ਦਾਤਰ ਦਾ ਵਾਰ ਕਰਕੇ ਲੁਟੇਰਿਆਂ ਨੇ ਘਰ ਪਰਤਦੇ ਬੱਸ ਕੰਡਕਟਰ ਕੋਲੋਂ ਖੋਹੀ ਨਕਦੀ ਅਤੇ ਕੀਮਤੀ ਕਾਗਜ਼ਾਤ

ਕਾਹਨੂੰਵਾਨ, 29 ਅਪ੍ਰੈਲ (ਡਾ.ਜਸਪਾਲ ਸਿੰਘ ਭਿਟੇਵਡ)- ਪੁਲਸ ਥਾਣਾ ਕਾਨੂੰਨ ਅਧੀਨ ਪੈਂਦੇ ਪਿੰਡ ਮਲ੍ਹੀਆਂ ਦੇ ਇਕ ਬਸ ਕੰਡਕਟਰ ਕੋਲੋਂ ਅਣਪਛਾਤੇ ਲੁਟੇਰਿਆਂ ਨੇ ਤੇਜ਼ ਧਾਰ ਹਥਿਆਰਾਂ ਦੀ ਨੋਕ ਤੇ 7 ਹਜ਼ਾਰ ਦੀ ਨਕਦੀ ਹੋਰ ਕੀਮਤੀ ਕਾਗਜ਼ਾਤ ਖੋਹਣ ਦਾ ਸਮਾਚਾਰ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਬੀਤੇ ਦਿਨੀਂ ਸ਼ਰਨਜੀਤ ਸਿੰਘ ਪੁਤਰ ਬਲਵਿੰਦਰ ਸਿੰਘ ਵਾਸੀ ਮਲ੍ਹੀਆਂ ਥਾਣਾ ਕਾਹਨੂੰਵਾਨ ਜੋ ਕਿ ਰਾਜਧਾਨੀ ਬਸ ਵਿਚ ਕੰਡਕਟਰ ਦਾ ਕੰਮ ਕਰਦਾ ਹੈ।ਸ਼ਰਨਜੀਤ ਨੇ ਦਸਿਆ ਕਿ ਉਹ ਬੀਤੇ ਦਿਨ ਡਿਊਟੀ ਖਤਮ ਹੋਣ ਤੋਂ ਆਪਣੇ ਘਰ ਪਿੰਡ ਮਲੀਆਂ ਪਰਤਿਆ ਸੀ। ਜਦੋਂ ਉਹ ਪਿੰਡ ਹਾਰਨੀਆਂ ਦੇ ਬਰਾਬਰ ਸੂਏ ਦੇ ਕੰਢੇ ਉਪਰ ਆਪਣੇ ਮੋਟਰਸਾਈਕਲ ਤੇ ਜਾ ਰਿਹਾ ਸੀ ਤਾਂ ਪਿਛੋਂ ਇਕ ਸਪਲੈਂਡਰ ਮੋਟਰਸਾਈਕਲ ਤੇ ਆਏ ਦੋ ਨੌਜਵਾਨਾਂ ਨੇ ਦਾਤਰ ਦਾ ਵਾਰ ਕਰਕੇ ਉਸ ਨੂੰ ਮੋਟਰਸਾਈਕਲ ਸਮੇਤ ਸੜਕ ਤੇ ਸੁਟ ਲਿਆ।ਲੁਟੇਰੇ ਡਿਗੇ ਪਏ ਕੋਲੋ ਉਸਦਾ ਬਸ ਵਾਲਾ ਬੈਗ ਖੋਹ ਕੇ ਲੈ ਗਏ।ਇਸ ਤੋਂ ਇਲਾਵਾ ਉਨ੍ਹਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਉਸ ਦੀ ਕੁਟਮਾਰ ਵੀ ਕੀਤੀ।ਉਸ ਨੇ ਦਸਿਆ ਕਿ ਲੁਟੇਰੇ ਉਸ ਕੋਲੋਂ 7 ਹਜ਼ਾਰ ਦੇ ਕਰੀਬ ਨਕਦੀ, ਉਸ ਦਾ ਪੈਨ ਕਾਰਡ, ਆਧਾਰ ਕਾਰਡ, ਡਰਾਈਵਿੰਗ ਲਾਈਸੈਂਸ, ਅਤੇ ਹੋਰ ਕੀਮਤੀ ਸਾਮਾਨ ਵੀ ਬੈਗ ਵਿਚ ਲੈ ਕੇ ਫਰਾਰ ਹੋ ਗਏ।ਸੂਤਰਾਂ ਤੋਂ ਮਿਲੀ ਸੂਚਨਾ ਅਨੁਸਾਰ ਘਟਨਾ ਸਥਾਨ ਤੋਂ ਕੁਝ ਦੂਰੀ ਤੇ ਸੇਂਟ ਕਬੀਰ ਸਕੂਲ ਨੇੜੇ ਵੀ ਸ਼ਾਮ ਨੂੰ ਤਿਬੜੀ ਪਿੰਡ ਪਰਤ ਰਹੇ ਇਕ ਪਤੀ ਪਤਨੀ ਤੇ ਵੀ ਲੁਟੇਰਿਆਂ ਨੇ ਹਮਲਾ ਕਰਕੇ ਉਨ੍ਹਾਂ ਤੋਂ ਨਕਦੀ ਅਤੇ ਕੀਮਤੀ ਸਾਮਾਨ ਖੋਹ ਲਿਆ। ਹੈਰਾਨੀ ਦੀ ਗਲ ਹੈ ਕਿ ਪੁਲਸ ਪ੍ਰਸ਼ਾਸਨ ਅਤੇ ਚੋਣ ਕਮਿਸ਼ਨ ਵਲੋਂ ਥਾਂ ਥਾਂ ਤੇ ਨਾਕੇਬੰਦੀ ਕੀਤੀ ਹੋਈ ਹੈ। ਇਸ ਦੌਰਾਨ ਲੁਟਾਂ ਖੋਹਾਂ ਕਰਨ ਵਾਲੇ ਗਿਰੋਹ ਦੇ ਹੌਸਲੇ ਬੁਲੰਦ ਹਨ। ਇਨ੍ਹਾਂ ਵਾਰਦਾਤਾਂ ਦੀ ਇਲਾਕੇ ਵਿਚ ਦੇਰ ਸਵੇਰ ਰਾਤ ਸਮੇਂ ਆਉਣ ਵਾਲੇ ਕਿਸਾਨ, ਮੁਲਾਜ਼ਮਾਂ ਅਤੇ ਮਜ਼ਦੂਰਾਂ ਵਿਚ ਭਾਰੀ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ।

Send this to a friend