ਹੋਲੇ ਮਹੱਲੇ ਮੌਕੇ ਸੜਕ ਦੀ ਰਿਪੇਅਰ ਨਾ ਹੋਣਾ ਸੂਬਾ ਸਰਕਾਰ ਦੀ ਇਤਹਾਸਕ ਗਲਤੀ : ਪ੍ਰੌਫ. ਚੰਦੂਮਾਜਰਾ

ਸ੍ਰੀ ਅਨੰਦਪੁਰ ਸਾਹਿਬ, 14 ਮਾਰਚ (ਦਵਿੰਦਰਪਾਲ ਸਿੰਘ, ਅੰਕੁਸ਼)- ਹਰ ਸਾਲ ਮਨਾਏ ਜਾਣ ਵਾਲੇ ਹੋਲੇ ਮਹੱਲੇ ਦੇ ਪਾਵਨ ਤਿਉਹਾਰ ਮੌਕੇ ਸ਼੍ਰੀ ਅਨੰਦਪੁਰ ਸਾਹਿਬ-ਗੜ੍ਹਸ਼ੰਕਰ ਦੀ ਰਿਪੇਅਰ ਦਾ ਕੰਮ ਜੰਗੀ ਪੱਧਰ ਤੇ ਹੁੰਦਾ ਹੈ ਪਰ ਇਹ ਅੱਤ ਅਫਸੋਸ ਦੀ ਗੱਲ ਹੈ ਕਿ ਕਾਂਗਰਸ ਦੀ ਸਰਕਾਰ ਸਮੇ ਇਸ ਸੜਕ ਦੀ ਰਿਪੇਅਰ ਦਾ ਕੰਮ ਨਹੀ ਹੋ ਸਕਿਆ ਜੋ ਇਤਹਾਸਕ ਗਲਤੀ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਹਲਕੇ ਦੇ ਮੈਂਬਰ ਪਾਰਲੀਮੈਂਟ ਪ੍ਰੋ:ਪ੍ਰੇਮ ਸਿੰਘ ਚੰਦੂਮਾਜਰਾ ਨੇ ਕੀਤਾ। ਅੱਜ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਅਕਾਲੀ-ਭਾਜਪਾ ਅਹੁਦੇਦਾਰਾਂ ਦੀ ਮੀਟਿੰਗ ਉਪਰੰਤ ਪੱਤਰਕਾਰਾਂ ਨਾਲ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਲੋਕ ਆਪ ਇਸ ਸੜਕ ਦੇ ਖੱਡੇ ਭਰ ਰਹੇ ਹਨ ਜਦੋਂ ਕਿ ਅਸੀਂ ਇਸ ਸੜਕ ਨੂੰ ਨੇੈਸ਼ਨਲ ਹਾਈਵੇ ਐਲਾਨ ਕਰਵਾ ਦਿਤਾ ਹੈ ਤੇ ਉਸ ਲਈ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਨੇ ਫੰਡ ਵੀ ਭੇਜ ਦਿਤੇ ਹਨ। ਚੰਦੂਮਾਜਰਾ ਨੇ ਕਿਹਾ ਕਿ ਇਸ ਸੜਕ ਬਾਰੇ ਸਿੰਘ ਸਾਹਿਬਾਨ, ਲੋਕਾਂ ਦੀਆਂ ਅਪੀਲਾਂ, ਧਰਨੇ ਵੀ ਇਸ ਸਰਕਾਰ ਨੂੰ ਦਿਖਾਈ ਨਹੀਂ ਦਿਤੇ ਤੇ ਇਸ ਸੜਕ ਦਾ ਕੰਮ ਨਹੀ ਕਰਵਾਇਆ ਗਿਆ। ਹੁਣ ਲੋਕ ਖੁਦ ਹੀ ਖੱਡੇ ਭਰਨ ਲਈ ਮਜ਼ਬੂਰ ਹੋ ਰਹੇ ਹਨ ਤਾਂ ਕਿ ਸੰਗਤਾਂ ਨੂੰ ਔੋਖਿਆਈ ਪੇਸ਼ ਨਾ ਆਵੇ। ਉਨ੍ਹਾਂ ਮੋਦੀ ਸਰਕਾਰ ਦੇ ਗੁਣ ਗਾਉਂਦਿਆਂ ਕਿਹਾ ਕਿ ਕਾਂਗਰਸ ਸਰਕਾਰ ਨੇ ਜੋ 55 ਸਾਲ ਵਿਚ ਨਹੀਂ ਕੀਤਾ ਉਹ ਮੋਦੀ ਸਰਕਾਰ ਨੇ 5 ਸਾਲਾਂ ਵਿਚ ਕਰ ਵਿਖਾਇਆ। ਜੀਐਸਟੀ ਬਾਰੇ ਰਾਹੁਲ ਗਾਂਧੀ ਦੇ ਬਿਆਨ ‘ਤੇ ਚੰਦੂਮਾਜਰਾ ਨੇ ਕਿਹਾ ਕਿ ਰਾਹੁਲ ਗਾਂਧੀ ਸਿਆਸਤ ਵਿਚ ਅਨਾੜੀ ਹਨ ਤੇ ਉਹ ਇਸ ਸਬੰਧੀ ਜਾਣਕਾਰੀ ਨਹੀ ਰੱਖਦੇ। ਇਸ ਮੌਕੇ ਭਾਜਪਾ ਦੇ ਜਿਲ੍ਹਾ ਪ੍ਰਧਾਨ ਜਤਿੰਦਰ ਸਿੰਘ ਅਠਵਾਲ, ਭਾਈ ਅਮਰਜੀਤ ਸਿੰਘ ਚਾਵਲਾ, ਡਾ:ਪਰਮਿੰਦਰ ਸ਼ਰਮਾ, ਕੇ ਕੇ ਬੇਦੀ, ਸੁਰਿੰਦਰ ਸਿੰਘ ਮਟੌਰ, ਹਰਜੀਤ ਸਿੰਘ ਅਚਿੰਤ ਆਦਿ ਹਾਜ਼ਰ ਸਨ।

Send this to a friend