ਪ੍ਰੀਜ਼ਾਇਡਿੰਗ ਅਫ਼ਸਰਾਂ ਨੂੰ ‘ਪੋਲ ਡੇਅ ਮੋਨੀਟਰਿੰਗ ਸਿਸਟਮ’ ਸਿਖ਼ਲਾਈ ਦਿੱਤੀ

ਨਵਾਂਸ਼ਹਿਰ, 5 ਮਈ (ਵਰਿੰਦਰ ਹੁੰਦਲ)- ਚੋਣ ਕਮਿਸ਼ਨ ਵੱਲੋਂ ਚੋਣ ਅਮਲ ਨੂੰ ‘ਹਾਈ ਟੈਕ’ ਕਰਨ ਦੀ ਲੜੀ ’ਚ ਅੱਜ ਜ਼ਿਲ੍ਹੇ ਦੇ ਤਿੰਨਾਂ ਵਿਧਾਨ ਸਭਾ ਹਲਕਿਆਂ ’ਚ ਤਾਇਨਾਤ ਕੀਤੇ ਗਏ 592 ਚੋਣ ਬੂਥਾਂ ਦੇ ਪ੍ਰੀਜ਼ਾਇਡਿੰਗ ਅਫ਼ਸਰਾਂ ਨੂੰ ‘ਪੋਲ ਡੇਅ ਮੋਨੀਟਰਰਿੰਗ ਸਿਸਟਮ’ ਮੋਬਾਇਲ ਐਪ ਦੀ ਸਿਖਲਾਈ ਦਿੱਤੀ ਗਈ। ਜ਼ਿਲ੍ਹਾ ਚੋਣ ਅਫ਼ਸਰ ਕਮ ਡਿਪਟੀ ਕਮਿਸ਼ਨਰ ਵਿਨੈ ਬਬਲਾਨੀ ਜਿਨ੍ਹਾਂ ਖੁਦ ਇਸ ਸਿਖਲਾਈ ਪ੍ਰਕਿਰਿਆ ਦਾ ਬੰਗਾ ਵਿਖੇ ਜਾਇਜ਼ਾ ਲਿਆ, ਨੇ ਦੱਸਿਆ ਕਿ ‘ਪੋਲ ਡੇਅ ਮੋਨੀਟਰਿੰਗ ਸਿਸਟਮ’ ਚੋਣ ਕਮਿਸ਼ਨ ਵੱਲੋਂ ਪੋਲਿੰਗ ਪਾਰਟੀਆਂ ਦੀ ਰਵਾਨਗੀ ਤੋਂ ਲੈ ਕੇ ਮਤਦਾਨ ਪ੍ਰਕਿਰਿਆ ਮੁਕੰਮਲ ਹੋਣ ਤੇ ਈ ਵੀ ਐਮਜ਼ ਸਟਰੌਂਗ ਰੂਮਜ਼ ਤੱਕ ਜਮ੍ਹਾਂ ਕਰਵਾਉਣ ਦੀ ਪ੍ਰਕਿਰਿਆ ਦੀ ਆਨਲਾਈਨ ਰਿਪੋਰਟਿੰਗ ਦੀ ਐਪ ਹੈ। ਇਹ ਮੋਬਾਇਲ  ਐਪ ਸਬੰਧਤ ਚੋਣ ਬੂਥ ਦੇ ਪ੍ਰੀਜ਼ਾਇਡਿੰਗ ਅਫ਼ਸਰ ਵੱਲੋਂ ਆਪਣੇ ਮੋਬਾਇਲ ’ਤੇ ਗੂਗਲ ਪਲੇਅ ਸਟੋਰ ਤੋਂ ਡਾਊਨਲੋਡ ਕੀਤੀ ਜਾ ਸਕਦੀ ਹੈ। ਇਸ ਮੋਬਾਇਲ ਐਪ ’ਤੇ ਸਬੰਧਤ ਪ੍ਰੀਜ਼ਾਇਡਿੰਗ ਅਫ਼ਸਰ ਵੱਲੋਂ ਆਪਣੇ ਨੰਬਰ ’ਤੇ ਆਏ ਓ ਟੀ ਪੀ ਨੂੰ ਭਰਨ ਬਾਅਦ ਤੋਂ ਬਾਅਦ ਲਾਗ ਇੰਨ ਕੀਤਾ ਜਾਂਦਾ ਹੈ ਅਤੇ ਉਸ ਤੋਂ ਬਾਅਦ ਉਸ ਦੀ ਨਿਗਰਾਨੀ ਸਿੱਧੇ ਤੌਰ ’ਤੇ ਚੋਣ ਕਮਿਸ਼ਨ ਵੱਲੋਂ ਸ਼ੁਰੂ ਕਰ ਦਿੱਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਪਹਿਲਾਂ ਇਹ ਜਾਣਕਾਰੀ ਮੈਨੂਅਲੀ ਭੇਜਣ ਦੀ ਪ੍ਰਕਿਰਿਆ ’ਚ ਹੋਣ ਕਾਰਨ ਸੂਚਨਾ ਭੇਜਣ ’ਚ ਹੁੰਦੀ ਦੇਰੀ ਨੂੰ ਖਤਮ ਕਰਨ ਲਈ ਇਸ ਨੂੰ ਵਰਤੋਂ ’ਚ ਲਿਆਂਦਾ ਗਿਆ ਹੈ। ਹੁਣ ਜਿਉਂ-ਜਿਉਂ ਪ੍ਰੀਜ਼ਾਇਡਿੰਗ ਅਫ਼ਸਰ ਆਪਣੀ ਪਾਰਟੀ ਸਮੇਤ ਚੋਣ ਬੂਥ ’ਤੇ ਰਵਾਨਾ ਹੋਵੇਗਾ, ਤਿਉਂ-ਤਿਉਂ ਉਹ ਆਪਣੀ ਜਾਣਕਾਰੀ ਇਸ ’ਤੇ ਸਾਂਝੀ ਕਰਦਾ ਜਾਵੇਗਾ। ਮਿਸਾਲ ਵਜੋਂ ਜੀ ਪੀ ਐਸ ਅਧਾਰਿਤ ਹੋਣ ਕਰਨ, ਉਸ ਵੱਲੋਂ ਲਾਗ ਇੰਨ ਕਰਨ ਬਾਅਦ ਜਿਹੜੀ ਪਹਿਲੀ ਜਾਣਕਾਰੀ ਭਰੀ ਜਾਵੇਗੀ, ਉਹ ਉਸ ਦੀ ਪਾਰਟੀ ਦੇ ਸਟਰੌਂਗ ਰੂਮ ਤੋਂ ਈ ਵੀ ਐਮ/ਵੀ ਵੀ ਪੀ ਏ ਟੀ ਹਾਸਲ ਕਰਨ ਅਤੇ ਆਪਣੀ ਮੰਜ਼ਿਲ ਲਈ ਰਵਾਨਾ ਹੋਣ ਦੇ ਨਾਲ ਹੀ ਸ਼ੁਰੂ ਹੋ ਜਾਵੇਗੀ। ਉਸ ਤੋਂ ਬਾਅਦ ਆਪਣੇ ਚੋਣ ਬੂਥ ’ਤੇ ਪੁੱਜ ਕੇ ਆਪਣੀ ਆਮਦ ਦੀ ਸੂਚਨਾ ਦੇਣੀ ਪਵੇਗੀ। ਮਤਦਾਨ ਤੋਂ ਇੱਕ ਦਿਨ ਪਹਿਲਾਂ ੳੇਕਤ ਦੋਵੇਂ ਸੂਚਨਾਵਾਂ ਭੇਜੇ ਜਾਣ ਬਾਅਦ, ਮਤਦਾਨ ਵਾਲੇ ਦਿਨ ਇਸ ਐਪ ’ਤੇ ਸਭ ਤੋਂ ਪਹਿਲੀ ਸੂਚਨਾ ਮੋਕ ਪੋਲ ਕਰਕੇ ਮਤਦਾਨ ਦੀ ਸ਼ੁਰੂਆਤ ਕਰਨ ਦੀ ਸੂਚਨਾ ਭੇਜੀ ਜਾਵੇਗੀ, ਜਿਸ ’ਚ ਬਾਕਾਇਦਾ ਸਮਾਂ ਵੀ ਦਰਜ ਕਰਨਾ ਪਵੇਗਾ। ਇਸ ਤੋਂ ਬਾਅਦ ਦੋ-ਦੋ ਘੰਟੇ ਦਾ ਸਬੰਧਤ ਚੋਣ ਬੂਥ ਦਾ ਮਤਦਾਨ ਅਪਡੇਟ ਕਰਨਾ ਪਵੇਗਾ ਅਤੇ ਅਖੀਰ ’ਤੇ ਮਤਦਾਤਾਵਾਂ ਦੀ ਕਤਾਰ ਹੋਣ ’ਤੇ ਦੱਸਣਾ ਪਵੇਗਾ ਕਿ ਕਤਾਰ ’ਚ ਕਿੰਨੇ ਮਤਦਾਤਾ ਮਤਦਾਨ ਕਰਨ ਤੋਂ ਰਹਿੰਦੇ ਹਨ। ਮਤਦਾਨ ਮੁਕੰਮਲ ਹੋਣ ਦੀ ਸੂਚਨਾ ਭੇਜੇ ਜਾਣ ਬਾਅਦ ਪੁਰਸ਼ਾਂ, ਮਹਿਲਾਵਾਂ, ਤੀਸਰੇ ਲਿੰਗ, ਐਨ ਆਰ ਆਈ ਮਤਦਾਤਾਵਾਂ, ਦਿਵਿਆਂਗ ਮਤਦਾਤਾਵਾਂ ਅਤੇ 18 ਤੋਂ 19 ਸਾਲ ਦੇ ਮਤਦਾਤਾਵਾਂ ਵੱਲੋਂ ਪਾਈਆਂ ਕੁੱਲ ਵੋਟਾਂ ਦੇ ਵੇਰਵੇ ਵੀ ਭੇਜਣੇ ਹੋਣਗੇ। ਇਹ ਜਾਣਕਾਰੀ ਵੀ ਦੇਣੀ ਪਵੇਗੀ ਕਿ ਕਿੰਨੇ ਮਤਦਾਤਾਵਾਂ ਨੇ ਆਪਣੇ ਏਪਿਕ (ਮਤਦਾਤਾ ਸ਼ਨਾਖਤੀ ਕਾਰਡ) ਦੀ ਵਰਤੋਂ ਕੀਤੀ ਅਤੇ ਕਿੰਨੇ ਮਤਦਾਤਾਵਾਂ ਨੇ ਏਪਿਕ ਨਾ ਹੋਣ ਦੀ ਸੂਰਤ ’ਚ ਦੂਸਰੇ ਪ੍ਰਵਾਨਿਤ ਸਰਕਾਰੀ ਪ੍ਰਮਾਣਾਂ ਨਾਲ ਮਤਦਾਨ ਕੀਤਾ। ਨਵਾਂਸ਼ਹਿਰ ਵਿਖੇ ਸਿਖਲਾਈ ਸੈਸ਼ਨ ਮੌਕੇ ਏ ਡੀ ਸੀ (ਜ) ਸ੍ਰੀਮਤੀ ਅਨੁਪਮ ਕਲੇਰ, ਐਸ ਡੀ ਐਮ ਡਾ. ਵਿਨੀਤ ਕੁਮਾਰ, ਬੰਗਾ ਵਿਖੇ ਐਸ ਡੀ ਐਮ ਦੀਪ ਸ਼ਿਖਾ ਸ਼ਰਮਾ, ਬਲਾਚੌਰ ਵਿਖੇ ਐਸ ਡੀ ਐਮ ਜਸਵੀਰ ਸਿੰਘ ਤੋਂ ਇਲਾਵਾ ਨਵਾਂਸ਼ਹਿਰ ਵਿਖੇ ਤਹਿਸੀਲਦਾਰ ਅਰਵਿੰਦ ਪ੍ਰਕਾਸ਼ ਵਰਮਾ, ਨਾਇਬ ਤਹਿਸੀਲਦਾਰ ਕੁਲਵੰਤ ਸਿੰਘ ਰੰਧਾਵਾ, ਬੀ ਡੀ ਪੀ ਓ ਔੜ ਅਭੇ ਚੰਦਰ ਤੇ ਡੀ ਸੀ ਦਫ਼ਤਰ ਤੋਂ ਸੁਪਰਡੈਂਟ ਹਰਵਿੰਦਰ ਸਿੰਘ, ਬੰਗਾ ਵਿਖੇ ਨਾਇਬ ਤਹਿਸੀਲਦਾਰ ਸਵਪਨਦੀਪ ਕੌਰ ਤੇ ਡੀ ਸੀ ਦਫ਼ਤਰ ਤੋਂ ਸੁਪਰਡੈਂਟ ਬਹਾਦਰ ਸਿੰਘ, ਬਲਾਚੌਰ ਵਿਖੇ ਚੋਣ ਕਾਨੂੰਗੋ ਦੀਪਕ ਕੁਮਾਰ ਮੌਜੂਦ ਸਨ।

Send this to a friend