ਇਸਲਾਮਾਬਾਦ, 26 ਮਾਰਚ (ਪੰਜਾਬ ਟਾਇਮਜ਼ ਬਿਊਰੋ)- ਪਾਕਿਸਤਾਨ ਦੇ ਸੁਪਰੀਮ ਕੋਰਟ ਨੇ ਅਜ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਨੂੰ ਮੈਡੀਕਲ ਆਧਾਰ ’ਤੇ 6 ਹਫ਼ਤਿਆਂ ਦੀ ਜ਼ਮਾਨਤ ਦਿੰਦਿਆਂ ਉਨ੍ਹਾਂ ਦੀ ਰਿਹਾਈ ਦੇ ਹੁਕਮ ਦਿਤੇ ਹਨ।ਸ਼ਰੀਫ਼ ਅਲ ਅਜ਼ੀਜ਼ੀਆ ਭ੍ਰਿਸ਼ਟਾਚਾਰ ਮਾਮਲੇ ’ਚ ਜਵਾਬਦੇਹੀ ਅਦਾਲਤ ਵਲੋਂ ਸੁਣਾਈ ਗਈ 7 ਸਾਲ ਦੀ ਜੇਲ੍ਹ ਦੀ ਸਜ਼ਾ ਕਟ ਰਹੇ ਹਨ। ਚੀਫ਼ ਜਸਟਿਸ ਆਸਿਫ਼ ਸਈਦ ਖੋਸਾ ਦੀ ਪ੍ਰਧਾਨਗੀ ਵਾਲੇ ਤਿੰਨ ਮੈਂਬਰੀ ਬੈਂਚ ਨੇ ਇਸਲਾਮਾਬਾਦ ਹਾਈਕੋਰਟ ਦੇ ਫ਼ੈਸਲੇ ਵਿਰੁਧ ਪਟੀਸ਼ਨ ’ਤੇ ਸੁਣਵਾਈ ਕੀਤੀ, ਜਿਸ ਵਿਚ ਇਕ ਰਿਪੋਰਟ ਦੇ ਆਧਾਰ ’ਤੇ ਅਦਾਲਤ ਨੇ ਮੈਡੀਕਲ ਅਧਾਰ ’ਤੇ ਉਨ੍ਹਾਂ ਨੂੰ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿਤਾ ਸੀ। ਸੁਪਰੀਮ ਕੋਰਟ ਨੇ ਅਜ ਸੁਣਵਾਈ ਕਰਦਿਆਂ ਨਵਾਜ਼ ਨੂੰ ਪਾਕਿਸਤਾਨ ਦੇ ਅੰਦਰ ਇਲਾਜ ਲਈ 6 ਹਫ਼ਤਿਆਂ ਦੀ ਜ਼ਮਾਨਤ ਦੇਣ ਦੇ ਨਿਰਦੇਸ਼ ਦਿਤੇ ਹਨ।ਚੀਫ਼ ਜਸਟਿਸ ਨੇ ਕਿਹਾ ਕਿ ਨਵਾਜ਼ ਨੂੰ ਦੇਸ਼ ਛਡਣ ਦੀ ਇਜਾਜ਼ਤ ਨਹੀਂ ਦਿਤੀ ਜਾਵੇਗੀ।ਦਸ ਦਈਏ ਕਿ ਸੁਣਵਾਈ ਦੌਰਾਨ ਨਵਾਜ਼ ਦੇ ਵਕੀਲ ਖ਼ਵਾਜਾ ਹਾਰਿਸ ਨੇ ਅਦਾਲਤ ਕੋਲ 8 ਹਫ਼ਤਿਆਂ ਤਕ ਜ਼ਮਾਨਤ ਦੀ ਮੰਗ ਕੀਤੀ ਸੀ ਪਰ ਅਦਾਲਤ ਨੇ 6 ਹਫ਼ਤਿਆਂ ਦਾ ਹੀ ਹੁਕਮ ਦਿਤਾ ਹੈ।