ਮ੍ਰਿਤਕਾਂ ’ਚ 3 ਔਰਤਾਂ ਵੀ ਸ਼ਾਮਿਲ
ਵਾਸ਼ਿੰਗਟਨ, 30 ਅਪ੍ਰੈਲ (ਪੰਜਾਬ ਟਾਇਮਜ਼ ਬਿਊਰੋ)- ਅਮਰੀਕੀ ਸੂਬੇ ਓਹਾਇਓ ਦੇ ਕਸਬੇ ਵੈਸਟ ਚੈਸਟਰ ਵਿਚ ਸਿਖ ਪਰਿਵਾਰ ਦੇ ਚਾਰ ਜੀਆਂ ਦਾ ਗੋਲੀ ਮਾਰ ਕੇ ਕਤਲ ਕਰ ਦਿਤਾ ਗਿਆ। ਮ੍ਰਿਤਕਾਂ ਵਿਚ 4 ਔਰਤਾਂ ਤੇ ਇਕ ਮਰਦ ਸ਼ਾਮਿਲ ਹੈ। ਪੁਲਿਸ ਨੇ ਹਾਲੇ ਮ੍ਰਿਤਕਾਂ ਦੇ ਵੇਰਵੇ ਜਾਰੀ ਨਹੀਂ ਕੀਤੇ। ਵੈਸਟ ਚੈਸਟਰ ਪੁਲਿਸ ਮੁਤਾਬਕ ਇਹ ਵਾਰਦਾਤ ਐਤਵਾਰ ਦੀ ਰਾਤ 10 ਵਜੇ ਦੀ ਹੈ, ਕਿਸੇ ਵਿਅਕਤੀ ਨੇ 911 ’ਤੇ ਫੋਨ ਕਰਕੇ ਘਟਨਾ ਦੀ ਜਾਣਕਾਰੀ ਦਿਤੀ ਸੀ। ਸੂਚਨਾ ਮਿਲਦਿਆਂ ਜਦੋਂ ਪੁਲਿਸ ਉਤਰੀ ਸਿਨਸਿਨਾਟੀ ਸਥਿਤ ਕੰਪਲੈਕਸ ਵਿਚ ਪਹੁੰਚੀ ਤਾਂ ਸਿਖ ਪਰਿਵਾਰ ਦੇ 4 ਮੈਂਬਰਾਂ ਦੀਆਂ ਲਾਸ਼ਾਂ ਫਰਸ਼ ’ਤੇ ਪਈਆਂ ਸਨ। ਪੁਲਿਸ ਮੁਤਾਬਕ ਪਰਿਵਾਰ ਰਾਤ ਸਮੇਂ ਖਾਣਾ ਬਣਾ ਰਿਹਾ ਸੀ। ਫਿਲਹਾਲ ਪੁਲਿਸ ਨੇ ਇਸ ਘਟਨਾ ਸਬੰਧੀ ਕੋਈ ਹੋਰ ਜਾਣਕਾਰੀ ਦੇਣ ਤੋਂ ਇਨਕਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਫਿਲਹਾਲ ਕਿਸੇ ਵੀ ਨਤੀਜੇ ‘ਤੇ ਪਹੁੰਚਣਾ ਜਲਦਬਾਜ਼ੀ ਹੋਵੇਗੀ। ਪੁਲਿਸ ਨੇ ਦਸਿਆ ਕਿ ਇਸ ਸਬੰਧੀ ਹੋਰ ਮੈਂਬਰਾਂ ਤੇ ਗੁਆਢੀਆਂ ਨਾਲ ਗਲਬਾਤ ਕੀਤੀ ਜਾ ਰਹੀ ਹੈ। ਇਸ ਖੂਨੀ ਵਾਰਦਾਤ ਕਾਰਨ ਪੂਰੇ ਸਿਖ ਭਾਈਚਾਰੇ ਵਿਚ ਰੋਸ ਦੀ ਲਹਿਰ ਹੈ। ਸਿਨਸਿਟੀ ਗੁਰਦੁਆਰੇ ਦੇ ਪ੍ਰਧਾਨ ਜਸਮਿੰਦਰ ਸਿੰਘ ਨੇ ਸਥਾਨਕ ਮੀਡੀਆ ਨੂੰ ਦਸਿਆ ਕਿ ਉਹ ਸਿਖ ਪਰਿਵਾਰ ਦੇ ਪੁਰਸ਼ ਮ੍ਰਿਤਕ ਨੂੰ ਪਿਛਲੇ 11 ਸਾਲਾਂ ਤੋਂ ਜਾਣਦੇ ਸਨ। ਉਹ ਬਹੁਤ ਚੰਗਾ ਵਿਅਕਤੀ ਸੀ। ਪੁਲਿਸ ਨੇ ਕਿਹਾ ਹੈ ਕਿ ਮ੍ਰਿਤਕਾਂ ਨੂੰ ਕਿਸੇ ਬਾਹਰੀ ਹਮਲਾਵਰ ਵਲੋਂ ਹੀ ਮਾਰਿਆ ਗਿਆ ਹੋ ਸਕਦਾ ਹੈ ਕਿਉਂਕਿ ਉਨ੍ਹਾਂ ਦੇ ਆਪਸੀ ਝੜਪ ਦੇ ਸਬੂਤ ਨਹੀਂ ਮਿਲੇ। ਪੁਲਿਸ ਨੇ ਸਿਖ ਭਾਈਚਾਰੇ ਨੂੰ ਸੁਰਖਿਆ ਦਾ ਭਰੋਸਾ ਵੀ ਦਿਤਾ ਹੈ।