1984 ਦੇ ਸਿੱਖ ਕਤਲੇਆਮ ਦੀ ਸਾਜਿਸ਼ ਨੂੰ ਨੰਗਾ ਕਰਨ ਲਈ ਸੁਪਰੀਮ ਕੋਰਟ ਦੇ ਜੱਜ ਅਧੀਨ ਜਾਂਚ ਕਮਿਸ਼ਨ : ਪੀੜਤਾਂ ਨੂੰ ਛੇਤੀ ਇਨਸਾਫ਼ ਲਈ ਫਾਸਟ ਟਰੈਕ ਅਦਾਲਤਾਂ
ਬਠਿੰਡਾ, 21 ਅਪ੍ਰੈਲ (ਪੰਜਾਬ ਟਾਇਮਜ਼ ਬਿਊਰੋ)-ਪੰਜਾਬ ਵਿਚ 30 ਅਪ੍ਰੈਲ ਨੂੰ ਹੋਣ ਵਾਲੀ ਲੋਕ ਸਭਾ ਚੋਣ ਲਈ ਸ੍ਰੋਮਣੀ ਅਕਾਲੀ ਦਲ ਵਲੋਂ ਅੱਜ ਜਾਰੀ ਕੀਤੇ ਗਏ ਆਪਣੇ ਚੋਣ ਮੈਨੀਫੈਸਟੋ ਵਿਚ ਜਿਹੜੇ ਪ੍ਰਮੁੱਖ ਨੁਕਤੇ ਉਭਾਰੇ ਗਏ ਹਨ ਉਨ੍ਹਾਂ ਵਿਚ ਪੰਜਾਬ ਦੀ ਸਨਅਤ ਦੇ ਹੋਰ ਪਸਾਰ ਲਈ ਸੌ ਫ਼ੀਸਦੀ ਇਨਕਮ ਟੈਕਸ ਤੇ ਸੈਂਟਰਲ ਐਕਸਾਇਜ਼ ਟੈਕਸ ਦੀ ਛੋਟ ਸਮੇਤ ਆਰਥਿਕ ਪੈਕੇਜ, ਖੇਤੀ ਲਈ ਸਸਤੀਆਂ ਦਰਾਂ ’ਤੇ ਕਰਜ਼ਾ, ਫਸਲੀ ਬੀਮਾ ਸਕੀਮ, ਪੰਜਾਬ ਨੂੰ ਵਿਸ਼ਵ ਪੱਧਰੀ ਸਨਅਤੀ ਖੇਤਰ ਬਣਾਉਣ ਦੇ ਨਾਲ ਨਾਲ ਇਸ ਨੂੰ ਟੈਕਸਟਾਈਲ, ਆਈ ਟੀ, ਸੈਰਸਪਾਟਾ ਦੀ ਹੱਬ ਬਣਾਉਣ ਅਤੇ ਇਥੇ ਏਮਜ਼ ਦੀ ਤਰਜ ’ਤੇ ਡਾਕਟਰੀ ਖੋਜ ਦੇ ਆਧੁਨਿਕ ਕੇਂਦਰ ਅਤੇ ਹਸਪਤਾਲ ਬਣਾਉਣੇ ਵਿਸ਼ੇਸ਼ ਹਨ।
ਮੈਨੀਫੈਸਟੋ ਵਿਚ ਵਾਅਦਾ ਕੀਤਾ ਗਿਆ ਹੈ ਕਿ ਪੰਜਾਬ ਦੇ ਤਿੰਨ ਲੱਖ ਯੁਵਕਾਂ ਨੂੰ ਰੁਜ਼ਗਾਰ ਮੁਹੱਈਆ ਕਰਨ ਲਈ ਸਨਅਤੀ ਅਤੇ ਸੂਚਨਾ ਤਕਨਾਲੋਜੀ ਦੇ ਵਿਕਾਸ ’ਤੇ ਵਿਸ਼ੇਸ਼ ਜ਼ੋਰ ਦਿੱਤਾ ਜਾਵੇਗਾ।
ਮਹਿੰਗਾਈ ਨੂੰ ਰੋਕਣ ਲਈ ਕੀਮਤਾਂ ਵਿਸ਼ੇਸ਼ ਕਰਕੇ ਨਿੱਤ ਵਰਤੋਂ ਦੀਆਂ ਜ਼ਰੂਰੀ ਵਸਤਾਂ ਦੇ ਭਾਅ ਇਕ ਹੱਦ ਵਿਚ ਰੱਖਣ ਲਈ ਕਾਲਾਬਾਜ਼ਾਰੀ ਅਤੇ ਜਮ੍ਹਾਂਖੋਰੀ ਵਿਰੁੱਧ ਸਖਤੀ ਨਾਲ ਨਜਿੱਠਿਆ ਜਾਵੇਗਾ, ਜਦੋਂਕਿ ਕਾਂਗਰਸ ਵਲੋਂ ਇਨ੍ਹਾਂ ਸਮਾਜ ਵਿਰੋਧੀ ਅਨਸਰਾਂ ਦੀ ਸਦਾ ਹੀ ਪੁਸ਼ਤਪਨਾਹੀ ਕੀਤੀ ਜਾਂਦੀ ਰਹੀ ਹੈ, ਜਿਸ ਕਾਰਨ ਵਸਤਾਂ ਦੀ ਬਨਾਉਟੀ ਕਿੱਲਤ ਪੈਦਾ ਕਰਕੇ ਭਾਅ ਅਸਮਾਨੀ ਚੜ੍ਹਾਏ ਜਾਂਦੇ ਹਨ।
ਪਾਰਟੀ ਨੇ ਇਹ ਵੀ ਵਾਅਦਾ ਕੀਤਾ ਹੈ ਕਿ ਭ੍ਰਿਸ਼ਟਾਚਾਰ ਅਤੇ ਵਿਦੇਸ਼ੀ ਬੈਂਕਾਂ ਵਿਚ ਪਏ ਕਾਲੇ ਧਨ ਦੇ ਗੰਭੀਰ ਮਸਲਿਆਂ ਨੂੰ ਅਸਰਦਾਰ ਤਰੀਕੇ ਨਾਲ ਨਜਿੱਠਿਆ ਜਾਵੇਗਾ।
ਵਿਦੇਸ਼ੀ ਬੈਂਕਾਂ ਵਿਚ ਪਏ ਕਾਲੇ ਧਨ ਨੂੰ ਵਾਪਸ ਲਿਆਉਣ ਲਈ ਸਖਤ ਕਦਮ ਚੁੱਕੇ ਜਾਣਗੇ।
ਮੈਨੀਫੈਸਟੋ ਵਿਚ ਪੰਜਾਬ ਦੇ ਸਰਹੱਦੀ, ਕੰਢੀ ਅਤੇ ਸੇਮ ਪ੍ਰਭਾਵਿਤ ਇਲਾਕਿਆਂ ਦੇ ਵਿਕਾਸ ਉਤੇ ਵਿਸ਼ੇਸ਼ ਜ਼ੋਰ ਦੇਣ ਦਾ ਵਾਅਦਾ ਕਰਨ ਦੇ ਨਾਲ ਨਾਲ ਪੰਜਾਬ ਦੇ ਸਾਰੇ ਕਸਬਿਆਂ ਅਤੇ ਪਿੰਡਾਂ ਦੇ ਸਰਵਪੱਖੀ ਵਿਕਾਸ ਨੂੰ ਤਰਜੀਹ ਦੇਣ ਦੀ ਗੱਲ ਵੀ ਕਹੀ ਗਈ ਹੈ।
ਸ਼੍ਰੋਮਣੀ ਅਕਾਲੀ ਦਲ ਨੇ ਇਸ ਮੈਨੀਫੈਸਟੋ ਰਾਹੀਂ ਇਹ ਵੀ ਵਾਅਦਾ ਕੀਤਾ ਹੈ ਕਿ 1984 ਦੇ ਸਿੱਖ ਕਤਲੇਆਮ ਦੇ ਪੀੜਤਾਂ ਨੂੰ ਇਨਸਾਫ ਦਿਵਾਉਣ ਲਈ ਫਾਸਟ ਟਰੈਕ ਅਦਾਲਤਾਂ ਕਾਇਮ ਕੀਤੀਆਂ ਜਾਣਗੀਆਂ। ਸ. ਸੁਖਬੀਰ ਸਿੰਘ ਬਾਦਲ ਨੇ ਐਲਾਨ ਕੀਤਾ ਕਿ ਸੁਪਰੀਮ ਕੋਰਟ ਦੇ ਜੱਜ ਅਗਵਾਈ ਹੇਠ ਇਕ ਜਾਂਚ ਕਮਿਸ਼ਨ ਬਣਾਇਆ ਜਾਵੇਗਾ ਜਿਹੜਾ 1984 ਦੇ ਸਿੱਖ ਕਤਲੇਆਮ ਪਿਛੇ ਰਾਜਨੀਤਕ ਸਾਜਿਸ਼ ਅਤੇ ਇਸ ਸਾਜਿਸ਼ ਦੇ ਘਾੜਿਆਂ ਨੂੰ ਨੰਗਾ ਕਰੇਗਾ ਅਤੇ ਇਹ ਵੀ ਸਾਹਮਣੇ ਲਿਆਵੇਗਾ ਕਿ ਦੋਸ਼ੀਆਂ ਨੂੰ ਬਚਾਉਣ ਲਈ ਕਿਹੜੇ ਕਿਹੜੇ ਵਿਅਕਤੀ ਜਾਂ ਆਗੂ ਜ਼ਿੰਮੇਵਾਰ ਹਨ। ਇਸ ਕਤਲੇਆਮ ਦੇ ਕਿਸੇ ਵੀ ਦੋਸ਼ੀ ਨੂੰ ਬਖਸ਼ਿਆ ਨਹੀਂ ਜਾਵੇਗਾ।’’



