May 11, 2026 8:12 pm

ਮੀਰੀ ਪੀਰੀ ਦੇ ਮਾਲਿਕ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ

ਸੰਨ 1581 ਈ: ਨੂੰ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਜਦ ਗੁਰਗੱਦੀ ਤੇ ਬਿਰਾਜ਼ਮਾਨ ਹੋਏ ਤਾਂ ਉਹਨਾਂ ਦੇ ਵੱਡੇ ਭਰਾ ਪ੍ਰਿਥੀ ਚੰਦ ਨੇ ਬੁਰਾ ਮਨਾਇਆ ਤੇ ਘਰ ਵਿੱਚੋਂ ਵੱਡਾ ਭਰਾ ਹੋਣ ਦੇ ਨਾਤੇ ਗੁਰਗੱਦੀ ਤੇ ਆਪਣਾ ਹੱਕ ਜਤਾਇਆ। ਕੋਈ ਚਾਰਾ ਨਾ ਚੱਲਦਾ ਵੇਖ ਕੇ ਪ੍ਰਿਥੀ ਚੰਦ ਇਹ ਸੋਚਦਾ ਰਹਿੰਦਾ ਕਿ ਚਲੋ ਕੋਈ ਗੱਲ ਨਹੀ, ਗੁਰੂ ਅਰਜਨ ਦੇ ਘਰ ਸ਼ਾਦੀ ਤੋਂ 14 ਸਾਲ ਬੀਤ ਜਾਣ ਤੇ ਵੀ ਕੋਈ ਬੱਚਾ ਨਹੀ ਹੋਇਆ ਤੇ ਨਾ ਹੀ ਅਗਾਂਹ ਹੋਏਗਾ। ਗੁਰੂ ਅਰਜਨ ਦੇਵ ਜੀ ਪ੍ਰਿਥੀ ਚੰਦ ਦੇ ਪੁੱਤਰ ਮਿਹਰਬਾਨ ਨੂੰ ਹਮੇਸ਼ਾ ਆਪਣੇ ਨਾਲ ਰੱਖਦੇ ਸਨ। ਇਸ ਗੱਲ ਨੂੰ ਲੈ ਕੇ ਪ੍ਰਿਥੀ ਚੰਦ ਮਨ ਹੀ ਮਨ ਇਹ ਸੋਚ ਕੇ ਖੁਸ਼ ਹੋ ਲੈਂਦਾ ਸੀ ਕਿ ਗੱਦੀ ਦੇ ਮਾਲਕ ਤਾਂ ਅਸੀ ਹੀ ਹਾਂ। ਉਧਰ ਮਾਤਾ ਗੰਗਾ ਜੀ ਦਰਾਣੀਆਂ ਜਠਾਣੀਆਂ ਦੇ ਤਾਅਨੇ ਮਿਅਨੇ ਸੁਣ ਕੇ ਤੰਗ ਆ ਚੁੱਕੇ ਸਨ। ਗੁਰੂ ਅਰਜਨ ਦੇਵ ਜੀ ਦੇ ਕਹਿਣ ਤੇ ਮਾਤਾ ਗੰਗਾ ਜੀ ਇੱਕ ਦਿਨ ਅੰਮ੍ਰਿਤਸਰ ਤੋਂ 9-10 ਮੀਲ ਦੂਰ ਬੀੜ ਸਾਹਬ ਬਾਬਾ ਬੁੱਢਾ ਜੀ ਕੋਲ ਪੁੱਤਰ ਦਾ ਵਰ ਪ੍ਰਾਪਤ ਕਰਨ ਲਈ ਪਹੁੰਚੇ ਤਾਂ ਬਾਬਾ ਬੁੱਢਾ ਜੀ ਬੜੇ ਪ੍ਰਸੰਨ ਹੋਏ ਤੇ ਪੁੱਤਰ ਦਾ ਵਰ ਦਿੱਤਾ ਤੇ ਕਿਹਾ ਕਿ ‘ਤੁਮਰੇ ਗ੍ਰਹਿ ਪ੍ਰਗਟੇਗਾ ਜੋਧਾ ਜਾ ਕੋ ਬਲ ਗੁਨ ਕਿਨਹੂੰ ਨਾ ਸੋਧਾ’ ਤਾਂ ਬਾਬਾ ਬੁੱਢਾ ਜੀ ਦੇ ਵਰ ਨਾਲ 21 ਹਾੜ ਸੰਮਤ 1652 (14 ਜੂਨ 1595) ਨੂੰ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਗੁਰੂ ਕੀ ਵਡਾਲੀ ਜਿਲ੍ਹਾ ਅੰਮ੍ਰਿਤਸਰ ਵਿੱਚ ਪਿਤਾ ਸ੍ਰੀ ਗੁਰੂ ਅਰਜਨ ਦੇਵ ਜੀ ਅਤੇ ਮਾਤਾ ਗੰਗਾ ਜੀ ਦੇ ਉਦਰ ਤੋਂ ਹੋਇਆ। ਇਸੇ ਖੁਸ਼ੀ ਵਿੱਚ ਗੁਰੂ ਪਿਤਾ ਜੀ ਨੇ ਛੇ ਹਰਟਾਂ ਵਾਲਾ ਖੂਹ ਲਗਵਾਇਆ ਜੋ ਅੱਜ ਕੱਲ ਗੁਰਦੁਆਰਾ ਛੇਹਰਟਾ ਸਾਹਿਬ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਵੱਡੇ ਭਰਾ ਪ੍ਰਿਥੀ ਚੰਦ ਨੇ ਕਈ ਵਾਰ ਸ੍ਰੀ ਗੁਰੂ ਹਰਿਗੋਬਿੰਦ ਸਾਹਬ ਜੀ ਨੂੰ ਮਾਰਨ ਦੀਆਂ ਕੋਝੀਆਂ ਚਾਲਾਂ ਚੱਲੀਆਂ, ਪਰ ਕਾਮਯਾਬ ਇੱਕ ਵੀ ਨਾ ਹੋਈ। ਜਦ 16 ਜੂਨ 1606 ਈ: ਨੂੰ ਲਾਹੌਰ ਵਿਖੇ ਸ਼ਾਤੀ ਦੇ ਪੁੰਜ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਹੋਈ ਤਾਂ ਗੁਰਗੱਦੀ ਸਮੇਂ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਉਮਰ ਮਹਿਜ਼ 11 ਸਾਲ ਸੀ। ਭਾਈ ਗੁਰਦਾਸ ਜੀ ਨੇ ਪਹਿਲੀ ਵਾਰ ਦੀ 58 ਵੀਂ ਪਉੜੀ ਵਿੱਚ ਫੁਰਮਾਇਆ ਹੈ ਕਿ
ਪੰਜ ਪਿਆਲੇ ਪੰਜ ਪੀਰ
ਛਠਮ ਪੀਰ ਬੈਠਾ ਗੁਰ ਭਾਰੀ॥
ਅਰਜਨ ਕਾਇਆ ਪਲਟ ਕੈ
ਮੁਰਤਿ ਹਰਿਗੋਬਿੰਦ ਸਵਾਰੀ॥
ਇਤਹਾਸ ਵਿੱਚ ਆਪ ਜੀ ਦੇ ਤਿੰਨ ਵਿਆਹਾਂ ਦਾ ਜ਼ਿਕਰ ਆਉਂਦਾ ਹੈ। ਆਪ ਜੀ ਦਾ ਪਹਿਲਾਂ ਵਿਆਹ ਡੱਲਾ ਨਿਵਾਸੀ ਸ੍ਰੀ ਨਰਾਇਣ ਦਾਸ ਦੀ ਸਪੁੱਤਰੀ ਦਮੋਦਰੀ ਜੀ ਨਾਲ (1608 ਈ:) ਨੂੰ ਹੋਇਆ। ਜਿੰਨ੍ਹਾਂ ਦੇ ਉਦਰ ਤੋਂ ਬਾਬਾ ਗੁਰਦਿੱਤਾ ਜੀ (1613 ਈ:), ਬੀਬੀ ਵੀਰੋ ਜੀ (1615 ਈ:) ਅਤੇ ਅਣੀ ਰਾਏ ਜੀ (1618 ਈ:) ਵਿੱਚ ਪੈਦਾ ਹੋਏ। ਦੂਜਾ ਵਿਆਹ ਬਾਬਾ ਬਕਾਲਾ ਨਿਵਾਸੀ ਸ੍ਰੀ ਹਰੀ ਚੰਦ ਦੀ ਸਪੁੱਤਰੀ ਨਾਨਕੀ ਜੀ ਨਾਲ (1613 ਈ:) ਵਿੱਚ ਹੋਇਆ। ਜਿੰਨ੍ਹਾਂ ਦੇ ਉਦਰ ਤੋਂ ਬਾਬਾ ਅਟੱਲ ਰਾਏ (1619 ਈ:) ਅਤੇ ਤੇਗ ਬਹਾਦਰ (1621 ਈ:) ਨੂੰ ਪੈਦਾ ਹੋਏ। ਤੀਜਾ ਵਿਆਹ ਮੰਡਿਆਲੀ ਵਾਸੀ ਸ਼੍ਰੀ ਦਇਆ ਰਾਮ ਦੀ ਸਪੁੱਤਰੀ ਮਹਾਂਦੇਵੀ ਜੀ ਨਾਲ (1615 ਈ:) ਨੂੰ ਹੋਇਆ। ਜਿੰਨ੍ਹਾਂ ਦੇ ਉਦਰ ਤੋਂ ਸੂਰਜ ਮੱਲ (1617 ਈ:) ਪੈਦਾ ਹੋਏ। ਜਦੋ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਗੁਰਗੱਦੀ ਤੇ ਬਿਰਾਜਮਾਨ ਹੋਏ ਤਾਂ ਉਹਨਾਂ ਨੇ ਮੀਰੀ ਅਤੇ ਪੀਰੀ ਦੀਆਂ ਦੋ ਤਲਵਾਰਾਂ ਧਾਰਨ ਕੀਤੀਆਂ। ਸਿਰ ਤੇ ਕਲਗੀ ਸਜਾਈ। ਆਪ ਨੇ ਸੰਗਤਾਂ ਨੂੰ ਰੂਪੈ ਪੈਸੇ ਦੀ ਜਗ੍ਹਾ ਗੁਰੂ ਘਰ ਲਈ ਸ਼ਸਤਰ ਅਤੇ ਘੋੜੇ ਭੇਟਾ ਲਿਆਉਣ ਦਾ ਆਦੇਸ਼ ਕੀਤਾ। ਆਪ ਜੀ ਨੇ 1609 ਈ: ਵਿੱਚ ਅਕਾਲ ਬੁੰਗੇ ਦੀ ਨੀਂਹ ਰੱਖੀ, ਜਿਹੜਾ ਕਿ ਪੰਥ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਨਾਂ ਨਾਲ ਪ੍ਰਸਿੱਧ ਹੋਇਆਂ। ਗੁਰੂ ਜੀ ਨੇ ਆਪਣੇ ਜਾਨ ਤੋਂ ਪਿਆਰੇ ਸਿੱਖਾਂ ਵਿੱਚ ਜੋਸ਼ ਅਤੇ ਉਤਸ਼ਾਹ ਭਰਨ ਲਈ ਢਾਡੀਆਂ ਦੁਆਰਾ ਵਾਰਾਂ ਦਾ ਗਾਇਨ ਆਰੰਭ ਕਰਾਇਆਂ। ਗੁਰੂ ਸਾਹਿਬ ਨੇ ਆਪਣੇ ਜੀਵਨ ਕਾਲ ਦੌਰਾਨ ਚਾਰ ਜੰਗਾਂ ਲੜੀਆਂ ਅਤੇ ਚਾਰਾਂ ਹੀ ਤੇ ਜਿੱਤ ਹਾਸਲ ਕੀਤੀ। ਪਹਿਲੀ ਜੰਗ 1629 ਈ: ਵਿੱਚ ਕਿਲ੍ਹਾ ਲੋਹਗੜ੍ਹ ਵਿੱਚ ਸ਼ਾਹੀ ਮੁਗਲ ਸੈਨਾ ਨਾਲ ਹੋਈ। ਬਾਦਸ਼ਾਹ ਸ਼ਾਹਜਹਾਨ ਦੇ ਚਿੱਟੇ ਬਾਜ਼ ਨੂੰ ਸਿੱਖਾਂ ਨੇ ਫੜ ਲਿਆ ਤਾਂ ਬਾਦਸ਼ਾਹ ਨੇ ਮੀਰ ਸ਼ਿਕਾਰੀ ਨੂੰ ਬਾਜ਼ ਲੈਣ ਲਈ ਭੇਜਿਆ ਤਾਂ ਸਿੱਖਾਂ ਨੇ ਬਾਜ਼ ਦੇਣ ਤੋਂ ਨਾਹ ਕਰ ਦਿੱਤੀ ਤਾਂ ਬਾਦਸ਼ਾਹ ਨੇ ਆਪਣੇ ਇੱਕ ਖਾਸ ਅਹਿਲਕਾਰ ਮੁਖਲਿਸ ਖਾਂ ਨੂੰ 7000 ਫੌਜ ਨਾਲ ਸ੍ਰੀ ਅੰਮ੍ਰਿਤਸਰ ਸਾਹਿਬ ਤੇ ਚੜਾਈ ਕਰਨ ਲਈ ਭੇਜ ਦਿੱਤਾ। ਇਸ ਮੁਕਾਮ ਤੇ ਗੁਰੂ ਜੀ ਦਾ ਤੁਰਕਾਂ ਨਾਲ ਭਾਰੀ ਯੁੱਧ ਹੋਇਆ ਤੇ ਆਖਰ ਪਿੰਡ ਚੱਬੇ ਦੇ ਮੈਦਾਨ ਵਿੱਚ ਸ੍ਰੀ ਸੰਗਰਾਣਾ ਸਾਹਿਬ ਚੱਬਾ ਵਿਖੇ ਜਿੱਤ ਦਾ ਪਰਚਮ ਲਹਿਰਾਇਆ। ਦੂਜਾ ਯੁੱਧ 1630 ਈ: ਵਿੱਚ ਹਰਿਗੋਬਿੰਦਪੁਰ ਵਿਖੇ ਹੋਇਆ। ਤੀਜਾ ਯੁੱਧ 1632 ਈ: ਨੂੰ ਲਾਹੌਰ ਦੇ ਸੂਬੇਦਾਰ ਨਾਲ ਹੋਇਆ। ਚੌਥਾ ਯੁੱਧ 1634 ਈ: ਨੂੰ ਕਾਲੇ ਖਾਂ ਨਾਲ ਹੋਇਆ। ਇਸ ਯੁੱਧ ਵਿੱਚ ਬਾਬਾ ਗੁਰਦਿੱਤਾ ਜੀ ਅਤੇ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਆਪਣੀ ਤਲਵਾਰ ਦੇ ਜੌਹਰ ਵਿਖਾਏ। ਇਸ ਸਮੇਂ ਇੰਨ੍ਹਾਂ ਦੀ ਉਮਰ ਮਹਿਜ 14 ਸਾਲ ਸੀ। ਗੁਰੂ ਜੀ ਦੀ ਚੜ੍ਹਤ ਵੇਖ ਕੇ ਗੁਰੂ ਘਰ ਦੇ ਵਿਰੋਧੀਆਂ ਨੇ ਸਰਗਰਮੀਆਂ ਤੇਜ਼ ਕਰ ਦਿੱਤੀਆ ਤੇ ਸਮੇਂ ਦੇ ਹਾਕਮਾਂ ਦੇ ਕੰਨ ਭਰਨੇ ਸ਼ੁਰੂ ਕਰ ਦਿੱਤੇ ਕਿ ਗੁਰੂ ਹਰਿਗੋਬਿੰਦ ਨੇ ਆਪਣੇ ਵੱਡੇ ਵਡੇਰਿਆ ਦੀ ਮਰਿਆਦਾ ਨੂੰ ਛੱਡ ਕੇ ਧਾੜਵੀਆਂ ਵਾਲਾ ਰੁੱਖ ਅਪਣਾਇਆਂ ਹੋਇਆਂ ਹੈ। ਗੁਰੂ ਘਰ ਦੇ ਵਿਰੋਧੀਆਂ ਦੀ ਹਮੇਸ਼ਾ ਤੋ ਇਹ ਸੋਚ ਰਹੀ ਹੈ ਕਿ ਗੁਰੁੂ ਘਰ ਨੂੰ ਦਬਾ ਕੇ ਰੱਖਿਆ ਜਾਵੇ ਤਾਂ ਕਿ ਇਹ ਸਮੇਂ ਦੀਆ ਸਰਕਾਰਾਂ ਵਿਰੁੱਧ ਬਗਾਵਤ ਨਾ ਸਕਣ। ਇਸੇ ਕਰਕੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੂੰ ਗਵਾਲੀਅਰ ਦੇ ਕਿਲੇ ਵਿੱਚ ਕੈਦ ਹੋਣਾ ਪਿਆ। ਜਦੋਂ ਸਾਂਈ ਮੀਆਂ ਮੀਰ ਜੀ ਨੇ ਬਾਦਸ਼ਾਹ ਨੂੰ ਸਾਰੀ ਗੱਲ ਸਮਝਾਈ ਤਾਂ ਗੁਰੂ ਸਾਹਿਬ ਜੀ ਦੀ ਰਿਹਾਈ ਸੰਭਵ ਹੋਈ ਤੇ ਨਾਲ ਹੀ ਗੁਰੂ ਜੀ ਨੇ ਹੋਰ ਰਿਆਸਤਾ ਦੇ ਬਵੰਜਾ ਰਾਜਿਆਂ ਨੂੰ ਵੀ ਰਿਹਾ ਕਰਵਾਇਆ। ਗੁਰੂ ਜੀ ਅਤੇ ਬਾਦਸ਼ਾਹ ਦੇ ਸਬੰਧਾਂ ਵਿੱਚ ਮਿਠਾਸ ਆਈ ਤਾਂ ਉਹ ਦੇਸ਼ ਰਟਨ ਦੇ ਕਈ ਮੌਕਿਆ ਤੇ ਗੁਰੂ ਜੀ ਨੂੰ ਆਪਣੇ ਨਾਲ ਲੈ ਕੇ ਗਿਆ। ਇਸੇ ਕਰਕੇ ਗੁਰੂੁ ਘਰ ਦੇ ਦੋਖੀ ਚੰਦੂ ਨੂੰ ਸਿੱਖਾਂ ਦੇ ਹਵਾਲੇ ਕਰ ਦਿੱਤਾ ਗਿਆ ਤਾਂ ਸਿੱਖਾਂ ਨੇ ਉਸਨੂੰ ਨਕੇਲ ਪਾ ਕੇ ਸ਼ਹਿਰ ਵਿੱਚ ਘੁਮਾਇਆ ਤੇ ਉਸਦਾ ਬਹੁਤ ਬੁਰਾ ਅੰਤ ਹੋਇਆ। ਗੁਰੂ ਘਰ ਦੇ ਉਪਦੇਸ਼ਾ ਤੋਂ ਪ੍ਰਭਾਵਿਤ ਹੋ ਕੇ ਬਹੁਤ ਸਾਰੇ ਹਿੰਦੂ, ਮੁਸਲਮਾਨ ਵੀ ਗੁਰੂ ਘਰ ਦੇ ਉਪਾਸ਼ਕ ਬਣਨ ਲੱਗੇ ਜੋ ਗੁਰੂੁ ਘਰ ਦੇ ਦੋਖੀਆਂ ਲਈ ਖਤਰੇ ਦੀ ਘੰਟੀ ਸੀ। ਗੁਰੂ ਸਾਹਿਬ ਜੀ ਆਪਣੇ ਭਗਤਾਂ ਦਾ ਦਿਲੋਂ ਸਤਿਕਾਰ ਕਰਦੇ ਸਨ। ਜੰਗਾਂ ਯੁੱਧਾਂ ਵਿੱਚ ਸ਼ਹੀਦ ਹੋਏ ਸਿੱਖਾਂ ਅਤੇ ਮੁਸਲਮਾਨਾਂ ਦੇ ਸਰੀਰ ਉਹਨਾਂ ਦੇ ਅਕੀਦੇ ਮੁਤਾਬਿਕ ਅੰਤਿਮ ਸਸਕਾਰ ਕੀਤੇ ਜਾਂਦੇ ਸਨ। ਦੁਸ਼ਮਣਾਂ ਦੀਆਂ ਲੋਥਾਂ ਨੂੰ ਵੀ ਦਫਨਾ ਦਿੱਤਾ ਜਾਂਦਾ ਸੀ। ਗੁਰੂ ਜੀ ਦੇ ਮਨ ਵਿੱਚ ਕਿਸੇ ਪ੍ਰਤੀ ਕੋਈ ਗਿਲਾ ਨਹੀ ਸੀ ਜੋ ਵੀ ਸ਼ਰਧਾ ਭਾਵਨਾ ਨਾਲ ਗੁਰੁੂ ਜੀ ਦੇ ਚਰਨਾਂ ਦਾ ਮੁਰੀਦ ਬਣ ਕੇ ਆਇਆ, ਗੁਰੁੂ ਜੀ ਵੀ ਹਮੇਸ਼ਾਂ-ਹਮੇਸ਼ਾਂ ਲਈ ਉਸਦੇ ਹੋ ਕੇ ਰਹਿ ਗਏ। ਕਿਹਾ ਜਾਦਾ ਹੈ ਕਿ ਬੀਬੀ ਕੌਲਾਂ ਜੀ ਇੱਕ ਕਾਜ਼ੀ ਦੀ ਬੇਟੀ ਸੀ ਅਤੇ ਗੁਰੂੁ ਘਰ ਦੀ ਸ਼ਰਧਾਲੂ ਸੀ। ਕਾਜ਼ੀ ਨੇ ਸ਼ਰ੍ਹਾ ਵਿੱਚ ਈਮਾਨ ਰੱਖਦੇ ਹੋਏ ਹੋਰ ਕਾਜ਼ੀਆਂ ਨਾਲ ਮੌਤ ਦਾ ਫਤਵਾ ਜਾਰੀ ਕਰ ਦਿੱਤਾ ਤਾਂ ਜਦੋਂ ਇਸ ਗੱਲ ਦਾ ਪਤਾ ਸਾਂਈ ਮੀਆਂ ਮੀਰ ਜੀ ਨੂੰ ਲੱਗਾ ਤਾਂ ਉਹ ਬੀਬੀ ਕੌਲਾਂ ਜੀ ਨੂੰ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਕੋਲ ਲੈ ਆਏ। ਉਸ ਤੋਂ ਬਾਅਦ ਬੀਬੀ ਜੀ ਨੇ ਆਪਣਾ ਸਾਰਾ ਜੀਵਨ ਗੁਰੁੂ ਘਰ ਦੇ ਲੇਖੇ ਲਾ ਦਿੱਤਾ ਸੀ। ਗੁਰੂੁ ਜੀ ਨੇ ਵੀ ਬੀਬੀ ਜੀ ਨੂੰ ਸਦੀਵੀਂ ਤੋਰ ਤੇ ਜਿਉਂਦਾ ਰੱਖਣ ਲਈ ਇੱਕ ਸਰੋਵਰ ਦੀ ਉਸਾਰੀ ਕਰਵਾਈ, ਜਿਸ ਦਾ ਨਾਂ ਕੌਲਸਰ ਰੱਖਿਆ ਗਿਆ। ਗੁਰੂ ਜੀ ਨੇ ਜਗਤ ਨੂੰ ਸੰਦੇਸ਼ਾ ਦਿੱਤਾ ਕਿ ਜ਼ੁਲਮ ਨਹੀ ਕਰਨਾ ਤੇ ਨਾ ਹੀ ਸਹਿਣਾ ਹੈ।
ਵੰਡ ਕੇ ਛਕਣਾ, ਹੱਥੀਂ ਕਿਰਤ ਕਰਨ ਨੂੰ ਪਹਿਲ ਦਿੱਤੀ, ਦੀਨ ਦੁਖੀਆਂ ਦੀ ਸੇਵਾ ਕਰਨੀ, ਆਪਣੀ ਦਸਾਂ ਨਹੁੰਆਂ ਦੀ ਕਮਾਈ ਵਿੱਚੋਂ ਗੁਰੂ ਘਰ ਲਈ ਦਸਵੰਧ ਕੱਢਣਾ, ਨਾਮ ਜੱਪਣਾ, ਨਾਮ ਜਪਾਉਣਾ ਤੇ ਸਦਾ ਮਾਲਕ ਦੇ ਭਾਣੇ ਵਿੱਚ ਰਹਿਣਾ। ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਆਪਣੇ ਪੋਤੇ ਸ੍ਰੀ ਗੁਰੂ ਹਰਿ ਰਾਇ ਸਾਹਿਬ ਜੀ ਨੂੰ ਗੁਰਗੱਦੀ ਪੁਰ ਥਾਪ ਕੇ 7 ਚੇਤ ਸੰਮਤ 1701 (3 ਮਾਰਚ ਸੰਨ 1644) ਨੂੰ ਜੋਤੀ ਜੋਤ ਸਮਾ ਗਏ।

Send this to a friend