ਚੰਡੀਗੜ੍ਹ, 17 ਅਪ੍ਰੈਲ (ਪੰਜਾਬ ਟਾਇਮਜ਼ ਬਿਊਰੋ)-ਪੰਜਾਬ ਤੇ ਹਰਿਆਣਾ ਦੇ ਵੱਖ-ਵੱਖ ਇਲਾਕਿਆਂ ਵਿੱਚ ਪਏ ਦਰਮਿਆਨੇ ਮੀਂਹ ਨੇ ਕਿਸਾਨਾਂ ਦੀਆਂ ਚਿੰਤਾਵਾਂ ਵਧਾ ਦਿੱਤੀਆਂ ਹਨ। ਮੀਂਹ ਪੈਣ ਨਾਲ ਜਿੱਥੇ ਵਾਢੀ ਦੇ ਕੰਮ ’ਚ ਰੁਕਾਵਟ ਆ ਗਈ ਹੈ ਉੱਥੇ ਹੀ ਮੰਡੀ ਵਿੱਚ ਪਈ ਕਣਕ ਭਿੱਜ ਗਈ। ਵਪਾਰੀਆਂ ਵੱਲੋਂ ਪਹਿਲਾਂ ਹੀ ਕਣਕ ਵਿੱਚ ਨਮੀ ਦੱਸ ਕੇ ਖਰੀਦ ਨਹੀਂ ਕੀਤੀ ਜਾ ਰਹੀ ਸੀ ਅਤੇ ਹੁਣ ਮੀਂਹ ਪੈਣ ਨਾਲ ਉਨ੍ਹਾਂ ਦੀਆਂ ਮੁਸੀਬਤਾਂ ਵਿੱਚ ਹੋਰ ਵਾਧਾ ਹੋ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ ਇਨ੍ਹਾਂ ਸੂਬਿਆਂ ਵਿਚ ਪਿਛਲੇ ਦਿਨੀਂ ਤੇਜ਼ ਗਰਜ ਨਾਲ ਦਰਮਿਆਨਾ ਮੀਂਹ ਪਿਆ। ਮੀਂਹ ਪੈਣ ਨਾਲ ਕਣਕ ਦੀ ਵਾਢੀ ਦਾ ਕੰਮ ਪ੍ਰਭਾਵਿਤ ਹੋਇਆ ਹੈ। ਕੰਬਾਈਨਾਂ ਰੁਕ ਗਈਆਂ ਅਤੇ ਤੂੜੀ ਬਣਾਉਣ ਦਾ ਕੰਮ ਬੰਦ ਹੋ ਗਿਆ ਹੈ। ਵਾਢੀ ਦਾ
ਕੰਮ ਪਛੜ ਗਿਆ ਹੈ ਜਿਸ ਦੇ ਕਾਰਨ ਕਿਸਾਨ ਬਹੁਤ ਚਿੰਤਤ ਹਨ। ਜ਼ਿਕਰਯੋਗ ਹੈ ਕਿ ਕਣਕ ਦੀ ਫਸਲ ਪੱਕ ਕੇ ਤਿਆਰ ਹੋ ਚੁੱਕੀ ਹੈ ਅਤੇ ਪਿਛਲੇ ਹਫ਼ਤੇ ਤੋਂ ਕਣਕ ਦੀ ਵਾਢੀ ਜ਼ੋਰਾਂ-ਸ਼ੋਰਾਂ ਨਾਲ ਕੀਤੀ ਜਾ ਰਹੀ ਹੈ, ਪਰ ਵਿਚ-ਵਿਚਾਲੇ ਕਾਲੀਆਂ ਘਟਾਵਾਂ ਅਤੇ ਬਾਰਿਸ਼ ਕਾਰਨ ਕਣਕ ਦੀ ਕਟਾਈ ਦੇ ਕੰਮ ਵਿਚ ਰੁਕਾਵਟ ਆ ਰਹੀ ਹੈ। ਇਸ ਤੋਂ ਇਲਾਵਾ ਕਈ ਥਾਈਂ ਕਣਕ ਮੰਡੀਆਂ ਵਿਚ ਵੀ ਪਹੁੰਚ ਚੁੱਕੀ ਹੈ।



