ਚੰਡੀਗੜ੍ਹ, 19 ਅਪ੍ਰੈਲ (ਪੰਜਾਬ ਟਾਇਮਜ਼ ਬਿਊਰੋ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਅੰਮ੍ਰਿਤਸਰ ਤੋਂ ਕਾਂਗਰਸ ਦੇ ਉਮੀਦਵਾਰ ਕੈਪਟਨ ਅਮਰਿੰਦਰ ਸਿੰਘ ਨੇ ਸਾਬਤ ਕਰ ਦਿਤਾ ਹੈ ਕਿ ਉਹ ਵਿਧਾਨ ਸਭਾ ਵਿਚੋਂ ਗ਼ੈਰ-ਹਾਜ਼ਰ ਰਹਿਣ ਵਾਲਾ ਵਿਧਾਇਕ ਅਤੇ ਆਮ ਆਦਮੀ ਦੀ ਪਹੁੰਚ ਤੋਂ ਦੂਰ ਆਗੂ ਹੀ ਨਹੀਂ ਸਗੋਂ ਝੂਠਿਆਂ ਦੀ ਸਰਦਾਰ ਵੀ ਹੈ। ਇਥੇ ਜਾਰੀ ਬਿਆਨ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ, ‘‘ਬਹੁਤ ਹੈਰਾਨ ਕਰਨ ਵਾਲੀ ਗੱਲ ਹੈ ਕਿ ਕੈਪਟਨ ਹੁਣ ਇਹ ਦਾਅਵਾ ਕਰ ਰਿਹਾ ਹੈ ਕਿ ਉਹ ਕਦੇ ਵੀ ਅੰਮ੍ਰਿਤਸਰ ਤੋਂ ਚੋਣ ਲੜਨ ਤੋਂ ਇਨਕਾਰੀ ਨਹੀਂ ਸੀ ਅਤੇ ਨਾ ਹੀ ਚੋਣ ਮੈਦਾਨ ਵਿਚੋਂ ਭੱਜਣ ਦੀ ਕੋਸ਼ਿਸ਼ ਕੀਤੀ।’’ ਕੈਪਟਨ ਨੇ ਇਹ ਦਾਅਵਾ ਇਕ ਕੌਮੀ ਟੈਲੀਵਿਜ਼ਨ ਨੂੰ ਦਿਤੀ ਇੰਟਰਵਿਊ ਦੌਰਾਨ ਕੀਤਾ ਜਦਕਿ ਇੰਟਰਵਿਊ ਲੈਣ ਵਾਲਾ ਲਗਾਤਾਰ ਉਨ੍ਹਾਂ ਵਲੋਂ ਉਮੀਦਵਾਰ ਬਣਨਤੋਂ ਪਹਿਲਾਂ ਜਾਰੀ ਬਿਆਨਾਂ ਦਾ ਹਵਾਲਾ ਦੇ ਰਿਹਾ ਸੀ। ਸ. ਬਾਦਲ ਨੇ ਅੱਗੇ ਕਿਹਾ, ‘‘ਕੈਪਟਨ ਨੂੰ ਜਾਂ ਤਾਂ ਭੁੱਲਣ ਦੀ ਬਿਮਾਰੀ ਹੈ ਅਤੇ ਜਾਂ ਫਿਰ ਉਹ ਜਾਣ-ਬੁੱਝ ਕੇ ਝੂਠ ਬੋਲ ਰਿਹਾ ਹੈ। ਮੈਂ ਸਮਝਦਾ ਹਾਂ ਕਿ ਦੂਜੀ ਗੱਲ ਵਿਚ ਜ਼ਿਆਦਾ ਵਜ਼ਨ ਹੈ ਕਿਉਂਕਿ ਕੈਪਟਨ ਹਮੇਸ਼ਾ ਚੰਗੀ ਮਾਨਸਿਕ ਅਤੇ ਸਰੀਰਕ ਸਿਹਤ ਹੋਣ ਦਾ ਦਾਅਵਾ ਕਰਦਾ ਹੈ।’’ ਕਾਂਗਰਸੀ ਆਗੂ ਨੂੰ ਅੰਮ੍ਰਿਤਸਰ ਲੋਕ ਸਭਾ ਹਲਕੇ ਤੋਂ ਚੋਣ ਨਾ ਲੜਨ ਸਬੰਧੀ ਦਿਤੇ ਬਿਆਨ ਯਾਦ ਕਰਵਾਉਂਦਿਆਂ ਉਪ ਮੁੱਖ ਮੰਤਰੀ ਨੇ ਕਿਹਾ, ‘‘ਤੁਹਾਡੇ ਵਲੋਂ ਦਿਤੇ ਬਿਆਨ ਨੂੰ ਮੈਂ ਸ਼ਬਦ ਦਰ ਸ਼ਬਦ ਦੁਹਰਾਉਂਦਾ ਹਾਂ, ‘‘ਜੇ ਮੈਂ (ਕੈਪਟਨ ਅਮਰਿੰਦਰ ਸਿੰਘ) ਅੰਮ੍ਰਿਤਸਰ ਤੋਂ ਚੋਣ ਲੜਦਾ ਹਾਂ ਅਤੇ ਜਿੱਤ ਜਾਂਦਾ ਹਾਂ ਤਾਂ ਮੈਂ ਹਲਕੇ ਦੇ ਲੋਕਾਂ ਨਾਲ ਨਿਆਂ ਨਹੀਂ ਕਰ ਸਕਾਂਗਾ ਬਨਿਸਬਤ ਉਸ ਆਗੂ ਦੇ ਜੋ ਸਥਾਨਕ ਹੋਵੇ। ਇਸ ਦੇ ਨਾਲ ਹੀ ਬਾਹਰੀ ਹੋਣ ਕਾਰਨ ਮੈਂ ਅੰਮ੍ਰਿਤਸਰ ਨੂੰ ਓਨਾ ਨਹੀਂ ਜਾਣਦਾ ਜਿੰਨਾ ਕੋਈ ਸਥਾਨਕ ਆਗੂ ਸਮਝਦਾ ਹੈ। ਮੈਂ ਇਲਾਕੇ ਲੋਕਾਂ ਲਈ ਲੋੜੀਂਦਾ ਸਮਾਂ ਵੀ ਨਹੀਂ ਕੱਢ ਸਕਾਂਗਾ।’’ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕੈਪਟਨ ਨੂੰ ਸੰਬੋਧਤ ਹੁੰਦਿਆਂ ਕਿਹਾ, ‘‘ਤੂੰ ਹਮੇਸ਼ਾ ਬਹਾਦਰ ਹੋਣ ਦੀ ਸ਼ੇਖੀ ਮਾਰਦਾ ਹੈਂ ਪਰ ਹੁਣ ਅੰਮ੍ਰਿਤਸਰ ਤੋਂ ਚੋਣ ਲੜਨ ਦੇ ਮੁੱਦੇ ’ਤੇ ਆਖੀਆਂ ਗੱਲਾਂ ਮੰਨਣ ਤੋਂ ਇਨਕਾਰ ਕਰ ਕੇ ਕਾਇਰਾਂ ਵਾਂਗ ਵਰਤਾਉ ਕਿਉਂ ਕਰ ਰਿਹਾ ਹੈਂ।’’ ਸ. ਬਾਦਲ ਨੇ ਕਿਹਾ ਕਿ ਕੈਪਟਨ ਦੇ ਝੂਠ ਨੇ ਉਸ ਨੂੰ ਲੋਕਾਂ ਸਾਹਮਣੇ ਨੰਗਾ ਕਰ ਦਿਤਾ ਹੈ। ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਹਲਕੇ ਦੇ ਲੋਕ ਕੈਪਟਨ ਦੀਆਂ ਸ਼ੇਖੀਆਂ ਅਤੇ ਫ਼ੋਕੀਆਂ ਬੜਕਾਂ ਨਕਾਰ ਦੇਣਗੇ ਅਤੇ ਲਗਾਤਾਰ ਬੋਲੇ ਜਾ ਰਹੇ ਝੂਠ ’ਤੇ ਵਿਸ਼ਵਾਸ਼ ਨਹੀਂ ਕਰਨਗੇ। ਵਿਕਾਸ ਦੇ ਮੁੱਦਿਆਂ ’ਤੇ ਕੈਪਟਨ ਨੂੰ ਬਹਿਸ ਦੀ ਚੁਣੌਤੀ ਦਿੰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ, ‘‘ਮੈਂ ਕੈਪਟਨ ਅਮਰਿੰਦਰ ਸਿੰਘ ਨੂੰ ਚੁਣੌਤੀ ਦਿੰਦਾ ਹਾਂ ਕਿ ਉਹ ਅਜਿਹਾ ਇਕ ਵੱਡਾ ਪ੍ਰਾਜੈਕਟ ਗਿਣਾਵੇ ਜੋ ਮੁੱਖ ਮੰਤਰੀ ਹੁੰਦਿਆਂ ਉਹ ਅੰਮ੍ਰਿਤਸਰ ਲਈ ਲੈ ਕੇ ਆਇਆ। ਮੈਂ ਉਸ ਨੂੰ ਇਹ ਚੁਣੌਤੀ ਵੀ ਦਿੰਦਾ ਹਾਂ ਕਿ ਉਹ ਪਵਿੱਤਰ ਸ਼ਹਿਰ ਦੇ ਲੋਕਾਂ ਨੂੰ ਦੱਸੇ ਕਿ ਅੰਮ੍ਰਿਤਸਰ ਦੇ ਵਿਕਾਸ ਲਈ ਉਸ ਨੇ ਕਿਹੜਾ ਕੰਮ ਸ਼ੁਰੂ ਕੀਤਾ ਅਤੇ ਸੂਬੇ ਦਾ ਮੁੱਖ ਮੰਤਰੀ ਹੁੰਦਿਆਂ ਉਹ ਕਿੰਨੀ ਵਾਰ ਸ਼ਹਿਰ ਵਿਚ ਆਇਆ।’’ ਉਨ੍ਹਾਂ ਕਿਹਾ ਕਿ ਕੈਪਟਨ ਕਦੇ ਵੀ ਉਨ੍ਹਾਂ ਸਵਾਲਾਂ ਦੇ ਜਵਾਬ ਨਹੀਂ ਦੇਵੇਗਾ ਜੋ ਉਸ ਨੂੰ ਸੱਚ ਬੋਲਣ ਲਈ ਮਜਬੂਰ ਕਰਦੇ ਹੋਣ ਜਦਕਿ ਕਾਂਗਰਸੀ ਆਗੂ ਸਿਰਫ਼ ਝੂਠ ਦੀ ਪੰਡ ਬੰਨ੍ਹਣ ਦਾ ਮਾਹਰ ਹੈ। ਉਨ੍ਹਾਂ ਕਿਹਾ, ‘‘ਲੋਕ ਸਭ ਜਾਣਦੇ ਹਨ ਅਤੇ ਤੁਹਾਨੂੰ ਕਰਾਰਾ ਸਬਕ ਸਿਖਾਉਣਗੇ ਤਾਂ ਕਿ ਮੁੜ ਕਦੇ ਵੀ ਚੋਣ ਮੈਦਾਨ ਵਿਚ ਆਉਣ ਦੀ ਹਿੰਮਤ ਨਾ ਕਰ ਸਕੇਂ।’’
ਅਮਰਿੰਦਰ ਸਿੰਘ ਝੂਠਿਆਂ ਦਾ ਸਰਦਾਰ : ਸੁਖਬੀਰ



