ਮਾਲਵੇ ਦੇ ਥਾਮਸ ਹਾਰਡੀ ਰਾਮ ਸਰੂਪ ਅਣਖੀ

ਬਰਨਾਲੇ ਰਾਮ ਸਰੂਪ ਅਣਖੀ ਦੀ ਸ਼ੋਕ ਸਭਾ ਦੌਰਾਨ ਪੰਜਾਬੀ ਦੇ ਸਥਾਪਤ ਲੇਖਕ ਮਨਮੋਹਨ ਬਾਵਾ ਨੇ ਆਪਣੇ ਵਿਚਾਰ ਰਾਮ ਸਰੂਪ ਅਣਖੀ ਬਾਰੇ ਰੱਖਦਿਆਂ ਕਿਹਾ ਕਿ ਮੈਂ ਉਨ੍ਹਾਂ ਨੂੰ ਮਾਲਵੇ ਦਾ ਥਾਮਸ ਹਾਰਡੀ ਮੰਨਦਾ ਹਾਂ। ਸਮਾਂ ਬੀਤਦਾ ਗਿਆ ਮੇਰੇ ਕੰਨੀਂ ਇਹ ਗੱਲ ਪੈ ਗਈ ਤਾਂ ਮੈਂ ਥਾਮਸ ਹਾਰਡੀ ਨੂੰ ਪੜ੍ਹਣਾ ਸ਼ੁਰੂ ਕਰ ਦਿੱਤਾ। ਕਿਉਂ ਕਿ ਰਾਮ ਸਰੂਪ ਅਣਖੀ ਤਾਂ ਸਾਹਿੱਤ ਦੇ ਨਾਲ ਨਾਲ ਸਾਡੇ ਪਿੰਡ ਦਾ ਬੰਦਾ ਹੋਣ ਕਰ ਕੇ ਪਹਿਲਾਂ ਹੀ ਮੈਂ ਉਨ੍ਹਾਂ ਦੀ ਰਚਨਾਵਾਂ ਨੂੰ ਇੱਕ ਵਾਰ ਨਹੀਂ ਕਈ ਵਾਰ ਪੜ੍ਹ ਬੈਠਾ ਸੀ। ਥਾਮਸ ਹਾਰਡੀ ਦਾ ਜਨਮ ਭਾਵੇਂ ਇੰਗਲੈਂਡ ਦੇ ਇੱਕ ਪਿੰਡ ਬੌਖੈਂਪਟਨ ਵਿਚ 2 ਜੂਨ 1840 ਈਸਵੀਂ ਨੂੰ ਹੋਇਆ। ਉਹ ਅੰਗਰੇਜ਼ੀ ਭਾਸ਼ਾ ਦਾ ਬਹੁਤ ਵੱਡਾ ਲੇਖਕ ਰਿਹਾ ਹੈ। ਉਸ ਦੀ ਰਚਨਾ ਦਾ ਕਾਲ ਲਗਭਗ ਪੰਜਾਹ ਸਾਲਾਂ ਤੱਕ ਫੈਲਿਆ ਹੋਇਆ ਹੈ। ਉਸ ਨੇ ਨਾਵਲ ਲਿਖੇ। ਅੰਡਰ ਗਰੀਨਵੁੱਡ ਟਰੀ, ਫ਼ਾਰ ਫਰੋਮ ਦਾ ਮੈਡਿੰਗ ਕਰਾਊਡ, ਦ ਰਿਟਰਨ ਆਫ਼ ਦਾ ਕੇਟਿਵ, ਦ ਮੇਅਰ ਆਫ਼ ਦਾ ਕਾਸਟਰਬ੍ਰਿਜ, ਦ ਵੁਡਲੈਂਡਰਜ, ਟੈਲ ਆਫ਼ ਦਾ ਡੀਉਰਬਰਟਿਲਜ਼, ਜਿਉਡ ਦਾ ਓਬਸਕਿਓਰ ਆਦਿ ਚਰਚਿਤ ਨਾਵਲ ਹਨ।
ਇਸੇ ਨਾਵਲਾਂ ਵਿਚੋਂ ਹਾਰਡੀ ਦਾ ਨਾਵਲ ਟੈਲ ਆਫ਼ ਦਾ ਡੀਉਰਬਰਟਿਲਜ਼ (1891) ਨਾਰੀ ਚੇਤਨਾ ਅਤੇ ਪ੍ਰੇਮ ਦੇ ਦੁਖਾਂਤ ਨੂੰ ਮੁੱਖ ਰੱਖ ਕੇ ਲਿਖਿਆ ਗਿਆ ਉਸ ਦਾ ਸਭ ਤੋਂ ਵਧੀਆ ਨਾਵਲ ਹੈ। ਇੱਕ ਸੁੰਦਰ ਔਰਤ ਦੇ ਜੀਵਨ ਦੁਖਾਂਤ ਨੂੰ ਬੜੀ ਸ਼ਿੱਦਤ ਨਾਲ ਪੇਸ਼ ਕੀਤਾ ਗਿਆ ਹੈ। ਇਹ ਨਾਵਲ ਜਾਗੀਰਦਾਰੀ ਅਤੇ ਸਮਾਜਿਕ ਪ੍ਰਬੰਧ ਵਿਚ ਔਰਤ ਦੁਖਾਂਤ ਦੇ ਵਿਭਿੰਨ ਪਹਿਲੂ ਪਾਠਕਾਂ ਅੱਗੇ ਰੱਖਦਾ ਹੈ। ਜਾਗੀਰਦਾਰੀ ਕੀਮਤਾਂ ਅਨੁਸਾਰ ਔਰਤ ਦੀ ਸਥਿਤੀ ਇੱਕ ਵਸਤੂ ਤੋਂ ਵੱਧ ਕੇ ਕੁੱਝ ਨਹੀਂ ਹੈ। ਉਹ ਆਪਣੇ ਇਸ ਨਾਵਲ ਵਿਚ ਅਤੇ ਹੋਰ ਨਾਵਲਾਂ ‘ਚ ਵੀ ਪ੍ਰੇਮ, ਹੋਣੀ, ਸਮੇਂ ਨੂੰ ਮਨੁੱਖੀ ਜੀਵਨ ਦੇ ਨਾਲ ਨਾਲ ਚਲਦਾ ਦੇਖਦਾ ਹੈ। ਉਸ ਨੇ ਪ੍ਰੇਮੀ ਅਤੇ ਪ੍ਰੇਮਿਕਾਵਾਂ ਦੇ ਅੰਤਰ ਦਵੰਦ, ਵਫ਼ਾਦਾਰੀਆਂ, ਬੇਵਫ਼ਾਈਆਂ ਆਦਿ ਨੂੰ ਉਭਾਰਿਆ ਹੈ। ਉਹ ਪ੍ਰੇਮ ਨੂੰ ਬਹੁ ਕੋਣੀ ਰੂਪ ਵਿਚ ਪੇਸ਼ ਕਰਦਾ ਸੀ। ਇਹ ਉਸ ਦੀ ਇੱਕ ਜੁਗਤ ਸੀ। ਉਸ ਨੇ ਆਪਣੇ ਨਾਵਲਾਂ ਵਿਚ ਅਜਿਹੇ ਪਾਤਰ ਸਿਰਜੇ ਹਨ ਜਿਹੜੇ ਸ਼ਾਂਤ ਸੁਭਾਅ ਦੇ ਇਨਸਾਨ ਹਨ। ਪਰ ਨਾਇਕਾਵਾਂ ਤੇਜ਼ ਤਰਾਰ, ਨਖ਼ਰੇਬਾਜ਼, ਐਸ਼ਪ੍ਰਸਤੀ ਦੀਆਂ ਸ਼ੌਕੀਨ, ਖੁੱਲ ਡੀਲ ਡੌਲ਼ ਵਾਲੀਆਂ ਸੁੰਦਰਤਾ ਤੇ ਸੁਹੱਪਣ ਮੂਰਤਾਂ ਹਨ। ਅਸਲ ਵਿਚ ਹਾਰਡੀ ਔਰਤ ਮਨ ਦਾ ਡੂੰਘਾ ਚਿਤੇਰਾ ਹੈ। ਉਸ ਨੇ ਆਪਣੇ ਨਾਵਲਾਂ ਵਿਚ ਔਰਤ ਦੀ ਸੁੰਦਰਤਾ, ਨਖ਼ਰਾ ਮੂਰਖਤਾ ਅਤੇ ਬਹਾਦਰੀ ਨੂੰ ਉਭਾਰਿਆ ਹੈ।
ਠੀਕ ਇਸੇ ਤਰ੍ਹਾਂ ਹੀ ਜਦੋਂ ਅਸੀਂ ਰਾਮ ਸਰੂਪ ਅਣਖੀ ਦੇ ਨਾਵਲਾਂ ਦੀ ਗੱਲ ਕਰਦੇ ਹਾਂ ਤਾਂ ਸਾਨੂੰ ਇਸ ਗੱਲ ਦੀ ਜਾਣਕਾਰੀ ਮਿਲਦੀ ਹੈ ਕਿ ਸਾਡੇ ਕੋਲ ਵੀ ਹਾਰਡੀ ਵਰਗਾ ਇੱਕ ਗਲਪਕਾਰ ਹੈ। ਠਕੋਠੇ ਖੜਕ ਸਿੰਘੂ, ਠਪਰਤਾਪੀੂ, ਠਦੁੱਲੇ ਦੀ ਢਾਬੂ ਅਤੇ ਠਗੇਲੋੂ ਆਦਿ ਨਾਵਲਾਂ ਦਾ ਪਾਠ ਕਰਦਿਆਂ ਇਨ੍ਹਾਂ ਵਿਚਲੀ ਕਹਾਣੀ ਨੂੰ ਪੜ੍ਹਦਿਆਂ ਹਾਰਡੀ ਤੇ ਅਣਖੀ ਇੱਕੋ ਜਿਹੇ ਰਚਨਾਕਾਰ ਲੱਗਦੇ ਹਨ। ਕੋਠੇ ਖੜਕ ਸਿੰਘ ਦੀ ਹਰਨਾਮੀ ਜਾਂ ਦੁੱਲੇ ਦੀ ਢਾਬ ਦੀ ਸਰਦਾਰੋ ਜਾਂ ਗੇਲੋ ਨਾਵਲ ਦੀ ਗੇਲੋ ਕਿਸੇ ਪੱਖੋਂ ਟੈਸ ਤੋਂ ਘੱਟ ਨਹੀਂ। ਕਈ ਵਾਰ ਤਾਂ ਇਸ ਤਰ੍ਹਾਂ ਲੱਗਦਾ ਹੈ ਕਿ ਟੈਸ ਵੀ ਸਰਦਾਰੋ ਦੀ ਭੈਣ ਹੈ ਜਾਂ ਪਰਤਾਪੀ ਦੀ ਮਾਸੀ ਦੀ ਕੁੜੀ।
ਜਿਵੇਂ ਆਪਣੇ ਨਾਵਲਾਂ ਦਾ ਕੈਨਵਸ ਰਾਮ ਸਰੂਪ ਅਣਖੀ ਤਿਆਰ ਕਰਦਾ ਹੈ। ਮਾਲਵੇ ਦੇ ਪਿੰਡਾਂ ਨੂੰ, ਦ੍ਰਿਸ਼ਾਂ ਨੂੰ, ਡੇਰਿਆਂ ਨੂੰ ਕਹਿਣ ਦਾ ਭਾਵ ਮਲਵਈ ਦੇਸ਼ ਦੇ ਹਰ ਪਹਿਲੂ ਨੂੰ ਉਭਾਰਦਾ ਹੈ। ਉਸੇ ਤਰ੍ਹਾਂ ਹਾਰਡੀ ਵੀ ਆਪਣੇ ਨਾਵਲਾਂ ਵਿਚ ਅਜਿਹੇ ਦ੍ਰਿਸ਼ ਪੇਸ਼ ਕਰਦਾ ਹੈ। ਜਿਹੜੇ ਪਾਠਕ ਵਰਗ ਨੂੰ ਸਮੁੱਚੇ ਵਰਤਾਰੇ ਨਾਲ ਜੋੜਦਿਆਂ ਹਰ ਪੱਖ ਤੋਂ ਛੋਟੇ ਛੋਟੇ ਵੇਰਵਿਆਂ ਰਾਹੀ ਸਮਝਾਉਂਦਾ ਹੈ ਜਾਂ ਆਪਣੀ ਕਹਾਣੀ ਨੂੰ ਅੱਗੇ ਤੋਰਦਾ ਹੈ। ਰਾਮ ਸਰੂਪ ਅਣਖੀ ਵੀ ਨਿੱਕੇ ਨਿੱਕੇ ਵੇਰਵਿਆਂ ਰਾਹੀ ਕਹਾਣੀ ਦੇ ਨਾਲ ਨਾਲ ਅਜਿਹੇ ਹੋਰ ਦ੍ਰਿਸ਼ ਉਭਾਰਦਾ ਹੈ। ਜਿਹੜੇ ਪਾਠਕ ਵਰਗ ਨੂੰ ਨਾਲ ਤੋਰ ਲੈਂਦੇ ਹਨ। ਅਣਖੀ ਤੇ ਹਾਰਡੀ ਦੀਆਂ ਗਲਪੀ ਜੁਗਤਾਂ ਤੇ ਮੁਹੱਬਤ ਦਾ ਪੈਗ਼ਾਮ ਬਹੁਤ ਹੀ ਜ਼ਬਰਦਸਤ ਹੈ। ਜਿਵੇਂ ਨਾਵਲ ‘ਦੁੱਲੇ ਦੀ ਢਾਬ’ ਦਾ ਭਾਗ ਇਹਨਾਂ ਲਾਈਨਾਂ ਨਾਲ ਸ਼ੁਰੂ ਹੁੰਦਾ ਹੈ….ਸਰਦਾਰੋ ਦੂਜੇ ਦਿਨ ਵੀ ਨਾ ਮੁੜੀ। ਇੱਕ ਲਾਈਨ ਪੜ੍ਹਦੇ ਹੀ ਪਾਠਕ ਰਚਨਾਕਾਰ ਦੇ ਨਾਲ ਤੁਰ ਪੈਂਦਾ ਹੈ ਕਿ ਸਰਦਾਰੋ ਕਿੱਧਰ ਗਈ?
ਰਾਮ ਸਰੂਪ ਅਣਖੀ ਨੇ ਆਪਣੀ ਸਵੈ ਜੀਵਨੀ ਲਿਖਦਿਆਂ ਵੀ ਇਹ ਗੱਲ ਕਹੀ ਕਿ ਉਹ ਪਿੰਡਾਂ ਦੇ ਜੀਵਨ ਦੀ ਭਰਪੂਰ ਪੇਸ਼ਕਾਰੀ ਅਤੇ ਛੋਟੇ ਕਿਸਾਨ ਦੀ ਦਸ਼ਾ ਦਾ ਚਿਤਰਨ ਵੱਡੇ ਨਾਵਲ ਲਿਖ ਕੇ ਕਰਨਾ ਚਾਹੁੰਦਾ ਹੈ। ਪਰ ਐਨਾ ਵੱਡਾ ਨਾਵਲ ਲਿਖਣ ਦਾ ਕਦੇ ਹੌਸਲਾ ਨਾ ਪਿਆ। ਮਹਿੰਦਰਾ ਕਾਲਜ ਪਟਿਆਲਾ ਪੜ੍ਹਦਿਆਂ ਉਸ ਨੇ ਥਾਮਸ ਹਾਰਡੀ ਦੇ ਤਿੰਨ ਵੱਡੇ ਨਾਵਲ ‘ਮੇਅਰ ਆਫ਼ ਦਾ ਕਾਸਟਰਬ੍ਰਿਜ਼’, ‘ਫ਼ਾਰ ਫਰੋਮ ਦਾ ਮੈਡਿੰਗ ਕਰਾਊਡ’ ਅਤੇ ‘ਟੈਸ’ ਅੰਗਰੇਜ਼ੀ ਵਿਚ ਪੜ੍ਹੇ ਸਨ। ਉਹ ਹਾਰਡੀ ਵੱਲੋਂ ਐਨੇ ਵੱਡੇ ਆਕਾਰ ਦੇ ਨਾਵਲ ਲਿਖਣ ਦੇ ਢੰਗ ਤੇ ਬਹੁਤ ਹੈਰਾਨ ਹੁੰਦਾ। ਇੱਕ ਦਿਨ ਅਣਖੀ ਨੇ ਵੱਡਾ ਨਾਵਲ ਲਿਖਣ ਦਾ ਪੰਗਾ ਲੈ ਲਿਆ। ਕਹਾਣੀ ਵੀ ਸੋਚ ਲਈ। ਆਜ਼ਾਦੀ ਮਿਲਣ ਤੋਂ ਬਾਰਾਂ ਤੇਰਾਂ ਸਾਲਾਂ ਬਾਅਦ ਦੇ ਪੇਂਡੂ ਪੰਜਾਬ ਨੂੰ ਪੇਸ਼ ਕਰਨ ਤੋਂ ਲੈ ਕੇ ਇੰਦਰਾ ਗਾਂਧੀ ਦੇ ਕਤਲ ਤੱਕ ਕੁੱਝ ਪਾਤਰ ਆਪਣੇ ਪਿੰਡ ਦੇ ਲਏ। ਜਿਨ੍ਹਾਂ ਵਿਚੋਂ ਕੁੱਝ ਮਰ ਚੁੱਕੇ ਸਨ ਤੇ ਕੁੱਝ ਜਿਉਂਦੇ ਸਨ। ਮਾਲਵੇ ਦੇ ਪਿੰਡਾਂ ਨੂੰ ਨਾਲ ਤੋਰਦਿਆਂ ਆਖ਼ਰਕਾਰ ਅਣਖੀ ਨੇ ਭਾਈਰੂਪਾ ਦੇ ਨੇੜੇ ਇੱਕ ਕਲਪਿਤ ਪਿੰਡ ਵਸਾ ਦਿੱਤਾ ‘ਕੋਠੇ ਖੜਕ ਸਿੰਘ’। ਇਸ ਤੋਂ ਬਾਅਦ ਪਰਤਾਪੀ, ਦੁੱਲੇ ਦੀ ਢਾਬ, ਗੇਲੋ ਆਦਿ ਨਾਵਲਾਂ ਦਾ ਕੈਨਵਸ ਵੀ ਪਿੰਡਾਂ ਦੀਆਂ ਰੂਹਾਂ ਨੂੰ ਜਿਉਂਦਾ ਰੱਖਣ ’ਚ ਸਫ਼ਲ ਹੋਇਆ ਹੈ।

Send this to a friend