ਅੰਮ੍ਰਿਤਸਰ, 16 ਅਪ੍ਰੈਲ (ਪੀ.ਟੀ.ਬਿਊਰੋ)-ਬੀ.ਐੱਸ.ਐੱਫ. ਵੱਲੋਂ ਸਰਹੱਦੀ ਚੌਕੀ ਰਾਜਾਤਾਲ ਨੇੜੇ ਭਾਰਤ ਅੰਦਰ ਹੈਰੋਇਨ ਦੀ ਖੇਪ ਪਾਇਪ ਰਾਹੀਂ ਸੁੱਟਣ ਦੀ ਕੋਸ਼ਿਸ਼ ਕਰ ਰਹੇ ਇਕ ਪਾਕਿਸਤਾਨੀ ਤਸਕਰ ਨੂੰ ਮਾਰ ਮੁਕਾਇਆ ਅਤੇ ਉਸ ਪਾਸੋਂ 40 ਕਰੋੜ ਰੁਪਏ ਦੇ ਅੰਤਰਰਾਸ਼ਟਰੀ ਮੁੱਲ ਦੀ 8 ਕਿਲੋ ਹੈਰੋਇਨ, ਗੋਲੀ ਸਿੱਕਾ, ਮੋਬਾਇਲ ਆਦਿ ਬਰਾਮਦ ਕੀਤਾ। ਜਦੋਂ ਕਿ ਇੱਕ ਪਾਕਿਸਤਾਨੀ ਤਸਕਰ ਜ਼ਖ਼ਮੀ ਵੀ ਹੋ ਗਿਆ ਜਿਸ ਨੂੰ ਉਸ ਦੇ ਸਾਥੀ ਪਾਕਿਸਤਾਨ ਦੀ ਸਰਹੱਦ ਦੇ ਅੰਦਰ ਚੁੱਕ ਕੇ ਲੈ ਗਏ। ਇਸ ਖਿਲਾਫ ਬੀ. ਐਸ. ਐਫ. ਵੱਲੋਂ ਪਾਕਿਸਤਾਨ ਰੇਂਜਰਜ਼ ਨਾਲ ਫਲੈਗ ਮੀਟਿੰਗ ਕਰਕੇ ਇਤਰਾਜ਼ ਜਤਾਇਆ ਗਿਆ। ਘਟਨਾ ਵਾਲੀ ਥਾਂ ਦਾ ਦੌਰਾ ਕਰਨ ਪਹੁੰਚੇ ਬੀ. ਐਸ. ਐਫ. ਦੇ ਡੀ. ਆਈ. ਜੀ. ਐਮ. ਐਫ. ਫਾਰੂਕੀ ਅਤੇ ਕਮਾਡੈਂਟ ਓਮ ਪ੍ਰਕਾਸ਼ ਨੇ
ਦੱਸਿਆ ਕਿ ਬੀਤੀ ਰਾਤ ਇਕ ਵਜੇ ਬੀ. ਐਸ. ਐਫ. ਦੀ 163 ਵੀ ਬਟਾਲੀਅਨ ਦੇ ਜਵਾਨਾਂ ਨੇ ਕੰਡਿਆਲੀ ਤਾਰ ਤੋਂ ਪਾਰ ਪਾਕਿਸਤਾਨ ਵਾਲੇ ਪਾਸੇ ਤੋਂ 5 ਪਾਕਿਸਤਾਨੀ ਤਸਕਰਾਂ ਨੂੰ ਹਰਕਤ ਕਰਦਿਆਂ ਵੇਖਿਆ ਜਿੰਨ੍ਹਾਂ ਵਿੱਚੋਂ ਦੋ ਤਸਕਰ ਅੱਗੇ ਆਏ ਤੇ ਪਾਈਪ ਪਾ ਕੇ ਹੈਰੋਇਨ ਭਾਰਤ ਵਾਲੇ ਪਾਸੇ ਸੁੱਟਣ ਦੀ ਕੋਸ਼ਿਸ਼ ਕਰਨ ਲੱਗੇ। ਜਿਸ ‘ਤੇ ਬੀ. ਐਸ. ਐਫ. ਨੇ ਗੋਲੀ ਚਲਾਈ ਜਿਸ ਨਾਲ ਪਾਕਿਸਤਾਨੀ ਤਸਕਰ ਮੌਕੇ ‘ਤੇ ਢੇਰੀ ਹੋ ਗਿਆ ਜਦੋਂਕਿ ਬਾਕੀ ਤਸਕਰ ਫੱਟੜ ਹੋਏ ਆਪਣੇ ਦੂਸਰੇ ਸਾਥੀ ਨੂੰ ਲੈ ਕੇ ਵਾਪਸ ਪਾਕਿਸਤਾਨ ਵੱਲ ਭੱਜ ਗਏ। ਸਵੇਰੇ ਤਲਾਸ਼ੀ ਲੈਣ ‘ਤੇ ਘਟਨਾ ਵਾਲੀ ਥਾਂ ਤੋਂ 40 ਕਰੋੜ ਅੰਤਰਰਾਸ਼ਟਰੀ ਮੁੱਲ ਵਾਲੀ 8 ਕਿਲੋ ਹੈਰੋਇਨ, ਮੋਬਾਇਲ, ਸਿਗਰਟਾਂ ਦਾ ਪੈਕਟ ਤੇ ਮ੍ਰਿਤਕ ਤਸਕਰ ਦੀ ਜੇਬ ਵਿੱਚੋਂ 7 ਜਿੰਦਾ ਕਾਰਤੂਸ, ਟੌਫੀਆਂ ਮਿਲੀਆਂ ਜਦੋਂ ਕਿ ਖੇਤਾਂ ਵਿੱਚੋਂ ਇੱਕ ਪਿਸਤੌਲ ਦਾ ਮੈਗਜ਼ੀਨ ਤੇ ਲੋਡਿਡ 5 ਕਾਰਤੂਸ ਬਰਾਮਦ ਕੀਤੇ।



