ਸੱਤਾ ਬਦਲਣ ਨਾਲ ਹੀ ਬਦਲੇਗੀ ਵਿਵਸਥਾ
ਮੁਕੇਰੀਆਂ, 19 ਅਪ੍ਰੈਲ (ਹਰਦੀਪ ਸਿੰਘ ਧਨੋਆ)-ਭਾਰਤੀ ਜਨਤਾ ਪਾਰਟੀ ਦੇ ਕੌਮੀ ਪ੍ਰਧਾਨ ਰਾਜਨਾਥ ਸਿੰਘ ਨੇ ਕਿਹਾ ਕਿ ਦੇਸ਼ ਦੇ ਆਤਮ ਸਨਮਾਨ ਦੀ ਬਹਾਲੀ ਲਈ ਦੇਸ਼ ਦੀ ਵਾਂਗਡੋਰ ਐਨ.ਡੀ.ਏ. ਸਰਕਾਰ ਨੂੰ ਸੌਂਪਣਾ ਸਮੇਂ ਦੀ ਜਰੂਰਤ ਹੈ। ਅੱਜ ਲੋਕ ਸਭਾ ਹਲਕਾ ਹੁਸ਼ਿਆਰਪੁਰ ਤੋਂ ਪਾਰਟੀ ਦੇ ਉਮੀਦਵਾਰ ਵਿਜੈ ਸਾਂਪਲਾ ਦੇ ਹੱਕ ਵਿੱਚ ਪਿੰਡ ਭਾਗਲਾ ਵਿਖੇ ਇੱਕ ਭਰਵੀਂ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਰਾਜਨਾਥ ਨੇ ਕਿਹਾ ਕਿ ਕਾਂਗਰਸ ਦੀ ਅਗਵਾਈ ਵਾਲੀ ਯੂ.ਪੀ.ਏ. ਸਰਕਾਰ ਦੇ ਸਾਸ਼ਨ ਦੌਰਾਨ ਦੇਸ਼ ਦੇ ਸਨਮਾਨ ਨੂੰ ਵਿਸ਼ਵ ਪੱਧਰ ’ਤੇ ਵੱਡੀ ਸੱਟ ਲੱਗੀ ਹੈ। ਉਨ੍ਹਾਂ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਸੱਤਾ ਬਦਲ ਕੇ ਦੇਸ਼ ਦੀ ਵਿਗੜੀ ਵਿਵਸਥਾ ਨੂੰ ਬਦਲਿਆ ਜਾਵੇ।ਸ਼੍ਰੀ ਸਿੰਘ ਨੇ ਕਿਹਾ ਕਿ
ਕਾਂਗਰਸ ਦੇ ਕੁਸ਼ਾਸਨ ਕਾਰਨ ਹੀ ਅੱਜ ਦੇਸ਼ ਨੂੰ ਆਰਥਿਕ ਅੱਤਵਾਦ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਸਰਕਾਰ ਦੀ ਘਟੀਆ ਕਾਰਗੁਜਾਰੀ ਕਰਕੇ ਅੱਜ ਦੇਸ਼ ਦੀ ਸਰਹੱਦ ਦੇ ਰਖਵਾਲਿਆਂ ਦੀ ਸੁਰੱਖਿਆ ਖਤਰੇ ਵਿੱਚ ਪਈ ਹੋਈ ਹੈ। ਉਨ੍ਹਾਂ ਕਿਹਾ ਕਿ ਸ਼੍ਰੀ ਅਟਲ ਬਿਹਾਰੀ ਵਾਜਪਾਈ ਦੀ ਅਗਵਾਈ ਵਾਲੀ ਐਨ.ਡੀ.ਏ. ਸਰਕਾਰ ਦੇ ਸਾਸ਼ਨ ਦੌਰਾਨ ਜਿੱਥੇ ਦੇਸ਼ ਨੇ ਕਾਰਗਿਲ ਵਰਗੇ ਯੁੱਧ ਜਿੱਤ ਕੇ ਵਿਸ਼ਵ ਭਰ ਵਿੱਚ ਆਪਣੀ ਸ਼ਕਤੀ ਦਾ ਲੋਹਾ ਮਨਵਾਇਆ ਸੀ, ਉੱਥੇ ਹੀ ਪੋਖਰਨ ਵਿੱਚ ਕੀਤੇ ਪ੍ਰਮਾਣੂ ਪ੍ਰੀਖਣ ਸਦਕਾ ਵੀ ਭਾਰਤ ਇੱਕ ਮਜ਼ਬੂਤ ਸ਼ਕਤੀ ਵਜੋਂ ਉੱਭਰਿਆ ਸੀ। ਪਰ ਹੁਣ ਕਾਂਗਰਸ ਦੀ ਸਰਕਾਰ ਨੇ ਸਥਿਤੀ ਇਹ ਬਣਾ ਦਿੱਤੀ ਹੈ ਕਿ ਅੱਜ ਦੁਸ਼ਮਣ ਦੇਸ਼ ਸਾਡੇ ਸੈਨਿਕਾਂ ਦੇ ਸਿਰ ਕੱਟ ਕੇ ਉਨ੍ਹਾਂ ਦੀ ਬੇਅਦਬੀ ਕਰਦੇ ਹਨ ਅਤੇ ਦੂਜੇ ਪਾਸੇ ਦੁਸ਼ਮਣ ਦੇਸ਼ ਸਾਡੇ ਦੇਸ਼ ਵਿੱਚ ਕਬਜ਼ੇ ਕਰਨ ਲੱਗੇ ਹੋਏ ਹਨ। ਉਨ੍ਹਾਂ ਦਾਅਵਾ ਕੀਤਾ ਕਿ ਦੇਸ਼ ਵਿੱਚ ਨਰਿੰਦਰ ਮੋਦੀ ਦੀ ਅਗਵਾਈ ਹੇਠ ਬਨਣ ਵਾਲੀ ਅਗਲੀ ਐਨ.ਡੀ.ਏ. ਸਰਕਾਰ ਮੁੜ ਤੋਂ ਦੇਸ਼ ਦਾ ਮਾਨ ਸਨਮਾਨ ਕਾਇਮ ਕਰੇਗੀ। ਉਨ੍ਹਾਂ ਕਿਹਾ ਕਿ ਕਾਂਗਰਸ ਵੱਲੋਂ ਦੇਸ਼ ਨੂੰ ਮਹਿੰਗਾਈ ਦੀ ਭੱਠੀ ਵਿੱਚ ਤਪਾਇਆ ਹੋਇਆ ਹੈ, ਜਿਸ ਨੂੰ ਰਾਹਤ ਦੇਣ ਲਈ ਐਨ.ਡੀ.ਏ. ਸਰਕਾਰ ਵੱਡੀਆਂ ਰਾਹਤ ਯੋਜਨਾਵਾਂ ਲੈ ਕੇ ਆ ਰਹੀ ਹੈ। ਸ਼੍ਰੀ ਸਿੰਘ ਨੇ ਕਿਹਾ ਕਿ ਐਨ.ਡੀ.ਏ. ਸਰਕਾਰ ਦੇ ਸਾਸ਼ਨ ਵਿੱਚ ਹਰ ਵਰਗ ਦੀ ਭਲਾਈ ਲਈ ਯੋਜਨਾਵਾਂ ਉਲੀਕੀਆਂ ਜਾਣਗੀਆਂ, ਜਿੰਨ੍ਹਾਂ ਵਿੱਚ ਖਾਸ ਤੌਰ ’ਤੇ ਕਿਸਾਨਾਂ ਦੀਆਂ ਫਸਲਾਂ ਦੇ ਬੀਮੇ, ਨੌਜਵਾਨਾਂ ਦੇ ਭਵਿੱਖ ਸੁਧਾਰਨ ਲਈ ਕਿੱਤਾ ਮੁਖੀ ਕੋਰਸਾਂ ਆਦਿ ਨੂੰ ਪਹਿਲ ਦੇ ਅਧਾਰ ’ਤੇ ਲਿਆ ਜਾਵੇਗਾ। ਉਨ੍ਹਾਂ ਪੰਜਾਬੀਆਂ ਦੀਆਂ ਕੁਰਬਾਨੀਆਂ ਨੂੰ ਸਿਜਦਾ ਕਰਦਿਆਂ ਕਿਹਾ ਕਿ ਪੰਜਾਬ ਨੇ ਹਮੇਸ਼ਾ ਹੀ ਦੇਸ਼ ਲਈ ਕੁਰਬਾਨ ਹੋਣ ਵਿੱਚ ਪਹਿਲ ਕਦਮੀ ਕੀਤੀ ਹੈ। ਉਨ੍ਹਾਂ ਹਲਕੇ ਦੇ ਲੋਕਾਂ ਨੂੰ ਸੱਦਾ ਦਿੱਤਾ ਕਿ ਮਜ਼ਬੂਤ ਐਨ.ਡੀ.ਏ. ਸਰਕਾਰ ਦੀ ਸਥਾਪਨਾ ਲਈ ਪਾਰਟੀ ਦੇ ਸਿਪਾਹੀ ਵਿਜੈ ਸਾਂਪਲਾ ਨੂੰ ਸਫਲਤਾ ਦਿਵਾਈ ਜਾਵੇ। ਇਸ ਮੌਕ ਹੋਰਨਾਂ ਤੋਂ ਇਲਾਵਾ ਪੰਜਾਬ ਭਾਜਪਾ ਦੇ ਪ੍ਰਧਾਨ ਕਮਲ ਸ਼ਰਮਾ, ਰਾਜ ਸਭਾ ਮੈਂਬਰ ਅਵਿਨਾਸ਼ ਰਾਏ ਖੰਨਾ, ਲੋਕ ਸਭਾ ਉਮੀਦਵਾਰ ਵਿਜੈ ਸਾਂਪਲਾ, ਸਾਬਕਾ ਮੰਤਰੀ ਅਤੇ ਵਿਧਾਇਕ ਮਨੋਰਜੰਨ ਕਾਲੀਆ, ਦਸੂਹਾ ਦੀ ਵਿਧਾਇਕ ਸੁਖਜੀਤ ਕੌਰ ਸ਼ਾਹੀ, ਮੁਕੇਰੀਆਂ ਹਲਕਾ ਇੰਚਾਰਜ ਅਰੁਣੇਸ਼ ਸ਼ਾਕਰ ਆਦਿ ਸਮੇਤ ਵੱਡੀ ਗਿਣਤੀ ਵਿੱਚ ਅਕਾਲੀ ਭਾਜਪਾ ਆਗੂ ਹਾਜ਼ਰ ਸਨ।



