ਨੰਗਲ/ਸ੍ਰੀ ਅਨੰਦਪੁਰ ਸਾਹਿਬ, 17 ਅਪ੍ਰੈਲ (ਦਵਿੰਦਰ ਪਾਲ ਸਿੰਘ, ਅੰਕੁਸ਼ ਕੁਮਾਰ)-ਪੰਜਾਬ ਦੇ ਉਪ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਇਥੇ ਕਿਹਾ ਹੈ ਕਿ ਇਹ ਲੋਕ ਸਭਾ ਚੋਣ ਕਾਂਗਰਸ ਦੇ ਕੱਫਨ ’ਚ ਆਖਰੀ ਕਿੱਲ ਸਾਬਤ ਹੋਵੇਗੀ ਅਤੇ ਪੰਜਾਬ ਨਾਲ ਕੀਤੇ ਗਏ ਧੱਕਿਆਂ ਤੇ ਵਿਤਕਰਿਆਂ ਕਾਰਨ ਇਹ ਇਸ ਸਰਹੱਦੀ ਸੂਬੇ ਵਿਚੋਂ ਸਦਾ ਲਈ ਖਤਮ ਹੋ ਜਾਵੇਗੀ। ਮੁਲਕ ਦੀ ਸਭ ਤੋਂ ਪੁਰਾਣੀ ਸਿਆਸੀ ਪਾਰਟੀ ਦੇ ਖਾਤਮੇ ਨਾਲ ਪੰਜਾਬ ਵਿਚ ਖੁਸ਼ਹਾਲੀ ਅਤੇ ਵਿਕਾਸ ਦਾ ਨਵਾਂ ਦੌਰ ਸ਼ੁਰੂ ਹੋਵੇਗਾ।
ਆਨੰਦਪੁਰ ਸਾਹਿਬ ਲੋਕ ਸਭਾ ਹਲਕੇ ਤੋਂ ਅਕਾਲੀ-ਭਾਜਪਾ ਗਠਜੋੜ ਦੇ ਉਮੀਦਵਾਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਦੇ ਹੱਕ ਵਿਚ ਅੱਜ ਮੋਰਿੰਡਾ ਅਤੇ ਨੰਗਲ ਵਿਚ ਹੋਈਆਂ ਭਰਵੀਂਆਂ ਚੋਣ ਰੈਲੀਆਂ ਨੂੰ ਸੰਬੋਧਨ ਕਰਦਿਆਂ ਸ. ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਕਾਂਗਰਸ ਉਸ ਸੂਬੇ ’ਚ ਮੁੜ ਸੱਤਾ ਵਿਚ ਨਹੀਂ ਆਈ ਜਿਥੇ ਉਹ ਲਗਾਤਾਰ ਦੋ ਵਿਧਾਨ ਸਭਾ ਚੋਣਾਂ ਹਾਰੀ ਹੋਵੇ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਪਿਛਲੀਆਂ ਦੋ ਵਿਧਾਨ ਸਭਾ ਚੋਣਾਂ ਲਗਾਤਾਰ ਹਾਰ ਜਾਣ ਕਾਰਨ ਇਹ ਉਤਰ ਪ੍ਰਦੇਸ਼ ਅਤੇ ਬਿਹਾਰ ਦੀ ਤਰ੍ਹਾਂ ਇਥੇ ਵੀ ਮੁੜ ਕਦੇ ਸੱਤਾ ਵਿਚ ਨਹੀਂ ਆ ਸਕਦੀ। ਸ. ਬਾਦਲ ਨੇ ਕਿਹਾ ਕਿ ਕਾਂਗਰਸ ਨੇ ਪੰਜਾਬ ਵਿਚ ਆਪਣੀਆਂ ਕਥਿਤ ਵੱਡੀਆਂ ਤੋਪਾਂ ਝੋਕ ਕੇ ਇਨ੍ਹਾਂ ਚੋਣਾਂ ਵਿਚ ਆਖਰੀ ਦਾਅ ਖੇਡਿਆ ਹੈ, ਪਰ ਇਹ ਸਾਰੀਆਂ ਤੋਪਾਂ ਚੱਲਣ ਵਾਲੀਆਂ ਨਹੀਂ ਸਗੋਂ ਮਹਾਰਾਜਾ ਰਣਜੀਤ ਸਿੰਘ ਦੇ ਦੌਰ ਦੀਆਂ ਕੰਡਮ ਹੋਈਆਂ ਉਹ ਤੋਪਾਂ ਹਨ ਜਿਹੜੀਆਂ ਅਕਸਰ ਹੀ ਪੁਰਾਣੇ ਕਿਲਿਆਂ ਦੇ ਮੂਹਰੇ ਰੱਖੀਆਂ ਦੇਖੀਆਂ ਜਾ ਸਕਦੀਆਂ ਹਨ। ਇਹ ਤੋਪਾਂ ਦੇਖਣ ਨੂੰ ਤਾਂ ਚੰਗੀਆਂ ਹਨ ਪਰ ਇਹ ਗੋਲਾ ਦਾਗਣ ਜੋਗੀਆਂ ਨਹੀਂ ਰਹੀਆਂ। ਉਨ੍ਹਾਂ ਇਸ ਸਬੰਧੀ ਅਮਰਿੰਦਰ ਸਿੰਘ, ਅੰਬਿਕਾ ਸੋਨੀ, ਸੁਨੀਲ ਜਾਖੜ, ਪ੍ਰਨੀਤ ਕੌਰ ਅਤੇ ਪ੍ਰਤਾਪ ਸਿੰਘ ਬਾਜਵਾ ਦਾ ਨਾਂ ਲਿਆ। ਸ. ਬਾਦਲ ਨੇ ਕਿਹਾ ਕਿ ਕਾਂਗਰਸ ਦੇ ਖਾਤਮੇ ਲਈ ਆਪਣੇ ਆਪ ਵਿਚ ਇਹੀ ਤੱਥ ਕਾਫ਼ੀ ਹੈ ਕਿ ਇਹ ਆਗੂ ਇਕ ਦੂਜੇ ਨੂੰ ਹਰਾਉਣ ਲਈ ਹਰ ਹਰਬਾ ਵਰਤ ਰਹੇ ਹਨ। ਉਨ੍ਹਾਂ ਇਹ ਵੀ ਕਿਹਾ ਕਿ 30 ਅਪ੍ਰੈਲ ਨੂੰ ਕਾਂਗਰਸ ਦਾ ਸਸਕਾਰ ਹੋ ਜਾਵੇਗਾ ਅਤੇ ਇਸਦਾ ਭੋਗ 16 ਮਈ ਨੁੰ ਪੈ ਜਾਵੇਗਾ। ਸ. ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪੰਜਾਬ ਵਿਚੋਂ ਚੁਣੇ ਗਏ ਅਕਾਲੀ-ਭਾਜਪਾ ਦੇ ਉਮੀਦਵਾਰਾਂ ਨੂੰ ਦਿੱਲੀ ਵਿਚ ਨਰਿੰਦਰ ਮੋਦੀ ਦੀ ਅਗਵਾਈ ’ਚ ਬਣਨ ਵਾਲੀ ਸਰਕਾਰ ਨੂੰ ਅਹਿਮ ਜ਼ਿੰਮੇਵਾਰੀਆਂ ਦਿੱਤੀਆਂ ਜਾਣਗੀਆਂ। ਸ. ਬਾਦਲ ਨੇ ਕਿਹਾ ਕਿ ਮੁਲਕ ਦੇ ਨਵੇਂ ਬਣ ਰਹੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੇ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨਾਲ ਬਹੁਤ ਹੀ ਨਿੱਘੇ ਸਬੰਧ ਹਨ, ਇਸ ਲਈ ਸ੍ਰੀ ਮੋਦੀ ਕਾਂਗਰਸ ਵਲੋਂ ਪੰਜਾਬ ਨਾਲ ਕੀਤੀ ਜਾਂਦੀ ਵਿਤਕਰੇਬਾਜ਼ੀ ਖਤਮ ਕਰਕੇ ਇਸ ਨੂੰ ਖੁੱਲ੍ਹੇ ਦਿਲ ਨਾਲ ਸਹਾਇਤਾ ਦੇਵੇਗੀ। ਉਨ੍ਹਾਂ ਕਿਹਾ ਕਿ ਸਭ ਤੋਂ ਪਹਿਲਾ ਫੈਸਲਾ ਪੰਜਾਬ ਨੂੰ ਪਹਾੜੀ ਸੂਬਿਆਂ ਦੀ ਤਰਜ ’ਤੇ ਸਨਅਤੀ ਰਿਆਇਤਾਂ ਦੇਣ ਦਾ ਕੀਤਾ ਜਾਵੇਗਾ, ਜਿਸ ਨਾਲ ਪੰਜਾਬ ਵਿਚ ਨਵੀਂ ਇੰਡਸਟਰੀ ਲੱਗੇਗੀ ਅਤੇ ਵੱਡੀ ਗਿਣਤੀ ਵਿਚ ਨੌਜਵਾਨਾਂ ਨੂੰ ਰੁਜ਼ਗਾਰ ਮਿਲੇਗਾ। ਸ. ਬਾਦਲ ਨੇ ਇਸ ਹਲਕੇ ਤੋਂ ਪ੍ਰੋ. ਚੰਦੂਮਾਜਰਾ ਨੂੰ ਜਿਤਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਉਹ ਇਕ ਸੁਲਝੇ ਹੋਏ ਪਾਰਲੀਮੈਂਟੇਰੀਅਨ ਹਨ ਅਤੇ ਪੰਜਾਬ ਅਤੇ ਇਸ ਹਲਕੇ ਲਈ ਕੇਂਦਰ ਤੋਂ ਵਿਸ਼ੇਸ਼ ਪ੍ਰੋਜੈਕਟ ਲਿਆਉਣ ਦੇ ਸਮਰੱਥ ਹਨ। ਹਲਕੇ ਦੇ ਉਮੀਦਵਾਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਆਪਣੇ ਵੋਟਰਾਂ ਨੂੰ ਵਿਸ਼ਵਾਸ਼ ਦਿਵਾਇਆ ਕਿ ਉਹ ਉਨ੍ਹਾਂ ਦੀਆਂ ਇਛਾਵਾਂ ਅਤੇ ਉਮੰਗਾਂ ’ਤੇ ਹਰ ਤਰੀਕੇ ਨਾਲ ਖਰੇ ਉਤਰਨਗੇ। ਉਨ੍ਹਾਂ ਕਿਹਾ ਕਿ ਇਸ ਹਲਕੇ ਤੋਂ ਕਾਂਗਰਸੀ ਉਮੀਦਵਾਰ ਬੀਬੀ ਅੰਬਿਕਾ ਸੋਨੀ ਪਹਿਲਾਂ ਲੜੀਆਂ ਦੋ ਲੋਕ ਸਭਾ ਚੋਣਾਂ ਵਿਚ ਆਪਣੀ ਜ਼ਮਾਨਤ ਜਬਤ ਕਰਵਾ ਚੁੱਕੀ ਹੈ ਜਦੋਂ ਕਿ ਉਹ ਦੋ ਚੋਣਾਂ ਜਿੱਤ ਕੇ ਪਾਰਲੀਮੈਂਟ ਮੈਂਬਰ ਬਣੇ ਸਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ 1998 ਦੀ ਲੋਕ ਸਭਾ ਚੋਣ ਵਿਚ ਕਾਂਗਰਸ ਦੇ ਵੱਡੇ ਸਮਝੇ ਜਾਂਦੇ ਆਗੂ ਕੈਪਟਨ ਅਮਰਿੰਦਰ ਸਿੰਘ ਨੂੰ ਵੱਡੇ ਫਰਕ ਨਾਲ ਹਰਾਇਆ ਸੀ। ਇਨ੍ਹਾਂ ਰੈਲੀਆਂ ਨੂੰ ਹੋਰਨਾਂ ਤੋਂ ਇਲਾਵਾ ਪੰਜਾਬ ਦੇ ਕੈਬਨਿਟ ਵਜ਼ੀਰ ਸ੍ਰੀ ਮਦਨ ਮੋਹਨ ਮਿੱਤਲ, ਵਿਧਾਇਕ ਡਾ. ਦਲਜੀਤ ਸਿੰਘ ਚੀਮਾ, ਜਥੇਦਾਰ ਉਜਾਗਰ ਸਿੰਘ ਬਡਾਲੀ, ਸਾਬਕਾ ਮੰਤਰੀ ਬੀਬੀ ਸਤਵੰਤ ਕੌਰ ਸੰਧੂ ਅਤੇ ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਖਾਲਸਾ ਨੇ ਵੀ ਸੰਬੋਧਨ ਕੀਤਾ।



