ਪੰਜਾਬ ਦੇ 13 ਲੋਕ ਸਭਾ ਹਲਕਿਆਂ ਲਈ 278 ਉਮੀਦਵਾਰ ਚੋਣ ਮੈਦਾਨ ’ਚ

ਆਖ਼ਰੀ ਦਿਨ 12 ਉਮੀਦਵਾਰਾਂ ਵੱਲੋਂ ਨਾਮਜ਼ਦਗੀ ਪਤਰ ਵਾਪਿਸ

ਚੰਡੀਗੜ, 3 ਮਈ- ਪੰਜਾਬ ਰਾਜ ਦੇ 13 ਲੋਕ ਸਭਾ ਹਲਕਿਆਂ ਲਈ 278 ਉਮੀਦਵਾਰ ਚੋਣ ਮੈਦਾਨ ਵਿਚ ਰਹਿ ਗਏ ਹਨ। ਨਾਮਜ਼ਦਗੀ ਪਤਰ ਵਾਪਸ ਲੈਣ ਦੇ ਆਖਿਰੀ ਦਿਨ 12 ਉਮੀਦਵਾਰਾਂ ਵਲੋਂ ਨਾਮਜ਼ਦਗੀ ਪਤਰ ਵਾਪਸ ਲਏ ਗਏ। 278 ਉਮੀਦਵਾਰਾਂ ਨੂੰ ਚੋਣ ਨਿਸ਼ਾਨ ਵੀ ਅਲਾਟ ਕਰ ਦਿਤੇ ਗਏ ਹਨ।ਇਸ ਸਬੰਧੀ ਜਾਣਕਾਰੀ ਦਿੰਦਿਆਂ ਮੁਖ ਚੋਣ ਅਫਸਰ ਪੰਜਾਬ ਡਾ. ਐਸ. ਕਰੁਣਾ ਰਾਜੂ ਨੇ ਦਸਿਆ ਕਿ ਪੰਜਾਬ ਰਾਜ ਵਿਚ ਕੁਲ 385 ਉਮੀਦਵਾਰਾਂ ਵਲੋਂ ਨਾਮਜ਼ਦਗੀ ਪਤਰ ਦਾਇਰ ਕੀਤੇ ਗਏ ਸਨ। ਨਾਮਜ਼ਦਗੀ ਪਤਰ ਦੀ ਪੜਤਾਲ ਦੌਰਾਨ 297 ਨਾਮਜ਼ਦਗੀ ਪਤਰ ਦਰੁਸਤ ਪਾਏ ਗਏ ਸਨ।ਲੋਕ ਸਭਾ ਹਲਕਾ 01-ਗੁਰਦਾਸਪੁਰ ਤੋਂ ਅਜ ਕਿਸੇ ਵੀ ਉਮੀਦਵਾਰ ਵਲੋਂ ਨਾਮਜ਼ਦਗੀ ਪਤਰ ਵਾਪਸ ਨਹੀਂ ਲਿਆ ਗਿਆ ਹੈ ਅਤੇ ਹੁਣ 15 ਉਮੀਦਵਾਰ ਮੈਦਾਨ ਵਿਚ ਹਨ। ਲੋਕ ਸਭਾ ਹਲਕਾ 02-ਅੰਮ੍ਰਿਤਸਰ ਤੋਂ ਅਜ ਕਿਸੇ ਵੀ ਉਮੀਦਵਾਰ ਵਲੋਂ ਨਾਮਜ਼ਦਗੀ ਪਤਰ ਵਾਪਸ ਨਹੀਂ ਲਿਆ ਗਿਆ ਹੈ ਅਤੇ ਹੁਣ 30 ਉਮੀਦਵਾਰ ਮੈਦਾਨ ਵਿਚ ਹਨ। ਇਸ ਤੋਂ ਇਲਾਵਾ ਲੋਕ ਸਭਾ ਹਲਕਾ 03-ਖਡੂਰ ਸਾਹਿਬ ਤੋਂ ਅਜ ਕਿਸੇ ਵੀ ਉਮੀਦਵਾਰ ਵਲੋਂ ਨਾਮਜ਼ਦਗੀ ਪਤਰ ਵਾਪਸ ਨਹੀਂ ਲਿਆ ਗਿਆ ਹੈ ਅਤੇ ਹੁਣ 19 ਉਮੀਦਵਾਰ ਮੈਦਾਨ ਵਿਚ ਹਨ। ਲੋਕ ਸਭਾ ਹਲਕਾ 04-ਜਲੰਧਰ ਤੋਂ ਅਜ ਕਿਸੇ ਵੀ ਉਮੀਦਵਾਰ ਵਲੋਂ ਨਾਮਜ਼ਦਗੀ ਪਤਰ ਵਾਪਸ ਨਹੀਂ ਲਿਆ ਗਿਆ ਹੈ ਅਤੇ ਹੁਣ 19 ਉਮੀਦਵਾਰ ਮੈਦਾਨ ਵਿਚ ਹਨ। ਲੋਕ ਸਭਾ ਹਲਕਾ 05-ਹੁਸ਼ਿਆਰਪੁਰ (ਐਸ.ਸੀ.) ਤੋਂ ਅਜ ਕਿਸੇ ਵੀ ਉਮੀਦਵਾਰ ਵਲੋਂ ਨਾਮਜ਼ਦਗੀ ਪਤਰ ਵਾਪਸ ਨਹੀਂ ਲਿਆ ਗਿਆ ਹੈ ਅਤੇ ਹੁਣ 08 ਉਮੀਦਵਾਰ ਮੈਦਾਨ ਵਿਚ ਹਨ।ਡਾ. ਰਾਜੂ ਨੇ ਦਸਿਆ ਕਿ ਹੁਣ ਕੁਲ 278 ਉਮੀਦਵਾਰ ਮੈਦਾਨ ਵਿਚ ਰਹਿ ਗਏ ਹਨ। ਪੰਜਾਬ ਰਾਜ ਵਿਚ ਕੁਲ 2,07,81,211 ਵੋਟਰ ਹੋ ਗਏ ਹਨ ਜਿਨਾਂ ਵਿਚੋਂ 1,09,50,735 ਪੁਰਸ਼, 98,29,916 ਮਹਿਲਾਵਾਂ ਅਤੇ 560 ਥਰਡ ਜੈਂਡਰ ਦੇ ਵੋਟਰ ਹਨ। ਸੂਬੇ ਵਿਚ ਵੋਟਾਂ ਪਾਉਣ ਦੀ ਪ੍ਰੀਕ੍ਰਿਆ ਮਿਤੀ 19 ਮਈ, 2019 (ਐਤਵਾਰ) ਨੂੰ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤਕ ਹੋਵੇਗੀ। ਇਸ ਕਾਰਜ ਲਈ ਸੂਬੇ ਵਿਚ 14460 ਪੋਲਿੰਗ ਥਾਵਾਂ ਉਤੇ 23213 ਪੋਲਿੰਗ ਬੂਥ ਸਥਾਪਿਤ ਕੀਤੇ ਗਏ ਹਨ, ਜਿੰਨਾਂ ਵਿਚੋਂ 249 ਕ੍ਰਿਟੀਕਲ, 719 ਸੈਂਸਟਿਵ ਅਤੇ 509 ਹਾਇਪਰ-ਸੈਂਸਟਿਵ ਹਨ। ਪੰਜਾਬ ਰਾਜ ਵਿਚ ਵੋਟਾਂ ਵਾਲੇ ਦਿਨ 12002 ਬੂਥਾਂ ਤੋਂ ਵੈਬ-ਕਾਸਟਿੰਗ ਕੀਤੀ ਜਾਵੇਗੀ। ਜਦਕਿ ਵੋਟਾਂ ਦੀ ਗਿਣਤੀ ਮਿਤੀ 23 ਮਈ, 2019 (ਵੀਰਵਾਰ) ਨੂੰ ਸਵੇਰੇ 8 ਵਜੇ ਸ਼ੁਰੂ ਹੋਵੇਗੀ।ਇਸ ਵਾਰ ਕਾਂਗਰਸ ਨੇ 13, ਸ਼੍ਰੋਮਣੀ ਅਕਾਲੀ ਦਲ ਨੇ 10, ਭਾਰਤੀ ਜਨਤਾ ਪਾਰਟੀ ਨੇ ਤਿੰਨ ਤੇ ਪੰਜਾਬ ਜਮਹੂਰੀ ਗਠਜੋੜ ਨੇ ਵੀ 13 ਹਲਕਿਆਂ ਤੋਂ ਹੀ ਉਮੀਦਵਾਰ ਖੜ੍ਹੇ ਕੀਤੇ ਹਨ। ਪੰਜਾਬ ਜਮਹੂਰੀ ਗਠਜੋੜ ਵਿਚ ਪੰਜਾਬ ਏਕਤਾ ਪਾਰਟੀ, ਲੋਕ ਇਨਸਾਫ਼ ਪਾਰਟੀ, ਬਹੁਜਨ ਸਮਾਜ ਪਾਰਟੀ, ਸੀਪੀਆਈ ਤੇ ਹੋਰ ਧੜੇ ਸ਼ਾਮਲ ਹਨ।

Send this to a friend