ਮਿੰਟੂ ਗੁਰੂਸਰੀਆ
ਵਜਿਸ ਕਲਮਬਾਜ਼ ਦੀ ਕਲਮ ਨੂੰ ਨੋਟ ਖਾਣ ਦੀ ਲੱਤ ਲੱਗ ਜਾਵੇ ਉਹ ਕੂੜ ਦਾ ਵਪਾਰੀ ਬਣ ਜਾਂਦਾ ਹੈ ਤੇ ਜਿਸ ਕਲਾਕਾਰ ਦੀ ਕਲਾ ਹਾਕਮਾਂ ਦੇ ਦਰਬਾਰ ’ਚ ਮੁਜ਼ਰਾ ਕਰਨ ਲੱਗ ਪਵੇ ਓਹ ਜ਼ਮੀਰ ਪੱਖੋਂ ਫੇਰ ਆਹਰੀ ਬਣ ਜਾਂਦਾ ਹੈ। ਰਾਜਵੜਸ਼ਾਹੀਆਂ ਵਿਚ ਰਾਜਿਆਂ ਨੇ ਆਪਣੇ ਦਰਬਾਰ ’ਚ ਕਲਾਕਾਰ ਰੱਖੇ ਹੁੰਦੇ ਸਨ, ਜੋ ਆਪਣੀ ਆਤਮਾ ਦੇ ਗਲ ਸੋਨੇ ਦੀਆਂ ਮੋਹਰਾਂ ਦਾ ’ਗੂੰਠਾ ਦੇ ਕੇ ਰਾਜਿਆਂ ਦੀ ਸ਼ਾਨ ’ਚ ਝੂਠੀ ਉਸਤਦ ਗਾਇਣ ਕਰਿਆ ਕਰਦੇ ਸਨ। ਰਾਜੇ ਤਾਂ ਬੇਸ਼ੱਕ ਨਹੀਂ ਰਹੇ ਪਰ ਅਜਿਹੇ ਫ਼ਨਕਾਰ ਅੱਜ ਵੀ ਮੌਜੂਦ ਹਨ, ਜੋ ਕਲਾ ਤੇ ਜ਼ਮੀਰ ਨੂੰ ਗਿਰਵੀ ਰੱਖ ਕੇ ਲੋਕ-ਪੱਖੀ ਹੋਂਣ ਦੀ ਥਾਂਵੇਂ ਨੋਟ-ਪੱਖੀ ਹੋ ਕੇ ਆਪਣੇ ਸਿਆਸੀ ਆਕਿਆਂ ਨੂੰ ਬਾਗੋਬਾਗ ਕਰਦੇ ਹਨ। ਇਸ ਦਾ ਸਬੂਤ ਨੇ ਪੰਜਾਬੀ ਸੰਗੀਤ ਦੇ ਉਹ ਕੁਝ ਸਟਾਰ ਕਲਾਕਾਰ, ਜਿੰਨ੍ਹਾਂ ਨੇ ਪੰਜਾਬ ਸਰਕਾਰ ਦੇ ‘ਕਾਗਜ਼ੀ’ ਵਿਕਾਸ ਦੀਆਂ ਹੇਕਾਂ ਲਾਉਂਦਿਆਂ ਹਰ ਪਾਸਿਓਂ ਨਾਮੋਸ਼ੀ ਖੱਟ ਲਈ। ਹਰਭਜਨ ਮਾਨ, ਜੈਜ਼ੀ ਬੀ, ਗਿੱਪੀ ਗਰੇਵਾਲ, ਦਿਲਜੀਤ, ਸਤਿੰਦਰ ਸੱਤੀ, ਮਿਸ ਪੂਜਾ ਆਦਿ ਵੱਲੋਂ ਇਕ ਸਰਕਾਰ ਪੱਖੀ ਚੈਨਲ ’ਤੇ ਪ੍ਰਸਾਰਿਤ ਹੋ ਰਹੇ ਇਸ਼ਤਿਹਾਰਾਂ ’ਚ ਜਿਸ ਪੰਜਾਬ ਨੂੰ ਵਿਕਾਸ ਦਾ ਮਾਡਲ ਦਰਸਾਇਆ ਜਾ ਰਿਹਾ ਹੈ, ਲੋਕ ਇਸ ‘ਪਿਲਪਿਲੇ ਝੂਠ’ ਨੂੰ ਪਚਾ ਨਹੀਂ ਸਕੇ। ਲਿਹਾਜ਼ਾ ਲੋਕਾਂ ਨੇ ਸਰਕਾਰ ਦੇ ਭਜਨ ਗਾਉਂਣ ਵਾਲੇ ਕਲਾਕਾਰਾਂ ਨੂੰ ਵੰਗਾਰ ਲਿਆ ਕਿ ਜਾਂ ਤਾਂ ਸਾਨੂੰ ਉਹ ਪੰਜਾਬ ਦਿਖਾਉ, ਜਿੱਥੇ ਆਲੀਸ਼ਾਨ ਸਟੇਡੀਅਮ ਬਣੇ ਹਨ, ਜਿੱਥੇ ਸੁਵਿਧਾ ਕੇਂਦਰਾਂ ’ਚ ਬਿਨਾਂ ਰਿਸ਼ਵਤ ਤੇ ਬਿਨਾਂ ਖੁਆਰੀ ਬਾਬੂ ਕੰਮ ਕਰਦੇ ਹਨ, ਜਿੱਥੇ ਹਸਪਤਾਲਾਂ ’ਚ ਮਰੀਜ਼ਾਂ ਦੇ ਕਰਾਹੁਣ ਦਾ ਨਹੀਂ ਮੁਸਕਰਾਉਂਣ ਦਾ ਹਾਸਾ ਸੁਣਦਾ ਹੈ ਤੇ ਜਾਂ ਫਿਰ ਸਾਡਾ ਹਰਖ਼ ਝੱਲਣ ਲਈ ਤਿਆਰ ਹੋ ਜਾਉ। ਸੋਸ਼ਲ ਸਾਈਸਟ ’ਤੇ ਵਿੱਢੇ ਗਏ ਸੰਘਰਸ਼ ’ਚ ਕੁਝ ਨੌਜਵਾਨਾਂ ਨੇ ਲਹਿਰ ਚਲਾ ਕੇ ਇਨ੍ਹਾਂ ਕਲਾਕਾਰਾਂ ਦੇ ਬਾਈਕਾਟ ਦਾ ਸੱਦਾ ਦਿੱਤਾ। ਇਸ ਲਹਿਰ ਦਾ ਪਹਿਲਾ ਸ਼ਿਕਾਰ ਬਣਿਆ ਦਿਲਜੀਤ, ਜਿਸ ਦੀ ਫਿਲਮ ਡਿਸਕੋ ਸਿੰਘ ਭਰਪੂਰ ਦਰਸ਼ਕਾਂ ਦੀ ਉਡੀਕ ’ਚ ਥਿਏਟਰਾਂ ਅੰਦਰ ’ਕੱਲ੍ਹੀ ਹੀ ਡਿਸਕੋ ਕਰਦੀ ਰਹੀ।
ਲੈਂਣੇ ਦੇ ਦੇਣੇ ਇਸੇ ਨੂੰ ਤਾਂ ਕਹਿੰਦੇ ਨੇ, ਸਰਕਾਰ ਦੇ ਸੋਹਲੇ ਗਾ ਕੇ ਸਰਕਾਰ ਪੱਖੀ ਚੈਨਲ ’ਤੇ ਚਮਕਣ ਦੀ ਖੁਆਇਸ਼ ਪਾਅਲੀ ਕਲਾਕਾਰਾਂ ਦੀ ਆਪਣੀ ਕਲਾ ਦੀ ਦੁਕਾਨ ਨੂੰ ਹੀ ਖ਼ਤਰਾ ਹੋ ਗਿਆ। ਲੋਕ ਰੋਹ ਨੇ ਕੰਨ ਖੜ੍ਹੇ ਕਰਤੇ ਇਨ੍ਹਾਂ ਕਲਾਕਾਰਾਂ ਦੇ। ਇਸ ਤੋਂ ਪਾਰ ਪਾਉਂਣ ਲਈ ਕਲਾਕਾਰਾਂ ਨੇ ਹੁਣ ਸਫਾਈਆਂ-ਮੁਆਫੀਆਂ ਦਾ ਸਹਾਰਾ ਲੈਂਣਾ ਸ਼ੁਰੂ ਕਰ ਦਿੱਤੈ। ਹਰਭਜਨ ਮਾਨ ਅਪਣੀ ਸਫਾਈ ’ਚ ਕਹਿ ਰਿਹੈ ਕਿ ਇਹ ਐਡ 2012 ਲਈ ਸ਼ੂਟ ਕੀਤੀ ਗਈ ਸੀ, ਜਦਕਿ ਉਹ ਬਾਅਦ ’ਚ ਚੇਅਰਮੈਨੀ ਛੱਡ ਕੇ ਸਿਆਸਤ ਤੋਂ ਕਿਨਾਰਾਕਸ਼ੀ ਕਰ ਚੁੱਕਾ ਹੈ।
ਹਰਭਜਨ ਮਾਨ ਨੂੰ ਕੋਈ ਪੁੱਛੇ ਕਿ 2012 ’ਚ ਪੰਜਾਬ ਕਿਹੜਾ ਨਿਊਯਾਰਕ ਤੋਂ ਅੱਗੇ ਸੀ, ਹਾਲ ਉਦੋਂ ਵੀ ਬਦਤਰ ਸੀ ਤੇ ਅੱਜ ਵੀ ਹੈ। ਨਾਲੇ, ਜੇ ਚੈਨਲ 2012 ਦੀ ਐਡ ਨੂੰ 2014 ’ਚ ਬਿਨਾਂ ਇਜਾਜ਼ਤ ਤੋਂ ਦਿਖਾ ਰਿਹਾ ਹੈ ਤਾਂ ਮਾਨ ਸਾਬ੍ਹ ਚੈਨਲ ਨੂੰ ਨੋਟਿਸ ਕਿਉਂ ਨਹੀਂ ਭੇਜਦੇ? ਇਸੇ ਤਰ੍ਹਾਂ ਗਿੱਪੀ ਗਰੇਵਾਲ ਤੇ ਦਿਲਜੀਤ ਨੇ ਅਫ਼ਸੋਸ ਜਿਤਾਉਂਦਿਆਂ ਕਿਹਾ ਹੈ ਕਿ ਉਹ ਕਿਸੇ ਪਾਰਟੀ ਨਾਲ ਨਹੀਂ ਜੁੜੇ ਹੋਏ, ਤੁਸੀਂ ਜਿੱਥੇ ਮਰਜ਼ੀ ਵੋਟਾ ਪਾਉ। ਦਿਲਜੀਤ ਨੇ ਤਾਂ ਇਹ ਸਫਾਈ ਵੀ ਦਿੱਤੀ ਕਿ ਪੰਜਾਬ ਪੁਲਸ ਦੇ ਏ ਡੀ ਜੀ ਪੀ ਨੇ ਉਸ ਨੂੰ ਲੋਕ-ਸਹੂਲਤ ਲਈ ਖੋਲ੍ਹੇ ਜਾ ਰਹੇ ਸਾਂਝ ਕੇਂਦਰਾਂ ਦੀ ਐਡ ਕਰਨ ਲਈ ਸੱਦਿਆ ਸੀ ਤੇ ਲੋਕ ਭਲਾਈ ਕੰਮ ਸਮਝਦਿਆਂ ਉਸ ਨੇ ਇਸ ਦੇ ਪੈਸੇ ਵੀ ਨਹੀਂ ਲਏ।
ਦਿਲਜੀਤ ਨੂੰ ਹੁਣ ਈ ਚੇਤਾ ਕਿਉਂ ਆਇਆ ਕਿ ਇਹ ਐਡ ਤਾਂ ਉਸ ਨੇ ਲੋਕ ਭਲਾਈ ਲਈ ਕੀਤੀ ਸੀ ਜਦਕਿ ਇਸ ਦੀ ਵਰਤੋਂ ਅਕਾਲੀ ਦਲ ਦੇ ਪ੍ਰਚਾਰ ਲਈ ਮਹੀਨੇ ਤੋਂ ਵੀ ਵੱਧ ਸਮੇਂ ਤੋਂ ਹੋ ਰਹੀ ਹੈ? ਇਹ ਸਫ਼ਾਈਆਂ ‘ਮਿੱਠੇ ਪੋਚੇ’ ਹਨ, ਜਦਕਿ ਸੱਚ ਇਹ ਹੈ ਕਿ ਕਲਾਕਾਰ ਹੁਣ ਵੀ ਦੋਹਰੀ ਖੇਡ, ਖੇਡ ਰਹੇ ਹਨ। ਇਕ ਪਾਸੇ ਉਹ ਲੋਕਾਂ ਨੂੰ ਸਫ਼ਾਈਆਂ ਦੇ ਕੇ ਆਪਣੀਆਂ ਫਿਲਮਾਂ ਵੀ ਵੱਟਕ ਚੜ੍ਹਦੀ ਕਲਾ ’ਚ ਰੱਖਣਾ ਚਾਹੁੰਦੇ ਨੇ ਤੇ ਦੂਜੇ ਪਾਸੇ ਆਪਣੇ ਇਸ਼ਿਤਿਹਾਰ ਪੀ ਟੀ ਸੀ ਚੈਨਲ ’ਤੇ ਚਲਾ ਕੇ ਸਰਕਾਰ ਦਾ ਰਾਂਝਾ ਵੀ ਰਾਜ਼ੀ ਰੱਖਣ ਦੀ ਫ਼ਿਰਾਕ ’ਚ ਹਨ।
ਜੇ ਇੰਝ ਨਾ ਹੁੰਦਾ ਤਾਂ ਉਕਤ ਕਲਾਕਾਰ ਬਕਾਇਤਾ ਪੱਤਰਕਾਰ ਵਾਰਤਾ ਕਰਕੇ ਸਫ਼ਾਈ ਦਿੰਦੇ ਬਜਾਇ ਆਪਣੇ ਫੇਸਬੁੱਕ ਪੇਜ਼ਸ ’ਤੇ ਦੇਂਣ ਦੇ। ਦਰਅਸਲ ਮਾਨ, ਦਿਲਜੀਤ ਅਤੇ ਗਿੱਪੀ ਤਿੰਨਾਂ ਨੂੰ ਹੀ ਆਪਣੀਆਂ ਆਉਂਣ ਵਾਲੀਆਂ ਫਿਲਮਾਂ ਦਾ ਡਰ ਸਤਾ ਰਿਹਾ ਹੈ, ਕਿਉਂਕਿ ਫੇਸਬੁੱਕ ’ਤੇ ਹੀ ਇਨ੍ਹਾਂ ਖਿਲਾਫ਼ ਪ੍ਰਚਾਰ ਹੋ ਰਿਹਾ ਸੀ। ਲਿਹਾਜ਼ਾ, ਇਨ੍ਹਾਂ ਨੇ ਇੱਥੇ ਹੀ ਲੋਕਾਂ ਦੇ ਹੰਝੂ ਪੂੰਝਣ ਦਾ ਤਹੱਈਆ ਕੀਤਾ। ਪਰ ਜੋ ਵੀ ਹੈ ਇਕ ਗੱਲ ਪੱਕੀ ਹੈ ਕਿ ਇਹ ਕਲਾਕਾਰ ਲੋਕ-ਰੋਹ ਤੋਂ ਘਬਰਾ ਗਏ, ਕਿਉਂਕਿ ਇਨ੍ਹਾਂ ਨੇ 21ਵੀਂ ਸਦੀ ਦੀ ਮਾਡਰਨ ਪੀੜੀ ਨੂੰ ਪੰਜਾਬ ਦੀ ਬਦਹਾਲੀ ਨੂੰ ਖੁਸ਼ਹਾਲੀ ਦਰਸਾ ਕੇ ‘ਭੋਂਦੂ’ ਬਨਾਉਂਣ ਦੀ ਕੋਸ਼ਿਸ਼ ਕੀਤੀ ਸੀ।
ਨਤੀਜਾ ਸਭ ਦੇ ਸਾਹਮਣੇ ਹੈ। ਪਤਾ ਨਹੀਂ ਕਿਉਂ ਇਹ ਕਲਾਕਾਰ ਇਸ ਸੱਚਾਈ ਤੋਂ ਮੂੰਹ ਮੋੜ ਰਹੇ ਹਨ ਕਿ ਅੱਠਵੇਂ ਦਹਾਕੇ ਦੀ ਸ਼ੁਰੂਆਤ ਤੋਂ ਬਾਅਦ ਪੰਜਾਬ ਕਦੇ ਹੱਸਿਆ ਹੀ ਨਹੀਂ। ਕਿਸਾਨ ਦੇ ਗੱਲ ਰੱਸਾ ਹੈ, ਉਦਯੋਗਪਤੀ ਪੰਜਾਬ ਛੱਡ ਕੇ ਪਹਾੜਾਂ ਨੂੰ ਚੜ੍ਹ ਗਏ ਹਨ, ਨਸ਼ੇੜੀ ਜਵਾਨੀ ਨਾਲੀਆ ’ਚ ਪਈ ਹੈ, ਧੀ ਨੂੰ ਕੁੱਤੇ ਨੋਚ ਰਹੇ ਹਨ ਕੀ ਇਹ ਵਿਕਾਸ ਹੈ? ਹਾਂ, ਇਕ ਗੱਲੋਂ ਵਿਕਾਸ ਜ਼ਰੂਰ ਹੋਇਆ ਹੈ ਕਿ ਹੁਣ ਕੁੜੀਆਂ ਵੀ ਡਾਕੇ ਮਾਰ ਰਹੀਆਂ ਹਨ, ਸਮੈਕ ਦੇ ਸੂਟੇ ਖਿੱਚ ਰਹੀਆਂ ਨੇ।
ਕਲਾਕਾਰਾਂ ਨੇ ਪੰਜਾਬ ਦੇ ਦੁਖਾਂਤ ਨੂੰ ਕਲਾ ਰਾਹੀਂ ਬੋਲ੍ਹੇ ਕੰਨਾਂ ਤੱਕ ਪਹੁੰਚਾਉਂਣ ਦੀ ਥਾਂ ਉਲਟਾ ਆਪਣੇ ਚਹੇਤਿਆਂ ਦੇ ਪਿਆਰ ਨੂੰ ਹੀ ਸਿਆਸਤ ਹੱਥ ਵੇਚ ਦਿੱਤਾ। ਜਾਗ ਰਹੇ ਪੰਜਾਬੀਆਂ ਨੇ ਜੇ ਰੋਹ ਦਾ ਘਸੁੰਨ ਗੇਰਿਆ ਤਾਂ ਹੁਣ ਇਹ ਸਫਾਈਆਂ ’ਤੇ ਉਤਰ ਆਏ। ਪਰ ਹਾਲੇ ਵੀ ਇਸ ਗੱਲ ’ਚ ਸ਼ੱਕ ਹੈ ਕਿ ਇਨ੍ਹਾਂ ਨੇ ਦਿਲਾਂ ’ਚ ਪੰਜਾਬ ਲਈ ਹੇਜ਼ ਪੈਦਾ ਕੀਤਾ ਹੈ ਬਲਕਿ ਇਹ ਤਾਂ ਆਪਣੀ ਦੁਕਾਨਦਾਰੀ ਲਈ ਫਿਕਰਮੰਦ ਹੋ ਕੇ ਮੁਆਫੀਆਂ ਮੰਗ ਰਹੇ ਹਨ। ‘ਰੋਂਦੀ ਯਾਰਾਂ ਨੂੰ ਨਾਂਅ ਭਾਈਆਂ ਦਾ ਲੈ ਕੇ’।



