲ੍ਹੇ ਵਿਚ 2, ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਵਿਚ 1, ਰੂਪਨਗਰ ਜ਼ਿਲ੍ਹੇ ਵਿਚ 1, ਐਸ.ਏ.ਐਸ. ਨਗਰ ਜ਼ਿਲ੍ਹੇ ਵਿਚ 1, ਫਤਿਹਗੜ੍ਹ ਸਾਹਿਬ ਜ਼ਿਲ੍ਹੇ ਵਿਚ 3, ਲੁਧਿਆਣਾ ਜ਼ਿਲ੍ਹੇ ਵਿਚ 4, ਮੋਗਾ ਜ਼ਿਲ੍ਹੇ ਵਿਚ 4, ਫਰੀਦਕੋਟ ਜ਼ਿਲ੍ਹੇ ਵਿਚ 3, ਬਠਿੰਡਾ ਜ਼ਿਲ੍ਹੇ ਵਿਚ 5, ਮਾਨਸਾ ਜ਼ਿਲ੍ਹੇ ਵਿਚ 2, ਸੰਗਰੂਰ ਜ਼ਿਲ੍ਹੇ ਵਿਚ 2, ਬਰਨਾਲਾ ਜ਼ਿਲ੍ਹੇ ਵਿਚ 2 ਅਤੇ ਪਟਿਆਲਾ ਜ਼ਿਲ੍ਹੇ ਵਿਚ 2 ਨੋਟਿਸ ਜਾਰੀ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ।

Send this to a friend