ਸ੍ਰੀਨਗਰ, 21 ਅਪ੍ਰੈਲ (ਪੀ.ਟੀ.)-ਕਸ਼ਮੀਰ ’ਚ ਲੋਕਸਭਾ ਚੋਣ ਦਾ ਬਾਈਕਾਟ ਕਰ ਰਹੇ ਵੱਖਵਾਦੀ ਨੇਤਾਵਾਂ ਤੇ ਨੌਜਵਾਨਾਂ ਨੂੰ ਹਿਰਾਸਤ ’ਚ ਲਏ ਜਾਣ ਦੇ ਵਿਰੋਧ ’ਚ ਹੁੱਰੀਅਤ ਕਾਨਫਰੰਸ ਦੇ ਕੱਟੜਪੰਥੀ ਨੇਤਾ ਸਇਦ ਅਲੀ ਸ਼ਾਹ ਗਿਲਾਨੀ ਵੱਲੋਂ ਹੜਤਾਲ ਦੇ ਕਾਰਨ ਇੱਥੇ ਆਮ ਜਨਜੀਵਨ ਅਸਤ – ਵਿਅਸਤ ਰਿਹਾ। ਹੜਤਾਲ ਦੇ ਕਾਰਨ ਕਸ਼ਮੀਰ ਘਾਟੀ ਦੇ ਜ਼ਿਆਦਾਤਰ ਹਿੱਸਿਆਂ ’ਚ ਸਕੂਲ, ਕਾਲਜ, ਦੁਕਾਨਾਂ ਤੇ ਹੋਰ ਵਪਾਰਕ ਅਦਾਰੇ ਬੰਦ ਰਹੇ ਤੇ ਸੜਕਾਂ ’ਤੇ ਸਰਵਜਨਕ ਵਾਹਨ ਨਹੀ ਚਲੇ ਹਾਲਾਂਕਿ ਰਾਜ ਦੀ ਰਾਜਧਾਨੀ ਸ੍ਰੀਨਗਰ ਦੇ ਜ਼ਿਆਦਾਤਰ ਹਿੱਸਿਆਂ ’ਚ ਨਿੱਜੀ ਵਾਹਨਾਂ ਨੂੰ ਸੜਕਾਂ ’ਤੇ ਵੇਖਿਆ ਗਿਆ। ਜ਼ਿਕਰਯੋਗ ਹੈ ਕਿ ਦੱਖਣੀ ਕਸ਼ਮੀਰ ’ਚ ਚੋਣਾਂ 24 ਅਪ੍ਰੈਲ ਨੂੰ ਹੋਣੀਆਂ ਹਨ। ਹੁਰੀਅਤ ਨੇਤਾ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ 24 ਅਪ੍ਰੈਲ ਨੂੰ ਦੱਖਣੀ ਕਸ਼ਮੀਰ ’ਚ, 30 ਅਪ੍ਰੈਲ ਨੂੰ ਮੱਧ ਕਸ਼ਮੀਰ ’ਚ ਤੇ 7 ਮਈ ਨੂੰ ਉੱਤਰ ਕਸ਼ਮੀਰ ’ਚ ਹੋਣ ਵਾਲੀਆਂ ਚੋਣਾਂ ਦੇ ਦਿਨ ਸਿਵਲ ਕਰਫਿਊ ਲਾ ਕੇ ਰੱਖਣ।



