ਮਾਮਲਾ ਤਰਨਤਾਰਨ ਦਰਸ਼ਨੀ ਡਿਉਢੀ ਢਾਹੁਣ ਦਾ

ਸਰਬੱਤ ਖ਼ਾਲਸਾ ਜਥੇਦਾਰ ਭਾਈ ਦਾਦੂਵਾਲ੍ਹ ਨੇ ਸ਼੍ਰੋਮਣੀ ਕਮੇਟੀ ਪ੍ਰਧਾਨ ਤੋਂ ਮੰਗਿਆ ਅਸਤੀਫਾ-ਪਰਚਾ ਦਰਜ ਕਰਨ ਦੀ ਕੀਤੀ ਮੰਗ

ਤਲਵੰਡੀ ਸਾਬੋ, 1 ਅਪ੍ਰੈਲ (ਰਾਮ ਰੇਸ਼ਮ ਨਥੇਹਾ)- ਸਰਬੱਤ ਖਾਲਸਾ ਵਲੋਂ ਥਾਪੇ ਜਥੇਦਾਰ ਸਿੰਘ ਸਾਹਿਬ ਭਾਈ ਬਲਜੀਤ ਸਿੰਘ ਦਾਦੂਵਾਲ ਨੇ ਤਰਨਤਾਰਨ ਸਾਹਿਬ ਬਾਬਾ ਜਗਤਾਰ ਸਿੰਘ ਕਾਰ ਸੇਵਾ ਵਾਲਿਆ ਵੱਲੋਂ ਢਾਹੀ ਗਈ ਇਤਿਹਾਸਿਕ ਦਰਸ਼ਨੀ ਡਿਉਢੀ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦੇ ਹੋਏ ਇਸ ਨੂੰ ਸੋਚੀ ਸਮਝੀ ਸਾਜਿਸ਼ ਕਰਾਰ ਦਿੱਤਾ ਹੈ। ਧਰਮ ਪ੍ਰਚਾਰ ਲਈ ਵਿਦੇਸ਼ ਦੌਰੇ ਤੇ ਗਏ ਸਰਬੱਤ ਖਾਲਸਾ ਵੱਲੋਂ ਤਖਤ ਸ੍ਰੀ ਦਮਦਮਾ ਸਾਹਿਬ ਦੇ ਥਾਪੇ ਜਥੇਦਾਰ ਭਾਈ ਬਲਜੀਤ ਸਿੰਘ ਖਾਲਸਾ ਦਾਦੂਵਾਲ ਨੇ ਉਕਤ ਪੱਤਰਕਾਰਾਂ ਨੂੰ ਭੇਜੇ ਪ੍ਰੈਸ ਬਿਆਨ ਰਾਹੀਂ ਕਿਹਾ ਕਿ ਇਹ ਅਚਾਨਕ ਵਾਪਰੀ ਘਟਨਾ ਨਹੀ ਬਲਕਿ ਬਹੁਤ ਸੋਚੀ ਸਮਝੀ ਸਾਜਿਸ਼ ਅਧੀਨ ਕੀਤਾ ਗਿਆ ਕਾਰਾ ਹੈ ਉਨਾਂ ਕਿਹਾ ਕਿ ਹਰ ਧਰਮ ਦੇ ਲੋਕ ਆਪਣੀਆ ਵਿਰਾਸਤਾਂ ਸੰਭਾਲ ਰਹੇ ਹਨ ਪਰ ਸਾਡੀ ਕੌਮ ਦੇ ਇਹ ਅਖੌਤੀ ਆਗੂ ਵਿਰਾਸਤਾਂ ਮਲੀਆਮੇਟ ਕਰਨ ਤੇ ਲੱਗੇ ਹੋਏ ਹਨ ਇਸ ਸਾਰੇ ਕਾਲੇ ਕਾਰਨਾਮਿਆ ਪਿੱਛੇ ਬਾਦਲ ਪਰਿਵਾਰ ਦਾ ਬਹੁਤ ਵੱਡਾ ਹੱਥ ਹੈ। ਜੋ ਸਿੱਖ ਵਿਰੋਧੀ ਏਜੰਸੀਆਂ ਦਾ ਹੱਥ ਠੋਕਾ ਬਣਕੇ ਇੱਕ ਤੋਂ ਬਾਅਦ ਇੱਕ ਵਿਰਾਸਤੀ ਚੀਜ਼ਾਂ ਨੂੰ ਖਤਮ ਕਰਨ ਤੇ ਲੱਗਾ ਹੋਇਆ ਹੈ। ਉਹਨਾਂ ਕਿਹਾ ਕਿ ਤਰਨਤਾਰਨ ਵਿੱਚ ਵਾਪਰੀ ਮੰਦਭਾਗੀ ਘਟਨਾ ਨੂੰ ਸਿਰਫ ਕਾਰ ਸੇਵਾ ਵਾਲੇ ਬਾਬਿਆਂ ਗਲ ਮੜਕੇ ਬਾਦਲਾਂ ਦੀ ਸਰਪ੍ਰਸਤੀ ਹੇਠ ਕੰਮ ਕਰਦੀ ਸ਼੍ਰੋਮਣੀ ਕਮੇਟੀ ਨੂੰ ਮੁਕਤ ਨਹੀ ਕੀਤਾ ਜਾ ਸਕਦਾ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਵਿੱਚ ਚੱਲ ਰਹੇ ਗੁਰੂਘਰਾਂ ਵਿਚ ਬਿਨਾਂ ਕਮੇਟੀ ਦੀ ਇਜ਼ਾਜਤ ਦੇ ਕਿਸੇ ਵੀ ਤਰਾਂ ਦੀ ਕੋਈ ਭੰਨਤੋੜ ਨਹੀ ਕਰ ਸਕਦਾ ਜੇ ਕੋਈ ਕਰਦਾ ਹੈ ਤਾਂ ਉਸ ਉਪਰ ਪਰਚਾ ਦਰਜ਼ ਕਰਵਾਇਆ ਜਾ ਸਕਦਾ ਹੈ ਇਸ ਘਟਨਾ ਤੇ ਕੇਵਲ ਮੈਨੇਜ਼ਰ ਨੂੰ ਮੁਅੱਤਲ ਕਰਕੇ ਕਮੇਟੀ ਦੋਸ਼ ਮੁਕਤ ਨਹੀ ਹੋ ਸਕਦੀ।ਉਨਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੂੰ ਪ੍ਰਧਾਨਗੀ ਤੋਂ ਅਸਤੀਫਾ ਦੇ ਕੇ ਕੌਮ ਤੋਂ ਮੁਆਫੀ ਮੰਗਕੇ ਡਿਉਢੀ ਨੂੰ ਮੁੜ ਸੰਭਾਲਣਾ ਚਾਹੀਦਾ ਹੈ।ਕਾਰ ਸੇਵਾ ਵਾਲੇ ਬਾਬਿਆਂ ਨੇ ਬਹੁਤ ਸ਼ਲਾਘਾਯੋਗ ਸੇਵਾਵਾਂ ਕੀਤੀਆ ਅਤੇ ਕਰ ਰਹੇ ਹਨ ਪਰ ਉਨਾਂ ਨੂੰ ਵੀ ਇਸ ਸਾਜਿਸ਼ ਦਾ ਸ਼ਿਕਾਰ ਨਹੀ ਬਨਣਾ ਚਾਹੀਦਾ ਵਿਰਾਸਤੀ ਚੀਜ਼ਾਂ ਦੀ ਸੇਵਾ ਸੰਭਾਲ ਕਰਨੀ ਚਾਹੀਦੀ ਹੈ ਇਤਿਹਾਸਕ ਚੀਜ਼ਾਂ ਨੂੰ ਖਤਮ ਨਹੀ ਕਰਨਾ ਚਾਹੀਦਾ ਨਹੀ ਤਾਂ ਸਿੱਖ ਪੰਥ ਇੰਨਾਂ ਵਿਰਾਸਤਾ ਢਾਹੁਣ ਵਾਲੇ ਬਾਬਿਆਂ ਨੂੰ ਵੀ ਮੁਆਫ ਨਹੀ ਕਰੇਗਾ ਅਤੇ ਇਨਾਂ ਦੀ ਕਾਰ ਸੇਵਾ ਨੂੰ ਮਾਰ ਜਾਂ ਧਾੜ ਸੇਵਾ ਦੇ ਰੂਪ ਵਿੱਚ ਯਾਦ ਕੀਤਾ ਜਾਵੇਗਾ।ਜਥੇਦਾਰ ਦਾਦੂਵਾਲ ਨੇ ਕਿਹਾ ਕੇ ਸਿੱਖ ਰਾਜ ਵੇਲੇ ਦੀ ਬਣੀ ਦਰਸ਼ਨੀ ਡਿਉਢੀ ਢਾਹੁਣ ਵਾਲੇ ਸਾਰੇ ਜ਼ਿੰਮੇਵਾਰ ਲੋਕਾਂ ਉਪਰ ਸਖ਼ਤ ਧਰਾਵਾਂ ਲਗਾਕੇ ਪਰਚਾ ਦਰਜ਼ ਹੋਣਾ ਚਾਹੀਦਾ ਹੈ।

Send this to a friend