ਪੰਜਾਬ ’ਚ ਬਾਕੀ ਰਹਿੰਦੀਆਂ ਚਾਰ ਲੋਕ ਸਭਾ ਸੀਟਾਂ ’ਤੇ ਉਮੀਦਵਾਰਾਂ ਬਾਰੇ ਫੈਸਲਾ ਸੰਭਵ
ਚੰਡੀਗੜ੍ਹ, 8 ਅਪ੍ਰੈਲ (ਪੰਜਾਬ ਟਾਇਮਜ਼ ਬਿਊਰੋ)- ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਪੰਜਾਬ ’ਚ ਬਾਕੀ ਰਹਿੰਦੀਆਂ ਚਾਰ ਲੋਕ ਸਭਾ ਸੀਟਾਂ ’ਤੇ ਉਮੀਦਵਾਰਾਂ ਬਾਰੇ ਫੈਸਲਾ ਲੈਣ ਲਈ ਪੰਜਾਬ ਦੇ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਪੰਜਾਬ ਪ੍ਰਧਾਨ ਕਾਂਗਰਸ ਕਮੇਟੀ ਪ੍ਰਧਾਨ ਸੁਨੀਲ ਜਾਖੜ ਨਾਲ ਅਗਲੀ ਬੈਠਕ 11 ਅਪ੍ਰੈਲ ਨੂੰ ਤੈਅ ਕੀਤੀ ਗਈ ਹੈ। ਇਸ ਬੈਠਕ ਵਿਚ ਪੰਜਾਬ ਮਾਮਲਿਆਂ ਦੀ ਇੰਚਾਰਜ ਆਸ਼ਾ ਕੁਮਾਰੀ ਤੇ ਕਾਂਗਰਸ ਦੇ ਰਾਸ਼ਟਰੀ ਸੰਗਠਨ ਸਕਤਰ ਕੇ. ਸੀ. ਵੇਣੂਗੋਪਾਲ ਵੀ ਹਿਸਾ ਲੈਣਗੇ। ਕਾਂਗਰਸ ਪੰਜਾਬ ’ਚ ਹੁਣ ਤਕ 9 ਸੀਟਾਂ ’ਤੇ ਉਮੀਦਵਾਰਾਂ ਦਾ ਐਲਾਨ ਕਰ ਚੁਕੀ ਹੈ। ਕਾਂਗਰਸੀ ਸੂਤਰਾਂ ਨੇ ਦਸਿਆ ਕਿ ਕਾਂਗਰਸ ਨੂੰ ਉਮੀਦ ਹੈ ਕਿ ਅਗਲੇ ਦਿਨਾਂ ਵਿਚ ਸ਼੍ਰੋਮਣੀ ਅਕਾਲੀ ਦਲ ਵਲੋਂ ਵੀ ਬਠਿੰਡਾ ਅਤੇ ਫਿਰੋਜ਼ਪੁਰ ’ਚ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਦਿਤਾ ਜਾਵੇਗਾ, ਜਿਸ ਤੋਂ ਬਾਅਦ ਕਾਂਗਰਸ ਵੀ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਦੇਵੇਗੀ। ਦਸਿਆ ਜਾ ਰਿਹਾ ਹੈ ਕਿ ਕਾਂਗਰਸ ਨੇ ਚਾਰ ਸੀਟਾਂ ਬਠਿੰਡਾ, ਫਿਰੋਜ਼ਪੁਰ, ਸੰਗਰੂਰ ਤੇ ਸ੍ਰੀ ਅਨੰਦਪੁਰ ਸਾਹਿਬ ’ਤੇ ਆਪਣੀ ਸ਼ੁਰੂਆਤੀ ਸਹਿਮਤੀ ਬਣਾਈ ਹੋਈ ਹੈ ਪਰ ਉਸ ’ਤੇ ਆਖਰੀ ਮੋਹਰ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੀ ਲਗਣੀ ਹੈ। ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਅਨੰਦਪੁਰ ਸਾਹਿਬ ’ਚ ਮਨੀਸ਼ ਤਿਵਾੜੀ, ਸੰਗਰੂਰ ’ਚ ਸਾਬਕਾ ਵਿਧਾਇਕ ਕੇਵਲ ਸਿੰਘ ਢਿਲੋਂ, ਫਿਰੋਜ਼ਪੁਰ ’ਚ ਕੈਬਨਿਟ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਦੇ ਨਾਵਾਂ ਦਾ ਸਮਰਥਨ ਕੀਤਾ ਜਾ ਰਿਹਾ ਹੈ। ਬਠਿੰਡਾ ਲੋਕ ਸਭਾ ਸੀਟ ’ਤੇ ਕਾਂਗਰਸ ਉਮੀਦਵਾਰ ਬਾਰੇ ਅਜੇ ਸਥਿਤੀ ਸਾਫ਼ ਨਹੀਂ ਹੋ ਸਕੀ ਹੈ ਪਰ ਇੰਨਾ ਤੈਅ ਹੈ ਕਿ ਕਾਂਗਰਸ ਅਕਾਲੀ ਦਲ ਦੇ ਉਮੀਦਵਾਰ ਦੇ ਮੁਕਾਬਲੇ ਮਜ਼ਬੂਤ ਉਮੀਦਵਾਰ ਚੋਣ ਮੈਦਾਨ ’ਚ ਉਤਰਾਨਾ ਚਾਹੁੰਦੀ ਹੈ।