ਮਾਨਸਾ, 17 ਅਪ੍ਰੈਲ (ਜੀਵਨ ਭੈਣੀ ਬਾਘਾ, ਜਸਵੰਤ ਮਾਨ)-ਭਾਰਤੀ ਕਿਸਾਨ ਯੂਨੀਅਨ ਏਕਤਾ ਡਕੋਦਾ ਵੱਲੋਂ ਕਿਸਾਨਾਂ ਨਾਲ ਕੀਤੀ ਗਈ ਧੋਖਾਧੜੀ ਦੇ ਖਿਲਾਫ ਬੈਂਕ ਦੇ ਅੱਗੇ ਬਲਾਕ ਮਾਨਸਾ ਵੱਲੋਂ ਸੈਂਕੜੇ ਵਰਕਰ ਕਿਸਾਨ ਔਰਤਾਂ ਸਮੇਤ ਮੁਜ਼ਹਾਰਾ ਕਰਕੇ ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ ਲਿਮਟਿਡ ਮਾਨਸਾ ਅੱਗੇ ਧਰਨਾ ਦਿੱਤਾ ਗਿਆ। ਕੜਕਦੀ ਧੁੱਪ ਵਿੱਚ ਕਿਸਾਨਾਂ ਨੇ ਧਰਨਾ ਦੇ ਕੇ ਮੰਗ ਕੀਤੀ ਕਿ ਪਿਛਲੇ ਸਮੇਂ ਦੌਰਾਨ ਬੈਂਕ ਮੈਨੇਜਰ ਨੇ ਕਿਸਾਨ ਕੋਲੋਂ ਯਕਮੁਸ਼ਤ ਤੌਰ ’ਤੇ ਕਰਜ਼ਾ ਭਰਵਾਇਆ ਗਿਆ। ਜੱਥੇਬੰਦੀ ਜ਼ਿਲ੍ਹਾ ਮਾਨਸਾ ਦੇ ਪ੍ਰਧਾਨ ਮਹਿੰਦਰ ਸਿੰਘ ਦਿਆਲਪੂਰਾ ਨੇ ਧਰਨੇ ਦਾ ਸਬੋਧਨ ਕਰਦੇ ਹੋਏ ਕਿਹਾ ਕਿ ਕਿਸਾਨਾਂ ਨੇ ਔਖੇ-ਸੌਖੇ ਹੋ ਕੇ ਕਰਜ਼ਾ ਭਰ ਦਿੱਤਾ ਸੀ ਪਰ ਕਿਸਾਨਾ ਨੂੰ ਬੈਂਕ ਮੈਨੇਜਰ ਦੀ ਧੋਖਾਧੜੀ ਦਾ ਉਦੋਂ ਪਤਾ ਲੱਗਾ ਜਦੋਂ ਕਿਸਾਨਾਂ ਵੱਲੋਂ ਵਾਰ-ਵਾਰ ਗੇੜੇ ਮਾਰਨ ਉਪਰੰਤ ਵੀ ਕਲੀਅਰ ਸਰਟੀਫਿਕੇਟ ਨਹੀਂ ਦਿੱਤੇ ਪਰ ਕਿਸਾਨ ਜੱਥੇਬੰਦੀ ਵੱਲੋਂ ਲਾਰਿਆਂ ਤੋਂ ਅੱਕ ਕੇ ਅੱਜ ਧਰਨਾ ਦੇਣਾ ਪਿਆ।
ਧਰਨੇ ਨੂੰ ਸਬੋਧਨ ਕਰਦੇ ਹੋਏ ਬਲਾਕ ਮਾਨਸਾ ਦੇ ਪ੍ਰਧਾਨ ਮਹਿੰਦਰ ਸਿੰਘ ਭੈਣੀ ਬਾਘਾ ਚੇਤਵਾਨੀ ਦਿੰਦੇ ਹੋਏ ਕਿਹਾ ਕਿ ਜੇਕਰ ਕਿਸਾਨਾਂ ਨੂੰ ਛੇਤੀ ਹੀ ਕਲੀਅਰ ਸਰਟੀਫਿਕੇਟ ਨਾ ਦਿੱਤੇ ਗਏ ਤਾਂ ਆਉਣ ਵਾਲੇ ਸਮੇਂ ਵਿੱਚ ਸੰਘਰਸ਼ ਹੋਰ ਵੀ ਤੇਜ਼ ਕੀਤਾ ਜਾਵੇਗਾ। ਬਾਅਦ ਵਿੱਚ ਬੈਂਕ ਅਧਿਕਾਰੀਆਂ ਅਤੇ ਮਾਨਸਾ ਦੇ ਤਹਿਸੀਲਦਾਰ ਵੱਲੋਂ ਭਰੋਸਾ ਦਿੱਤਾ ਗਿਆ ਕਿ ਛੇਤੀ ਹੀ ਕਿਸਾਨਾ ਨੂੰ ਕਲੀਅਰ ਸਰਟੀਫਿਕੇਟ ਦੇ ਦਿੱਤੇ ਜਾਣਗੇ ਅਤੇ ਇਸ ਧਰਨੇ ਵਿੱਚ ਹੋਰਨਾਂ ਤੋਂ ਇਲਾਵਾ ਮਾਨਸਾ ਬਲਾਕ ਦੇ ਜਰਨਲ ਸੱਕਤਰ ਬਲਵਿੰਦਰ ਖਿਆਲਾ, ਵਿੱਤ ਸਕੱਤਰ ਲਾਲ ਸਿੰਘ ਖਿਆਲਾ, ਬਲਾਕ ਬੁਢਲਾਡਾ ਦੇ ਪ੍ਰਧਾਨ ਲਛਮਣ ਸਿੰਘ ਚੱਕ ਅੱਲੀਸ਼ੇਰ, ਭੀਖੀ ਬਲਾਕ ਦੇ ਪ੍ਰਧਾਨ ਰੂਪ ਸਿੰਘ ਅਨੂਪਗੜ੍ਹ, ਜਰਨਲ ਸਕੱਤਰ ਰਾਜ ਸਿੰਘ ਅਕਲੀਆ, ਮਹਿੰਦਰ ਸਿੰਘ ਕੂਲਰੀਆਂ ਅਤੇ ਇਕਬਾਲ ਸਿੰਘ ਮਾਨਸਾ ਆਦਿ ਨੇ ਧਰਨੇ ਨੂੰ ਸਬੋਧਨ ਕੀਤਾ।



