ਪੰਜਾਬ ਕਾਂਗਰਸ ਦਾ ਹਾਈਕਮਾਨ ਨਾਲ ਫਸਿਆ ਪੇਚ – ਬਠਿੰਡਾ ਅਤੇ ਫ਼ਿਰੋਜ਼ਪੁਰ ਸੀਟ ਦਾ ਰੇੜਕਾ ਜਾਰੀ
ਨਵੀਂ ਦਿੱਲੀ/ਚੰਡੀਗੜ੍ਹ, 31 ਮਾਰਚ- ਕਾਂਗਰਸ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਇਸ ਵਾਰ ਲੋਕ ਸਭਾ ਚੋਣਾਂ 2 ਸੀਟਾਂ ਤੋਂ ਲੜਨਗੇ। ਉਹ ਅਮੇਠੀ ਅਤੇ ਕੇਰਲ ਦੀ ਵਾਏਨਾਡ ਲੋਕ ਸਭਾ ਸੀਟ ਤੋਂ ਲੜਨਗੇ। ਪਾਰਟੀ ਤੋਂ ਸੀਨੀਅਰ ਆਗੂ ਅਤੇ ਸਾਬਕਾ ਰਖਿਆ ਮੰਤਰੀ ਏ. ਕੇ. ਐਂਟਨੀ ਨੇ ਅਜ ਮੀਡੀਆ ਨੂੰ ਇਹ ਜਾਣਕਾਰੀ ਦਿਤੀ। ਇਸ ਮੌਕੇ ਕਾਂਗਰਸ ਦੇ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਰਾਹੁਲ ਗਾਂਧੀ ਵਲੋਂ ਦੋ ਥਾਂ ਤੋਂ ਚੋਣ ਲੜਨ ਦਾ ਕਾਰਨ ਦਸਿਆ ਅਤੇ ਕਿਹਾ ਕਿ ਅਮੇਠੀ ਰਾਹੁਲ ਗਾਂਧੀ ਦੀ ਕਰਮਭੂਮੀ ਹੈ ਉਹ ਹਮੇਸ਼ਾ ਇਥੋਂ ਚੋਣ ਲੜਦੇ ਰਹਿਣਗੇ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਕੇਰਲ ਦੀ ਵਾਏਨਾਡ ਸੀਟ ਦਖਣੀ ਭਾਰਤ ਦੇ ਤਿੰਨ ਸੂਬਿਆਂ ਤਮਿਲਨਾਡੂ, ਕਰਨਾਟਕ ਅਤੇ ਕੇਰਲ ਵਿਚ ਹੈ। ਇਸ ਲਈ ਇਥੋਂ ਚੋਣ ਲੜਕੇ ਰਾਹੁਲ ਗਾਂਧੀ ਦਖਣੀ ਭਾਰਤ ਤਿੰਨ ਸੂਬਿਆਂ ਦੀ ਪ੍ਰਤੀਨਿਧਤਾਂ ਕਰ ਪਾਉਣਗੇ। ਉਨ੍ਹਾਂ ਦਸਿਆ ਕਿ ਪਿਛਲੇ ਕਾਫੀ ਸਮੇਂ ਤੋਂ ਤਿੰਨ ਸੂਬਿਆਂ ਦੇ ਲੋਕਾਂ ਦੀ ਮੰਗ ਸੀ ਕਿ ਰਾਹੁਲ ਗਾਂਧੀ ਉਤਰ ਭਾਰਤ ਦੇ ਨਾਲ ਦਖਣ ਭਾਰਤ ਨੂੰ ਵੀ ਆਪਣੀ ਅਗਵਾਈ ਦੇਣ, ਇਸ ਲਈ ਰਾਹੁਲ ਗਾਂਧੀ ਨੇ ਕੇਰਲ ਦੇ ਵਾਏਨਾਡ ਸੀਟ ਤੋਂ ਚੋਣ ਲੜਨ ਦਾ ਫੈਸਲਾ ਕੀਤਾ।ਹੈ। ਉਧਰ ਦੂਜੇ ਪਾਸੇ ਪੰਜਾਬ ’ਚ ਆਪਣੀ ਸਰਕਾਰ ਹੋਣ ਦੇ ਬਾਵਜੂਦ ਕਾਂਗਰਸ ਆਪਣੇ ਲੋਕ ਸਭਾ ਉਮੀਦਵਾਰ ਐਲਾਨਣ ਤੋਂ ਝਿਜਕ ਰਹੀ ਹੈ। ਦਰਅਸਲ, ਪਾਰਟੀ ਦੀਆਂ ਕੇਂਦਰੀ ਤੇ ਸੂਬਾਈ ਇਕਾਈਆਂ ਵਲੋਂ ਕਰਵਾਏ ਗਏ ਸਰਵੇਖਣਾਂ ਤੋਂ ਪ੍ਰਾਪਤ ਹੋਏ ਨਤੀਜੇ ਅਜਿਹੀ ਹੀ ਸਿਫਾਰਸ਼ ਕਰਦੇ ਹਨ। ਸੂਤਰਾਂ ਮੁਤਾਬਕ ਕੇਂਦਰੀ ਸਰਵੇਖਣ ਟੀਮ ਨੇ ਪਾਰਟੀ ਨੂੰ ਸਲਾਹ ਦਿਤੀ ਹੈ ਕਿ ਹਾਲ ਦੀ ਘੜੀ ਬਠਿੰਡਾ, ਫ਼ਿਰੋਜ਼ਪੁਰ ਅਤੇ ਗੁਰਦਾਸਪੁਰ ਸੀਟਾਂ ਤੋਂ ਉਮੀਦਵਾਰਾਂ ਦੇ ਨਾਂਅ ਨਾ ਐਲਾਨੇ ਜਾਣ। ਜਦੋਂ ਤਕ ਅਕਾਲੀ ਦਲ-ਭਾਜਪਾ ਆਪਣੇ ਉਮੀਦਵਾਰਾਂ ਦਾ ਐਲਾਨ ਨਹੀਂ ਕਰਦੇ, ਉਦੋਂ ਤਕ ਕਾਂਗਰਸ ਨੂੰ ਆਪਣੇ ਉਮੀਦਵਰਾਂ ਦੇ ਨਾਂਅ ਨਹੀਂ ਜਾਰੀ ਕਰਨੇ ਚਾਹੀਦੇ। ਉਧਰ, ਪਾਰਟੀ ਦੀ ਸੂਬਾਈ ਇਕਾਈ ਦਾ ਤਰਕ ਹੈ ਕਿ ਉਮੀਦਵਾਰਾਂ ਬਾਰੇ ਸਥਿਤੀ ਜਲਦੀ ਹੀ ਸਾਫ਼ ਕੀਤੀ ਜਾਣੀ ਚਾਹੀਦੀ ਹੈ ਤਾਂ ਜੋ ਚੋਣ ਪ੍ਰਚਾਰ ਵਿਚ ਤੇਜ਼ੀ ਲਿਆਂਦੀ ਜਾ ਸਕੇ। ਬੀਤੇ ਦਿਨੀਂ ਚੰਡੀਗੜ੍ਹ ’ਚ ਹੋਈ ਪਾਰਟੀ ਦੀ ਬੈਠਕ ਵਿਚ ਕਾਂਗਰਸ ਦੇ ਮੁਖ ਸਕਤਰ ਕੇ.ਸੀ. ਵੇਣੂਗੋਪਾਲ ਨੇ ਪੰਜਾਬ ਕਾਂਗਰਸ ਦੇ ਸਰਵੇਖਣ ਨੂੰ ਖਾਰਜ ਕਰ ਦਿਤਾ ਸੀ। ਸ਼੍ਰੋਮਣੀ ਅਕਾਲੀ ਦਲ ਫ਼ਿਰੋਜ਼ਪੁਰ ਤੇ ਬਠਿੰਡਾ ਲੋਕ ਸਭਾ ਸੀਟ ਤੋਂ ਸੁਖਬੀਰ ਬਾਦਲ ਤੇ ਹਰਸਿਮਰਤ ਬਾਦਲ ਨੂੰ ਚੋਣ ਲੜਾ ਸਕਦਾ ਹੈ, ਜਦੋਂ ਕਿ ਗੁਰਦਾਸਪੁਰ ਸੀਟ ਭਾਰਤੀ ਜਨਤਾ ਪਾਰਟੀ ਦੇ ਪਾਲੇ ਵਿਚ ਹੈ। ਵਿਨੋਦ ਖੰਨਾ ਦੀ ਮੌਤ ਮਗਰੋਂ ਕਾਂਗਰਸ ਹਿਸੇ ਗਈ ਗੁਰਦਾਸਪੁਰ ਸੀਟ ਨੂੰ ਮੁੜ ਹਾਸਲ ਕਰਨ ਲਈ ਭਾਜਪਾ ਕਿਸੇ ਫ਼ਿਲਮੀ ਸਿਤਾਰੇ ਨੂੰ ਉਤਾਰਨ ਦੇ ਰੌਂਅ ਵਿਚ ਹੈ। ਉਧਰ ਕੈਪਟਨ ਅਮਰਿੰਦਰ ਸਿੰਘ ਸੁਨੀਲ ਜਾਖੜ ਨੂੰ ਉਤਾਰਨ ਲਈ ਬਜ਼ਿਦ ਹਨ। ਰੇੜਕਾ ਬਠਿੰਡਾ ਤੇ ਫ਼ਿਰੋਜ਼ਪੁਰ ਲੋਕ ਸਭਾ ਸੀਟ ਦਾ ਹੀ ਪੈ ਰਿਹਾ ਹੈ। ਪਿਛਲੇ ਦਿਨੀਂ ਅਕਾਲੀ ਦਲ ਵਲੋਂ ਫ਼ਿਰੋਜ਼ਪੁਰ ਤੇ ਮਾਨਸਾ ਵਿਚ ਕੀਤੀਆਂ 2 ਵਡੀਆਂ ਰੈਲੀਆਂ ਤੋਂ ਸੁਖਬੀਰ ਜਾਂ ਹਰਸਿਮਰਤ ਬਾਰੇ ਲੋਕਾਂ ਦੀ ਰਾਏ ਜਾਣੀ ਗਈ ਸੀ। ਪਾਰਟੀ ਹਿਤੈਸ਼ੀਆਂ ਨੇ ਬਠਿੰਡਾ ਤੋਂ ਹਰਸਿਮਰਤ ਬਾਦਲ ਲਈ ਜ਼ੋਰ ਦਿਤਾ ਸੀ। ਹੁਣ ਕਾਂਗਰਸ ਉਨ੍ਹਾਂ ਨੂੰ ਟਕਰ ਦੇਣ ਲਈ ਕੋਈ ਮਹਿਲਾ ਉਮੀਦਵਾਰ ਟੋਲ ਰਹੀ ਹੈ। ਉਧਰ, ਪਾਰਟੀ ਸੂਤਰਾਂ ਦੀ ਮੰਨੀਏ ਤਾਂ ਸੁਖਬੀਰ ਬਾਦਲ ਦੇ ਮੁਕਾਬਲੇ ਵਿਚ ਉਨ੍ਹਾਂ ਦੇ ਚਚੇਰੇ ਭਰਾ ਤੇ ਪੰਜਾਬ ਦੇ ਵਿਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੂੰ ਉਤਾਰਿਆ ਜਾਵੇ ਪਰ ਬਾਦਲ ਲੋਕ ਸਭਾ ਚੋਣ ਲੜਨ ਤੋਂ ਪੈਰ ਪਿਛਾਂਹ ਖਿਚ ਰਹੇ ਹਨ, ਜੇਕਰ ਪਾਰਟੀ ਦਾ ਹੁਕਮ ਹੋਇਆ ਤਾਂ ਉਨ੍ਹਾਂ ਨੂੰ ਪਿੜ ਵਿਚ ਉਤਰਨਾ ਹੀ ਹੋਵੇਗਾ। ਉਧਰ, ਅੰਮ੍ਰਿਤਸਰ ਲੋਕ ਸਭਾ ਸੀਟ ਤੋਂ ਡਾ. ਮਨਮੋਹਨ ਸਿੰਘ ਵਲੋਂ ਨਾਂਹ ਕਰਨ ਤੋਂ ਬਾਅਦ ਕਾਂਗਰਸ ਨਵਜੋਤ ਸਿਧੂ ਨੂੰ ਉਤਾਰਨ ਲਈ ਕਿਹ ਰਹੀ ਹੈ, ਪਰ ਮੌਜੂਦਾ ਸੰਸਦ ਮੈਂਬਰ ਗੁਰਜੀਤ ਔਜਲਾ ਆਪਣੀ ਦਾਅਵੇਦਾਰੀ ਪੇਸ਼ ਕਰ ਚੁਕੇ ਹਨ।