ਹਾਲਤ ਗੰਭੀਰ ਹੋਣ ’ਤੇ ਡੀ.ਐਮ.ਸੀ. ਰੈਫ਼ਰ, ਟਿੱਪਰ ਸਮੇਤ ਚਾਲਕ ਫਰਾਰ
ਸਮਰਾਲਾ, 17 ਮਾਰਚ (ਪਰਮਿੰਦਰ ਕਾਕਾ)-ਸਵੇਰ ਮੌਕੇ ਇੱਥੋਂ ਦੇ ਮਾਛੀਵਾੜਾ ਰੋਡ ਉਪਰ ਓਵਰਲੋਡ ਟਿੱਪਰ ਵੱਲੋਂ ਐਕਟਿਵਾ ਸਵਾਰ ਦੋ ਅਧਿਆਪਕਾਂ ਨੂੰ ਸਿੱਧੀ ਟੱਕਰ ਮਾਰ ਕੇ ਉਨ੍ਹਾਂ ਨੂੰ ਗੰਭੀਰ ਰੂਪ ਵਿੱਚ ਜ਼ਖਮੀ ਕਰ ਦਿੱਤੇ ਜਾਣ ਦਾ ਪਤਾ ਚੱਲਿਆ ਹੈ। ਟਿੱਪਰ ਦਾ ਚਾਲਕ ਮੌਕੇ ਦਾ ਫ਼ਾਇਦਾ ਉਠਾਉਂਦੇ ਹੋਏ ਟਿੱਪਰ ਸਮੇਤ ਫਰਾਰ ਹੋ ਗਿਆ। ਜਾਣਕਾਰੀ ਅਨੁਸਾਰ ਕਿਰਨਜੀਤ ਕੌਰ ਪੁੱਤਰੀ ਗੁਰਮੁਖ ਸਿੰਘ ਵਾਸੀ ਸਮਰਾਲਾ ਅਤੇ ਰਣਜੀਤ ਕੌਰ ਪੁੱਤਰੀ ਕੁਲਦੀਪ ਸਿੰਘ ਵਾਸੀ ਮਾਦਪੁਰ ਜੋ ਕਿ ਨਿੱਜੀ ਸਕੂਲਾਂ ਵਿੱਚ ਵਿੱਦਿਅਕ ਸੇਵਾਵਾਂ ਪ੍ਰਦਾਨ ਕਰ ਰਹੀਆਂ ਹਨ। ਇਹ ਦੋਵੇਂ ਜਦੋਂ ਆਪਣੀ ਐਕਟਿਵਾ ’ਤੇ ਸਵਾਰ ਹੋ ਕੇ ਮਾਛੀਵਾੜਾ ਵੱਲ੍ਹ ਜਾ ਰਹੀਆਂ ਸਨ ਤਾਂ ਬਾਲਿਉਂ ਨੇੜੇ ਨੀਲਕੰਠ ਢਾਬੇ ਦੇ ਲਾਗੇ ਪਹੁੰਚਣ ’ਤੇ ਸਾਹਮਣਿਓਂ ਆ ਰਹੇ ਇੱਕ ਰੇਤੇ ਦੇ ਭਰੇ ਓਵਰਲੋਡ ਟਿੱਪਰ ਨੇ ਉਨ੍ਹਾਂ ਨੂੰ ਸਾਹਮਣੀ ਟੱਕਰ ਮਾਰ ਦਿੱਤੀ। ਇਸ ਹਾਦਸੇ ਵਿੱਚ ਦੋਵੇਂ ਲੜਕੀਆਂ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਈਆਂ, ਜਿਨ੍ਹਾਂ ਨੂੰ ਜ਼ਖਮੀ ਹਾਲਤ ਵਿੱਚ ਸਿਵਲ ਹਸਪਤਾਲ ਸਮਰਾਲਾ ਵਿਖੇ ਲਿਆਂਦਾ ਗਿਆ। ਇੱਥੋਂ ਡਾਕਟਰਾਂ ਵੱਲੋਂ ਉਨ੍ਹਾਂ ਨੂੰ ਮੁੱਢਲੀ ਸਹਾਇਤਾ ਦੇਣ ਉਪਰੰਤ ਡੀ.ਐਮ.ਸੀ. ਲੁਧਿਆਣਾ ਰੈਫ਼ਰ ਕਰ ਦਿੱਤਾ ਗਿਆ। ਮਾਮਲੇ ਦੀ ਜਾਂਚ ਕਰ ਰਹੇ ਪੁਲਸ ਅਧਿਕਾਰੀ ਬਲਜਿੰਦਰ ਸਿੰਘ ਨੇ ਦੱਸਿਆ ਕਿ ਅੱਜ ਉਹ ਦੋਵਾਂ ਲੜਕੀਆਂ ਦੇ ਬਿਆਨ ਲੈਣ ਲਈ ਡੀ.ਐਮ.ਸੀ. ਗਏ ਸਨ, ਜਿੱਥੇ ਡਾਕਟਰਾਂ ਵੱਲੋਂ ਅਣਫਿੱਟ ਕਰਾਰ ਦੇ ਦਿੱਤੇ ਜਾਣ ਕਾਰਨ ਬਿਆਨ ਨਹੀਂ ਹੋ ਸਕੇ। ਉਨ੍ਹਾਂ ਦੱਸਿਆ ਕਿ ਮੌਕੇ ’ਤੇ ਲੋਕਾਂ ਵੱਲੋਂ ਖਿੱਚੀਆਂ ਫੋਟੋਆਂ ਮੁਤਾਬਕ ਹਾਦਸੇ ਦੇ ਜ਼ਿੰਮੇਵਾਰ ਟਿੱਪਰ ਅਤੇ ਉਸਦੇ ਮਾਲਕ ਨੂੰ ਪੁਲਸ ਵੱਲੋਂ ਟਰੇਸ ਕਰ ਲਿਆ ਗਿਆ ਹੈ ਅਤੇ ਬਿਆਨ ਹੋਣ ਦੇ ਨਾਲ ਹੀ ਅਗਲੀ ਕਾਰਵਾਈ ਕਰ ਦਿੱਤੀ ਜਾਵੇਗੀ।