ਬਠਿੰਡਾ, 26 ਮਾਰਚ, (ਗੁਰਮੀਤ ਸੇਮਾ, ਮਨਪ੍ਰੀਤ ਗਿੱਲ, ਸੁਖਵਿੰਦਰ ਸਰਾ)- ਨੂਰਮਹਿਲ ਵਾਲੇ ਆਸੂਤੋਸ ਦੇ ਗਰੁਪ ਦਿਵਿਆ ਜੋਤੀ ਵਲੋਂ ਗੁਰਬਾਣੀ ਦੇ ਨਾਂਅ ’ਤੇ ਸਿਖ ਸਿਧਾਂਤਾਂ ਨਾਲ ਖਿਲਵਾੜ ਕਰਨ ਵਿਰੁਧ ਬਠਿੰਡਾ ਇਲਾਕੇ ਵਿਚ ਸਮਾਗਮ ਕਰਵਾਉਣ ਦਾ ਸਿਖ ਸੰਗਤਾਂ ਨੇ ਵਿਰੋਧ ਕਰਦਿਆ ਐਸ. ਐਸ. ਪੀ. ਬਠਿੰਡਾ ਕੋਲ ਸਿਕਾਇਤ ਕੀਤੀ।ਬਠਿੰਡਾ ਵਿਚ ਸਿਖ ਸੰਗਤਾਂ ਨੇ ਐਸ. ਐਸ. ਪੀ. ਡਾ. ਨਾਨਕ ਸਿੰਘ ਨੂੰ ਇਕ ਲਿਖਤੀ ਸਿਕਾਇਤ ਵਿਚ ਕਿਹਾ ਕਿ ਨੂਰਮਹਿਲ ਵਾਲੇ ਆਸੂਤੋਸ ਦੇ ਚੇਲੇ ਪੰਜਾਬ ਦੇ ਮਾਹੌਲ ਨੂੰ ਇਕ ਸ਼ਾਜਿਸ ਤਹਿਤ ਖ਼ਰਾਬ ਕਰ ਰਹੇ ਹਨ। ਦਲ ਖ਼ਾਲਸਾ ਦੇ ਸੀਨੀਅਰ ਮੀਤ ਪ੍ਰਧਾਨ ਬਾਬਾ ਹਰਦੀਪ ਸਿੰਘ ਮਹਿਰਾਜ, ਕੇਂਦਰੀ ਕਮੇਟੀ ਗੁਰਵਿੰਦਰ ਸਿੰਘ ਬਠਿੰਡਾ, ਸਿਖ ਯੂਥ ਆਫ ਪੰਜਾਬ ਦੇ ਆਗੂ ਭਾਈ ਹਰਪ੍ਰੀਤ ਸਿੰਘ ਖਾਲਸਾ, ਅਰਸ਼ਦੀਪ ਸਿੰਘ ਤੋਂ ਇਲਾਵਾ ਪਰਨਜੀਤ ਸਿੰਘ ਜਗੀ ਕੋਟ ਫ਼ਤਾ, ਪਾਲਾ ਸਿੰਘ ਬਾਬਾ ਆਦਿ ਵਲੋਂ ਐਸ. ਐਸ. ਪੀ. ਬਠਿੰਡਾ ਨੂੰ ਇਕ ਲਿਖਤੀ ਸਿਕਾਇਤ ਵਿਚ ਦਸਿਆ ਗਿਆ ਕਿ ਮੌੜ ਨਜ਼ਦੀਕ ਪਿੰਡ ਰਾਮ ਨਗਰ ਦੇ ਸਰਕਾਰੀ ਸਕੂਲ ਵਿਚ ਇਕ ਤਿੰਨ ਦਿਨਾਂ 28 ਤੋਂ 30 ਮਾਰਚ ਤਕ ਕਰਵਾਏ ਜਾ ਰਹੇ ਸਮਾਗਮ ਵਿਚ ਸਿਖੀ ਸਿਧਾਂਤਾਂ ਵਿਰੁਧ ਮਨ ਘੜਤ ਕਹਾਣੀਆਂ ਸੁਣਾਈਆਂ ਜਾਣੀਆਂ ਹਨ, ਜਿਸ ਕਰਕੇ ਇਸ ਸਮਾਗਮ ‘ਤੇ ਤੁਰੰਤ ਪਾਬੰਦੀ ਲਾਈ ਜਾਵੇ। ਵਫ਼ਦ ਨੇ ਕਿਹਾ ਕਿ ਆਸੂਤੋਸ ਗਰੁਪ ਵਲੋਂ ਪੰਜਾਬ ਵਿਚ ਡੇਰਾਵਾਦ ਪ੍ਰਫੁਲਤ ਕਰਕੇ ਸਿਖ ਸਿਧਾਂਤਾਂ ਨੂੰ ਢਾਅ ਲਾਉਣ ਲਈ ਗੁਰਮਤਿ ਵਿਰੋਧੀ ਕੂੜ ਪ੍ਰਚਾਰ ਨੂੰ ਗੁਰਬਾਣੀ ਨਾਲ ਜੋੜ ਕੇ ਇਸ ਦੀ ਬੇਅਦਬੀ ਕੀਤੀ ਜਾ ਰਹੀ ਹੈ। ਜਿਸ ਕਰਕੇ ਆਸੂਤੋਸ ਦੇ ਚੇਲਿਆਂ ਵਿਰੁਧ ਕਾਰਵਾਈ ਕੀਤੀ ਜਾਵੇ, ਤਾਂ ਕਿ ਪੰਜਾਬ ਦਾ ਮਾਹੌਲ ਅਮਨ ਸ਼ਾਂਤੀ ਭਰਭੂਰ ਰਹੇ।’